ਇਸ਼ਾਂਤ ਨੇ ਪਾਸ ਕੀਤਾ ਫਿੱਟਨੈਸ ਟੈਸਟ, ਜਾਣਗੇ ਨਿਊਜ਼ੀਲੈਂਡ

02/16/2020 10:41:48 AM

ਸਪੋਰਟਸ ਡੈਸਕ— ਵਨ-ਡੇ ਸੀਰੀਜ਼ ਹਾਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਹੁਣ ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ਦੀ ਤਿਆਰੀ ਕਰ ਰਹੀ ਹੈ। ਇਸ ਦੌਰਾਨ ਵਿਰਾਟ ਐਂਡ ਕੰਪਨੀ ਨੂੰ ਇੱਕ ਵੱਡੀ ਖੁਸ਼ਖਬਰੀ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਫਿੱਟ ਐਲਾਨਿਆ ਗਿਆ ਹੈ ਅਤੇ ਉਹ 21 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਰਵਾਨਾ ਹੋਣ ਵਾਲੇ ਹਨ। ਸ਼ਨੀਵਾਰ ਨੂੰ ਬੈਂਗਲੁਰੂ ਦੀ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਇਸ਼ਾਂਤ ਸ਼ਰਮਾ ਦਾ ਫਿੱਟਨੈਸ ਟੈਸਟ ਹੋਇਆ, ਜਿਸ 'ਚ ਉਹ ਪਾਸ ਹੋ ਗਏ ਹਨ। ਦੱਸ ਦਈਏ ਕਿ ਇਸ਼ਾਂਤ ਸ਼ਰਮਾ ਨੂੰ ਵਿਦਰਭ ਵਿਰੁੱਧ ਰਣਜੀ ਟਰਾਫੀ ਮੈਚ 'ਚ ਸੱਟ ਲੱਗੀ ਸੀ। ਐਮਆਰਆਈ ਸਕੈਨ 'ਚ ਉਨ੍ਹਾਂ ਦੀ ਸੱਟ ਗੰਭੀਰ ਨਜ਼ਰ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਊਜ਼ੀਲੈਂਡ ਦੌਰੇ ਲਈ ਅਨਫਿੱਟ ਐਲਾਨ ਦਿੱਤਾ ਗਿਆ ਸੀ। ਇਸ਼ਾਂਤ ਸ਼ਰਮਾ ਬਹੁਤ ਤੇਜ਼ੀ ਨਾਲ ਠੀਕ ਹੋਏ ਅਤੇ ਉਨ੍ਹਾਂ ਨੇ ਆਸਾਨੀ ਨਾਲ ਫਿਟਨੈਸ ਟੈਸਟ ਪਾਸ ਕਰ ਲਿਆ ਹੈ।
PunjabKesari
ਦੱਸ ਦੇਈਏ ਕਿ ਇਸ਼ਾਂਤ ਸ਼ਰਮਾ ਦੀ ਥਾਂ ਨਵਦੀਪ ਸੈਣੀ ਨੂੰ ਨਿਊਜ਼ੀਲੈਂਡ ਟੈਸਟ ਸੀਰੀਜ਼ ਲਈ ਚੁਣਿਆ ਗਿਆ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਇਹ ਤੇਜ਼ ਗੇਂਦਬਾਜ਼ ਆਪਣਾ ਟੈਸਟ ਡੈਬਿਊ ਕਰ ਸਕਦਾ ਹੈ ਪਰ ਇਸ਼ਾਂਤ ਦੇ ਫਿਟ ਹੋਣ ਤੋਂ ਬਾਅਦ ਉਸ ਦਾ ਟੈਸਟ ਡੈਬਿਊ ਟਾਲਿਆ ਜਾ ਸਕਦਾ ਹੈ। ਹਾਲਾਂਕਿ ਨਵਦੀਪ ਸੈਣੀ ਨੇ ਨਿਊਜ਼ੀਲੈਂਡ ਦੀ ਪਿੱਚ 'ਤੇ ਚੰਗੀ ਗੇਂਦਬਾਜ਼ੀ ਕੀਤੀ ਹੈ ਪਰ ਇਸ਼ਾਂਤ ਸ਼ਰਮਾ ਦਾ ਤਜ਼ਰਬਾ ਉਨ੍ਹਾਂ 'ਤੇ ਭਾਰੀ ਪੈ ਸਕਦਾ ਹੈ। ਇਸ਼ਾਂਤ ਸ਼ਰਮਾ ਕੋਲ 96 ਟੈਸਟ ਮੈਚਾਂ ਦਾ ਤਜ਼ਰਬਾ ਹੈ, ਜਿਸ 'ਚ ਉਨ੍ਹਾਂ ਨੇ 292 ਵਿਕਟਾਂ ਲਈਆਂ ਹਨ। ਨਿਊਜ਼ੀਲੈਂਡ ਦੀ ਧਰਤੀ 'ਤੇ ਇਸ਼ਾਂਤ ਸ਼ਰਮਾ ਨੇ 5 ਟੈਸਟ ਮੈਚ ਖੇਡੇ ਹਨ, ਜਿਸ 'ਚ ਉਸ ਨੇ 23 ਵਿਕਟਾਂ ਲਈਆਂ ਹਨ।

ਪਿਛਲੇ ਦੋ ਸਾਲਾਂ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਇਸ਼ਾਂਤ ਸ਼ਰਮਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਇਸ਼ਾਂਤ ਸ਼ਰਮਾ ਨੇ 15 ਟੈਸਟ ਮੈਚਾਂ 'ਚ ਸਿਰਫ 19.53 ਦੀ ਔਸਤ ਨਾਲ 58 ਵਿਕਟਾਂ ਹਾਸਲ ਕੀਤੀਆਂ ਹਨ। ਬੰਗਲਾਦੇਸ਼ ਵਿਰੁੱਧ ਇੱਕ ਟੈਸਟ ਮੈਚ ਵਿੱਚ ਉਨ੍ਹਾਂ ਨੇ 78 ਦੌੜਾਂ ਦੇ ਕੇ 9 ਵਿਕਟਾਂ ਲਈਆਂ ਸਨ। ਇਸ਼ਾਂਤ ਸ਼ਰਮਾ ਦੇ ਇਸ ਰਿਕਾਰਡ ਨੂੰ ਵੇਖਦੇ ਹੋਏ ਵਿਰਾਟ ਕੋਹਲੀ ਉਨ੍ਹਾਂ ਨੂੰ ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਦੇ ਨਾਲ ਉਤਾਰ ਸਕਦੇ ਹਨ। ਜੇ ਵਿਰਾਟ ਕੋਹਲੀ ਚਾਰ ਤੇਜ਼ ਗੇਂਦਬਾਜ਼ਾਂ ਨੂੰ ਉਤਾਰਨ ਦਾ ਮਨ ਬਣਾ ਲੈਂਦੇ ਹਨ ਤਾਂ ਨਵਦੀਪ ਸੈਣੀ ਅਤੇ ਉਮੇਸ਼ ਯਾਦਵ ਵਿਚਕਾਰ ਪਲੇਇੰਗ ਇਲੈਵਨ 'ਚ ਜਗ੍ਹਾ ਬਣਾਉਣ ਲਈ ਟੱਕਰ ਹੋਵੇਗੀ।


Tarsem Singh

Content Editor

Related News