IPL 2024 : ਦਿੱਲੀ ਨੂੰ ਰਿਕਾਰਡ 106 ਦੌੜਾਂ ਨਾਲ ਹਰਾ ਕੇ ਕੋਲਕਾਤਾ ਨੇ ਦਰਜ ਕੀਤੀ ਲਗਾਤਾਰ ਤੀਜੀ ਜਿੱਤ
Wednesday, Apr 03, 2024 - 11:53 PM (IST)
ਸਪੋਰਟਸ ਡੈਸਕ- ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ਾਂ ਦੇ ਕਹਿਰ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਕੋਲਕਾਤਾ ਨੇ ਦਿੱਲੀ ਨੂੰ ਰਿਕਾਰਡ 106 ਦੌੜਾਂ ਨਾਲ ਹਰਾ ਦਿੱਤਾ ਹੈ। ਕੋਲਕਾਤਾ ਦੀ ਇਹ 3 ਮੈਚਾਂ 'ਚ ਲਗਾਤਾਰ ਤੀਜੀ ਜਿੱਤ ਹੈ, ਜਦਕਿ ਪਿਛਲੇ ਮੈਚ 'ਚ ਚੇਨਈ ਨੂੰ ਹਰਾਉਣ ਵਾਲੀ ਦਿੱਲੀ ਨੂੰ 4 ਮੈਚਾਂ 'ਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਕੋਲਕਾਤਾ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਬੱਲੇਬਾਜ਼ਾਂ ਨੇ ਸਹੀ ਸਾਬਿਤ ਕੀਤਾ। ਓਪਨਿੰਗ ਕਰਨ ਆਏ ਸੁਨੀਲ ਨਾਰਾਇਣ ਅਤੇ ਫਿਲ ਸਾਲਟ ਵੱਲੋਂ ਮਿਲੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਆਂਦ੍ਰੇ ਰਸਲ ਦੀ ਤੂਫ਼ਾਨੀ ਪਾਰੀ ਦੀ ਬਦੌਲਤ ਕੋਲਕਾਤਾ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 272 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ।
ਸੁਨੀਲ ਨਾਰਾਇਣ ਨੇ ਆਪਣਾ ਸਰਵਸ਼੍ਰੇਸ਼ਠ ਬੱਲੇਬਾਜ਼ੀ ਪ੍ਰਦਰਸ਼ਨ ਕਰਦੇ ਹੋਏ 39 ਗੇਂਦਾਂ 'ਚ 7 ਚੌਕੇ ਤੇ ਇੰਨੇ ਹੀ ਛੱਕੇ ਲਗਾਉਂਦੇ ਹੋਏ 85 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਹ ਹੁਣ ਤੱਕ ਉਨ੍ਹਾਂ ਦੇ ਆਈ.ਪੀ.ਐੱਲ. ਕਰੀਅਰ ਦੀ ਸਰਵਸ਼੍ਰੇਸ਼ਠ ਪਾਰੀ ਰਹੀ ਹੈ।
273 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਨਿਯਮਿਤ ਅੰਤਰਾਲ 'ਤੇ ਵਿਕਟ ਗੁਆਉਂਦੀ ਰਹੀ ਤੇ ਕੋਈ ਵੀ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ। ਦਿੱਲੀ ਦੇ ਓਪਨਰ ਡੇਵਿਡ ਵਾਰਨਰ (18) ਤੇ ਪ੍ਰਿਥਵੀ ਸ਼ਾਹ (10) ਸਸਤੇ 'ਚ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਆਏ ਮਿਚੇਲ ਮਾਰਸ਼ ਤੇ ਅਭਿਸ਼ੇਕ ਪੋਰੇਲ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ।
