IPL 2026 'ਚ ਫਿਰ ਦਿਖੇਗਾ ਧੋਨੀ ਦਾ ਜਲਵਾ? CSK ਦੇ CEO ਨੇ ਕੀਤਾ ਵੱਡਾ ਖੁਲਾਸਾ

Sunday, Feb 22, 2026 - 03:57 PM (IST)

IPL 2026 'ਚ ਫਿਰ ਦਿਖੇਗਾ ਧੋਨੀ ਦਾ ਜਲਵਾ? CSK ਦੇ CEO ਨੇ ਕੀਤਾ ਵੱਡਾ ਖੁਲਾਸਾ

ਚੇਨਈ/ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦਾ ਅਗਲੇ ਮਹੀਨੇ ਆਗਾਜ਼ ਹੋਣ ਜਾ ਰਿਹਾ ਹੈ ਅਤੇ ਕ੍ਰਿਕਟ ਪ੍ਰੇਮੀਆਂ ਦੇ ਮਨ ਵਿੱਚ ਸਭ ਤੋਂ ਵੱਡਾ ਸਵਾਲ ਇਹੀ ਸੀ ਕਿ ਕੀ ਮਹਿੰਦਰ ਸਿੰਘ ਧੋਨੀ ਇੱਕ ਵਾਰ ਫਿਰ ਮੈਦਾਨ 'ਤੇ ਨਜ਼ਰ ਆਉਣਗੇ। ਹੁਣ ਇਸ ਸਸਪੈਂਸ ਤੋਂ ਕਾਫੀ ਹੱਦ ਤੱਕ ਪਰਦਾ ਉੱਠ ਗਿਆ ਹੈ। ਰਿਪੋਰਟਾਂ ਦੇ ਮੁਤਾਬਕ, ਚੇਨਈ ਸੁਪਰ ਕਿੰਗਜ਼ (CSK) ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ. ਈ. ਓ. ਕੇ. ਐੱਸ. ਵਿਸ਼ਵਨਾਥਨ ਨੇ ਸੰਕੇਤ ਦਿੱਤਾ ਹੈ ਕਿ ਐੱਮ. ਐੱਸ. ਧੋਨੀ ਆਈ. ਪੀ. ਐੱਲ. 2026 ਦੇ ਸੀਜ਼ਨ ਵਿੱਚ ਚੇਨਈ ਲਈ ਖੇਡਦੇ ਨਜ਼ਰ ਆਉਣਗੇ।

ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ
ਲੰਬੇ ਸਮੇਂ ਤੋਂ ਧੋਨੀ ਦੇ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਪਰ ਫਰੈਂਚਾਇਜ਼ੀ ਪ੍ਰਬੰਧਨ ਵੱਲੋਂ ਆਏ ਇਸ ਬਿਆਨ ਨੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਹਾਲਾਂਕਿ ਖੁਦ ਧੋਨੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਗਈ ਹੈ, ਪਰ ਸੀ. ਐੱਸ. ਕੇ. ਪ੍ਰਬੰਧਨ ਦੇ ਸੰਕੇਤ ਨੇ ਤਸਵੀਰ ਲਗਭਗ ਸਾਫ਼ ਕਰ ਦਿੱਤੀ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਿੱਚ ਜ਼ਬਰਦਸਤ ਉਤਸ਼ਾਹ ਦੇਖਿਆ ਜਾ ਰਿਹਾ ਹੈ।

IPL ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ 
ਮਹਿੰਦਰ ਸਿੰਘ ਧੋਨੀ IPL ਇਤਿਹਾਸ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਦੀ ਕਪਤਾਨੀ ਵਿੱਚ ਚੇਨਈ ਸੁਪਰ ਕਿੰਗਜ਼ ਨੇ ਪੰਜ ਵਾਰ IPL ਦਾ ਖਿਤਾਬ ਜਿੱਤਿਆ ਹੈ। ਧੋਨੀ ਨੇ ਹੁਣ ਤੱਕ 235 ਮੈਚਾਂ ਵਿੱਚ ਕਪਤਾਨੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ 136 ਜਿੱਤਾਂ ਦਰਜ ਕੀਤੀਆਂ ਹਨ। ਮੈਦਾਨ 'ਤੇ ਸ਼ਾਂਤ ਸੁਭਾਅ, ਸਟੀਕ ਫੈਸਲੇ ਅਤੇ ਨੌਜਵਾਨ ਖਿਡਾਰੀਆਂ ਨੂੰ ਤਰਾਸ਼ਣ ਦੀ ਸਮਰੱਥਾ ਉਨ੍ਹਾਂ ਦੀ ਕਪਤਾਨੀ ਦੀ ਪਛਾਣ ਰਹੀ ਹੈ।

ਰਿਤੂਰਾਜ ਦੀ ਕਪਤਾਨੀ ਹੇਠ ਖੇਡਣਗੇ ਧੋਨੀ ਆਈ. ਪੀ. ਐੱਲ. 2026 ਵਿੱਚ
ਇਸ ਵਾਰ 10 ਟੀਮਾਂ ਹਿੱਸਾ ਲੈਣਗੀਆਂ ਅਤੇ ਕੁੱਲ 84 ਮੁਕਾਬਲੇ ਖੇਡੇ ਜਾਣਗੇ। ਜੇਕਰ ਧੋਨੀ ਇਸ ਸੀਜ਼ਨ ਵਿੱਚ ਖੇਡਦੇ ਹਨ, ਤਾਂ ਉਨ੍ਹਾਂ ਦਾ ਤਜ਼ਰਬਾ ਟੀਮ ਦੇ ਸੰਤੁਲਨ ਨੂੰ ਹੋਰ ਮਜ਼ਬੂਤ ਕਰੇਗਾ। ਜ਼ਿਕਰਯੋਗ ਹੈ ਕਿ ਇਸ ਵਾਰ ਟੀਮ ਦੀ ਕਮਾਨ ਨੌਜਵਾਨ ਰਿਤੂਰਾਜ ਗਾਇਕਵਾੜ ਦੇ ਹੱਥਾਂ ਵਿੱਚ ਹੋਵੇਗੀ, ਪਰ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਧੋਨੀ 'ਤੇ ਟਿਕੀਆਂ ਰਹਿਣਗੀਆਂ ਕਿਉਂਕਿ ਚੇਨਈ ਦੀ ਟੀਮ 2023 ਤੋਂ ਬਾਅਦ ਖਿਤਾਬ ਨਹੀਂ ਜਿੱਤ ਸਕੀ ਹੈ ਅਤੇ ਇਸ ਵਾਰ ਟੀਮ ਛੇਵੇਂ ਖਿਤਾਬ ਦੀ ਕੋਸ਼ਿਸ਼ ਕਰੇਗੀ।


author

Tarsem Singh

Content Editor

Related News