IPL 2025 Mega Auction ; ਟੀਮਾਂ ਨੇ ਪਾਣੀ ਵਾਂਗ ਵਹਾਇਆ ਪੈਸਾ, 'ਮਾਲਾਮਾਲ' ਹੋ ਗਏ ਖਿਡਾਰੀ
Monday, Nov 25, 2024 - 05:47 AM (IST)
ਸਪੋਰਟਸ ਡੈਸਕ- ਦੁਬਈ ਦੇ ਜੇਦਾਹ ਵਿਖੇ ਹੋਈ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਮੈਗਾ ਨਿਲਾਮੀ ਵਿਚ ਕ੍ਰਿਕਟਰਾਂ ’ਤੇ ਪੈਸਿਆਂ ਦਾ ਮੀਂਹ ਵਰ੍ਹਿਆ ਹੈ। ਵੱਖ-ਵੱਖ ਫ੍ਰੈਂਚਾਈਜ਼ੀਆਂ ਨੇ ਆਪਣੀਆਂ ਟੀਮਾਂ ਲਈ ਵਧੀਆ ਤੋਂ ਵਧੀਆ ਖਿਡਾਰੀ ਖਰੀਦਣ ਲਈ ਵਧ-ਚੜ੍ਹ ਕੇ ਬੋਲੀ ਲਗਾਈ।
ਇਸ ਦੌਰਾਨ ਇਤਿਹਾਸ ਵਿਚ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸਭ ਤੋਂ ਮਹਿੰਗਾ ਵਿਕਣ ਵਾਲਾ ਖਿਡਾਰੀ ਬਣ ਗਿਆ ਹੈ। ਉਸ ਨੂੰ ਲਖਨਊ ਸੁਪਰ ਜਾਇੰਟਸ ਨੇ ਸਭ ਤੋਂ ਵੱਡੀ ਬੋਲੀ ਲਗਾ ਕੇ 27 ਕਰੋੜ ਰੁਪਏ ਵਿਚ ਖਰੀਦਿਆ।
ਉੱਥੇ ਹੀ ਪਿਛਲੇ ਸਾਲ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੂੰ ਖਿਤਾਬ ਦਿਵਾਉਣ ਵਾਲਾ ਸ਼੍ਰੇਅਸ ਅਈਅਰ ਵੀ ਵੱਡੀ ਕੀਮਤ ’ਤੇ ਵਿਕਿਆ। ਉਸ ਨੂੰ ਪੰਜਾਬ ਕਿੰਗਜ਼ ਨੇ 26 ਕਰੋੜ 75 ਲੱਖ ਰੁਪਏ ਵਿਚ ਆਪਣੀ ਟੀਮ 'ਚ ਸ਼ਾਮਲ ਕੀਤਾ। ਪੰਜਾਬ ਦੀ ਟੀਮ ਜ਼ਿਆਦਾਤਰ ਸੈਸ਼ਨਾਂ ਵਿਚ ਖ਼ਰਾਬ ਪ੍ਰਦਰਸ਼ਨ ਕਰਦੀ ਰਹੀ ਹੈ, ਪਰ ਉਸ ਨੂੰ ਇਸ ਵਾਰ ਸ਼੍ਰੇਅਸ ਤੋਂ ਉਮੀਦ ਹੋਵੇਗੀ ਕਿ ਉਹ ਟੀਮ ਦੇ ਪ੍ਰਦਰਸ਼ਨ ਵਿਚ ਸੁਧਾਰ ਕਰੇ। ਅਜਿਹਾ ਕਿਆਸ ਲਾਇਆ ਜਾ ਰਿਹਾ ਹੈ ਕਿ ਉਸ ਨੂੰ ਟੀਮ ਦੀ ਕਪਤਾਨੀ ਸੌਂਪੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਵੈਂਕਟੇਸ਼ ਅਈਅਰ ਨੇ ਸਭ ਨੂੰ ਹੈਰਾਨ ਕਰਦੇ ਹੋਏ ਵੱਡੀ ਕੀਮਤ ਹਾਸਲ ਕੀਤੀ। ਉਸ ਨੂੰ ਉਸ ਦੀ ਪੁਰਾਣੀ ਟੀਮ ਕੇ.ਕੇ.ਆਰ. ਨੇ 23.75 ਕਰੋੜ ਰੁਪਏ ਵਿਚ ਆਪਣੀ ਟੀਮ ਦੇ ਨਾਲ ਜੋੜਿਆ।
ਉੱਥੇ ਹੀ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪੰਜਾਬ ਨੇ ਰਾਈਟ ਟੂ ਮੈਚ ਕਾਰਡ ਦਾ ਇਸਤੇਮਾਲ ਕਰਕੇ 18 ਕਰੋੜ ਰੁਪਏ ਵਿਚ ਖਰੀਦਿਆ। ਸਨਰਾਈਜ਼ਰਜ਼ ਹੈਦਰਾਬਾਦ ਨੇ ਆਖਰੀ ਬੋਲੀ 18 ਕਰੋੜ ਰੁਪਏ ਦੀ ਲਾਈ ਸੀ, ਜਿਸ ਨੂੰ ਆਰ.ਟੀ.ਐੱਮ. ਦੇ ਰਾਹੀਂ ਪੰਜਾਬ ਨੇ ਆਪਣੇ ਕੋਲ ਬਰਕਰਾਰ ਰੱਖਿਆ।