ਦਿੱਲੀ ਵੱਲੋਂ ਸਿਰਫ਼ ਕਪਤਾਨ ਰਿਸ਼ਭ ਪੰਤ ਨੇ 25 ਗੇਂਦਾਂ 'ਚ 4 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 55 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਟ੍ਰਿਸਟਨ ਸਟੱਬਸ ਦੀ 32 ਗੇਂਦਾਂ 'ਚ 4 ਚੌਕਿਆਂ ਤੇ 4 ਛੱਕਿਆਂ ਨਾਲ ਸਜੀ 54 ਦੌੜਾਂ ਦੀ ਪਾਰੀ ਵੀ ਟੀਮ ਨੂੰ ਵੱਡੀ ਹਾਰ ਤੋਂ ਬਚਾਉਣ 'ਚ ਸਫ਼ਲ ਨਾ ਹੋ ਸਕੀ।
ਦਿੱਲੀ ਦੀ ਬੱਲੇਬਾਜ਼ੀ ਇੰਨੀ ਖ਼ਰਾਬ ਰਹੀ ਕਿ ਟੀਮ ਦੇ 7 ਬੱਲੇਬਾਜ਼ ਤਾਂ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਪੂਰੀ ਟੀਮ ਸਿਰਫ਼ 17.2 ਓਵਰਾਂ 'ਚ 166 ਦੌੜਾਂ ਬਣਾ ਕੇ ਆਲ-ਆਊਟ ਹੋ ਗਈ ਤੇ ਕੋਲਕਾਤਾ ਨੇ ਆਪਣੇ ਬੱਲੇਬਾਜ਼ਾਂ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇਹ ਮੁਕਾਬਲਾ ਰਿਕਾਰਡ 106 ਦੌੜਾਂ ਨਾਲ ਆਪਣੇ ਨਾਂ ਕਰ ਲਿਆ।
ਕੋਲਕਾਤਾ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ ਤੇ ਵਰੁਣ ਚਕਰਵਰਤੀ ਤੇ ਵੈਭਵ ਅਰੋੜਾ ਨੇ 3-3, ਜਦਕਿ ਸਟਾਰਕ ਨੇ 2 ਬੱਲੇਬਾਜ਼ਾਂ ਨੂੰ ਆਊਟ ਕੀਤਾ। ਰਸਲ ਤੇ ਨਾਰਾਇਣ ਨੂੰ 1-1 ਵਿਕਟ ਮਿਲੀ। ਸੁਨੀਲ ਨਾਰਾਇਣ ਨੇ ਬੱਲੇਬਾਜ਼ੀ 'ਚ 85 ਦੌੜਾਂ ਬਣਾਉਣ ਤੋਂ ਬਾਅਦ ਗੇਂਦਬਾਜ਼ੀ 'ਚ ਵੀ ਇਕ 1 ਵਿਕਟ ਲਈ ਜਿਸ ਕਾਰਨ ਉਸ ਨੂੰ ਪਲੇਅਰ ਆਫ਼ ਦਿ ਮੈਚ ਐਲਾਨਿਆ ਗਿਆ।
ਜ਼ਿਕਰਯੋਗ ਹੈ ਕਿ ਇਹ ਆਈ.ਪੀ.ਐੱਲ. ਇਤਿਹਾਸ ਦਾ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਬੈਂਗਲੁਰੂ ਦੇ ਨਾਂ ਸੀ, ਜੋ ਕਿ ਉਨ੍ਹਾਂ ਨੇ ਸਾਲ 2013 'ਚ ਪੁਣੇ ਵਾਰੀਅਰਜ਼ ਖ਼ਿਲਾਫ਼ ਬਣਾਇਆ ਸੀ। ਉਸ ਮੈਚ 'ਚ ਕ੍ਰਿਸ ਗੇਲ ਦੀ 175 ਦੌੜਾਂ ਦੀ ਨਾਬਾਦ ਪਾਰੀ ਦੀ ਬਦੌਲਤ ਆਰ.ਸੀ.ਬੀ. ਨੇ ਆਈ.ਪੀ.ਐੱਲ. ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕੀਤਾ ਸੀ, ਜੋ ਕਿ 264 ਦੌੜਾਂ ਸੀ। ਇਸ ਤੋਂ ਬਾਅਦ ਇਸੇ ਸਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਖਿਲਾਫ਼ 277 ਦੌੜਾਂ ਬਣਾ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਸੀ। ਹੁਣ ਕੋਲਕਾਤਾ 272 ਦੌੜਾਂ ਨਾਲ ਇਸ ਰਿਕਾਰਡ ਲਿਸਟ 'ਚ ਦੂਜੇ ਸਥਾਨ 'ਤੇ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e