IRE v ZIM : ਜ਼ਿੰਬਾਬਵੇ ਨੇ ਆਇਰਲੈਂਡ ਨੂੰ 38 ਦੌੜਾਂ ਨਾਲ ਹਰਾਇਆ
Friday, Sep 10, 2021 - 01:36 AM (IST)

ਬੇਲਫਾਸਟ- ਕਪਤਾਨ ਕ੍ਰੇਗ ਏਰਵਿਨ (64) ਅਤੇ ਆਲਰਾਊਂਡਰ ਸਿਕੰਦਰ ਰਜ਼ਾ (59) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਤੇਜ਼ ਗੇਂਦਬਾਜ਼ ਬਲੇਸਿੰਗ ਮੁਜਰਬਾਨੀ (4/29) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਜ਼ਿੰਬਾਬਵੇ ਨੇ ਇੱਥੇ ਬੁੱਧਵਾਰ ਨੂੰ ਪਹਿਲੇ ਵਨ ਡੇ ਮੈਚ ਵਿਚ ਆਇਰਲੈਂਡ ਨੂੰ 38 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਉਸ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 50 ਓਵਰਾਂ ਵਿਚ 7 ਵਿਕਟਾਂ 'ਤੇ 266 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਵਾਬ ਵਿਚ ਮੇਜ਼ਬਾਨ ਟੀਮ ਆਇਰਲੈਂਡ 48.4 ਓਵਰਾਂ ਵਿਚ 228 ਦੌੜਾਂ 'ਤੇ ਹੀ ਢੇਰ ਹੋ ਗਈ। ਜ਼ਿੰਬਾਬਵੇ ਵਲੋਂ ਕਪਤਾਨ ਏਰਵਿਨ ਸੱਤ ਚੌਕਿਆਂ ਦੀ ਮਦਦ ਨਾਲ 96 ਗੇਂਦਾਂ 'ਤੇ 64, ਜਦਕਿ ਰਜ਼ਾ ਨੇ ਪੰਜ ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 44 ਗੇਂਦਾਂ 'ਤੇ ਅਜੇਤੂ 59 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- ਸਿਹਤ ਵਿਭਾਗ 'ਚ 21 ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ
ਸਲਾਮੀ ਬੱਲੇਬਾਜ਼ ਬ੍ਰੇਂਡਨ ਇਕ ਦੌੜ ਨਾਲ ਆਪਣੇ 40ਵੇਂ ਅਰਧ ਸੈਂਕੜੇ ਤੋਂ ਖੁੰਝ ਗਏ। ਉਹ 45 ਗੇਂਦਾਂ 'ਤੇ 49 ਦੌੜਾਂ ਬਣਾ ਕੇ ਆਊਟ ਹੋਏ। ਆਇਰਲੈਂਡ ਵਲੋਂ 6 ਗੇਂਦਬਾਜ਼ਾਂ ਨੇ ਗੇਂਦਬਾਜ਼ੀ ਕੀਤੀ ਅਤੇ ਸਾਰੇ ਸਫਲ ਰਹੇ। ਅਜੇਤੂ ਅਰਧ ਸੈਂਕੜੇ ਦੇ ਲਈ ਸਿਕੰਦਰ ਰਜ਼ਾ ਨੂੰ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਦੋਵਾਂ ਟੀਮਾਂ ਦੇ ਵਿਚ ਬੇਲਫਾਸਟ ਵਿਚ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ ਤਿੰਨ ਵਜੇ ਦੂਜਾ ਵਨ ਡੇ ਮੈਚ ਖੇਡਿਆ ਜਾਵੇਗਾ, ਜਦਕਿ ਤੀਜਾ ਅਤੇ ਆਖਰੀ ਮੁਕਾਬਲਾ 13 ਸਤੰਬਰ ਨੂੰ ਹੋਵੇਗਾ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਟੀ20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, ਇਹ ਖਿਡਾਰੀ ਹੋਏ ਬਾਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।