ਨਿਲਾਮੀ ਵਿਚ ਸਭ ਤੋਂ ਵੱਧ 110.5 ਕਰੋੜ ਰੁਪਏ ਦਾ ਪਰਸ ਲੈ ਕੇ ਉਤਰੀ ਪੰਜਾਬ ਨੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ 18 ਕਰੋੜ ਰੁਪਏ ਤੇ ਮਾਰਕਸ ਸਟਾਇਨਿਸ ਨੂੰ 11 ਕਰੋੜ ਰੁਪਏ ਵਿਚ ਖਰੀਦਿਆ। ਚਾਹਲ ਨੂੰ ਆਈ.ਪੀ.ਐੱਲ. ਮੈਗਾ ਨਿਲਾਮੀ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੇ ਰਿਲੀਜ਼ ਕਰ ਦਿੱਤਾ ਸੀ। ਉੱਥੇ ਹੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਲਿਆਮ ਲਿਵਿੰਗਸਟੋਨ ’ਤੇ 8 ਕਰੋੜ 75 ਲੱਖ ਰੁਪਏ ਖਰਚ ਕੇ ਵੱਡਾ ਦਾਅ ਲਗਾਇਆ ਹੈ।
ਭਾਰਤ ਦੇ ਸਾਟਰ ਖਿਡਾਰੀਆਂ ਵਿਚ ਕੇ.ਐੱਲ. ਰਾਹੁਲ ਨੂੰ ਦਿੱਲੀ ਕੈਪੀਟਲਜ਼ ਨੇ 14 ਕਰੋੜ ਰੁਪਏ ਵਿਚ ਖਰੀਦਿਆ। ਦਿੱਲੀ ਨੇ ਚੇਨਈ ਸੁਪਰ ਕਿੰਗਜ਼ ਨਾਲ ਬੋਲੀ ਦੇ ਮੁਕਾਬਲੇ ਵਿਚ ਬਾਜ਼ੀ ਮਾਰੀ। ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ ਰਿਲੀਜ਼ ਕੀਤੇ ਗਏ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਗੁਜਰਾਤ ਜਾਇੰਟਸ ਨੇ 12 ਕਰੋੜ 25 ਲੱਖ ਰੁਪਏ ਵਿਚ ਖਰੀਦਿਆ।
ਫਿਟਨੈੱਸ ਸਮੱਸਿਆਵਾਂ ਕਾਰਨ ਪਿਛਲੇ ਕੁਝ ਸਮੇਂ ਤੋਂ ਭਾਰਤੀ ਟੀਮ ਵਿਚੋਂ ਬਾਹਰ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 10 ਕਰੋੜ ਰੁਪਏ ਵਿਚ ਖਰੀਦਿਆ।
ਜੰਮੂ-ਕਸ਼ਮੀਰ ਦੇ ਰਸਿਕ ਡਾਰ ਨੂੰ ਮਿਲੇ 6 ਕਰੋੜ
ਬੋਲੀ ਦੌਰਾਨ ਜੰਮੂ-ਕਸ਼ਮੀਰ ਦੇ ਖਿਡਾਰੀ ਰਸਿਕ ਡਾਰ ਲਈ ਜਦੋਂ ਬੋਲੀ ਲੱਗੀ ਤਾਂ ਇਹ ਕਾਫੀ ਰੋਮਾਂਚਕ ਰਹੀ। ਟੀਮਾਂ ਵਿਚਾਲੇ ਇਸ ਤੇਜ਼ ਗੇਂਦਬਾਜ਼ ਨੂੰ ਲੈ ਕੇ ਕਾਫੀ ਦੌੜ ਲੱਗੀ ਪਰ ਅੰਤ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਬਾਜ਼ੀ ਮਾਰ ਲਈ। ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ ਪਰ ਉਸ ਆਰ.ਸੀ.ਬੀ. ਨੇ 6 ਕਰੋੜ ਰੁਪਏ ਵਿਚ ਆਪਣੀ ਟੀਮ ਨਾਲ ਜੋੜਿਆ।
ਆਈ.ਪੀ.ਐੱਲ. 2025 ਦੀ ਨਿਲਾਮੀ ਦੇ ਪਹਿਲੇ ਦਿਨ ਖਿਡਾਰੀਆਂ 'ਤੇ ਲੱਗੀ ਬੋਲੀ ਦੀ ਪੂਰੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ-
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e