IPL 2023: ਕੋਹਲੀ ਦੇ ਸ਼ਾਨਦਾਰ ਸੈਂਕੜੇ ਨਾਲ Play-offs ਦੀ ਦਹਿਲੀਜ਼ 'ਤੇ ਪਹੁੰਚੀ RCB

Thursday, May 18, 2023 - 11:09 PM (IST)

IPL 2023: ਕੋਹਲੀ ਦੇ ਸ਼ਾਨਦਾਰ ਸੈਂਕੜੇ ਨਾਲ Play-offs ਦੀ ਦਹਿਲੀਜ਼ 'ਤੇ ਪਹੁੰਚੀ RCB

ਸਪੋਰਟਸ ਡੈਸਕ: ਅੱਜ ਵਿਰਾਟ ਕੋਹਲੀ ਦੇ ਜ਼ਬਰਦਸਤ ਸੈਂਕੜੇ ਸਦਕਾ ਬੈਂਗਲੁਰੂ ਨੇ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ RCB ਆਈ.ਪੀ.ਐੱਲ. 2023 ਦੇ ਪਲੇਆਫ਼ ਮੁਕਾਬਲਿਆਂ ਦੀ ਦਹਿਲੀਜ਼ ਤੇ ਪਹੁੰਚ ਗਈ ਹੈ। 13 ਮੈਚਾਂ ਵਿਚ 14 ਅੰਕਾਂ ਨਾਲ ਪੁਆਇੰਟਸ ਟੇਬਲ ਵਿਚ ਚੌਥੇ ਨੰਬਰ 'ਤੇ ਪਹੁੰਚ ਗਈ ਹੈ। ਅਗਲਾ ਮੁਕਾਬਲਾ ਜਿੱਤਣ 'ਤੇ ਬੈਂਗਲੁਰੂ ਦਾ ਪਲੇਆਫ਼ ਵਿਚ ਪਹੁੰਚਣਾ ਲਗਭਗ ਯਕੀਨੀ ਬਣ ਜਾਵੇਗਾ। ਹਾਲਾਂਕਿ ਜੇਕਰ ਉਹ ਅਗਲਾ ਮੁਕਾਬਲਾ ਹਾਰਦੀ ਹੈ ਤਾਂ ਇਹ ਸਮੀਕਰਨ ਵਿਗੜ ਜਾਣਗੇ ਤੇ ਉਸ ਨੂੰ ਬਾਕੀ ਟੀਮਾਂ ਦੇ ਮੁਕਾਬਲਿਆਂ ਦੇ ਨਤੀਜਿਆਂ 'ਤੇ ਨਿਰਭਰ ਰਹਿਣਾ ਪਵੇਗਾ। ਦੂਜੇ ਪਾਸੇ ਹੈਦਰਾਬਾਦ ਦੀ ਟੀਮ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ - '...ਫ਼ਿਰ ਨਾ ਕਹੀਂ ਦੱਸਿਆ ਨਹੀਂ'; 'ਆਪ' ਵਿਧਾਇਕਾ ਦੇ ਪੁੱਤਰ ਨੂੰ ਫ਼ੋਨ 'ਤੇ ਮਿਲੀ ਧਮਕੀ

ਅੱਜ ਮਹੱਤਵਪੂਰਨ ਮੁਕਾਬਲੇ ਵਿਚ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਹੈਦਰਾਬਾਦ ਵੱਲੋਂ ਕਲਾਸੇਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ 51 ਗੇਂਦਾਂ ਵਿਚ ਸੈਂਕੜਾ ਜੜਿਆ। ਉਸ ਨੇ 6 ਛਿੱਕਿਆਂ ਤੇ 8 ਚੌਕਿਆਂ ਸਦਕਾ 104 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਬਾਕੀ ਬੱਲੇਬਾਜ਼ਾਂ ਨੂੰ ਵੀ ਚੰਗੀ ਸ਼ੁਰੂਆਤ ਮਿਲੀ ਪਰ ਕੋਈ ਵੀ ਵੱਡਾ ਸਕੋਰ ਨਹੀਂ ਕਰ ਸਕਿਆ। ਕਲਾਸੇਨ ਦੇ ਸੈਂਕੜੇ ਨੇ ਟੀਮ ਨੂੰ ਚੁਣੌਤੀਪੂਰਨ ਸਕੋਰ ਖੜ੍ਹਾ ਕਰਨ ਵਿਚ ਸਹਾਇਤਾ ਕੀਤੀ। ਹੈਦਰਾਬਾਦ ਨੇ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 186 ਦੌੜਾਂ ਬਣਾਈਆਂ।

ਇਹ ਖ਼ਬਰ ਵੀ ਪੜ੍ਹੋ - WMO ਵਿਗਿਆਨੀਆਂ ਨੇ ਜਾਰੀ ਕੀਤੀ ਚਿਤਾਵਨੀ, ਅਗਲੇ 5 ਸਾਲਾਂ ਨੂੰ ਲੈ ਕੇ ਕੀਤੀ ਇਹ ਭਵਿੱਖਬਾਣੀ

187 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਦੀ ਟੀਮ ਨੂੰ ਵਿਰਾਟ ਕੋਹਲੀ ਤੇ ਫਾਫ ਡੂ ਪਲੇਸਿਸ ਨੇ ਧਾਕੜ ਸ਼ੁਰੂਆਤ ਦੁਆਈ। ਦੋਹਾਂ ਨੇ 172 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਵਿਰਾਟ ਕੋਹਲੀ ਨੇ 63 ਗੇਂਦਾਂ ਵਿਚ 4 ਛਿੱਕਿਆਂ ਤੇ 12 ਚੌਕਿਆਂ ਸਦਕਾ ਸ਼ਾਨਦਾਰ ਸੈਂਕੜਾ ਜੜਿਆ। ਕਪਤਾਨ ਫਾਫ ਡੂ ਪਲੇਸਿਸ ਨੇ ਵੀ 47 ਗੇਂਦਾਂ ਵਿਚ 71 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ ਤੇ ਮੁਕਾਬਲੇ ਨੂੰ ਇਕਪਾਸੜ ਹੀ ਬਣਾ ਦਿੱਤਾ। ਬੈਂਗਲੁਰੂ ਨੇ 4 ਗੇਂਦਾਂ ਪਹਿਲਾਂ ਹੀ 8 ਵਿਕਟਾਂ ਹੱਥ ਵਿਚ ਰੱਖਦਿਆਂ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News