IPL 2021: ਮਜਬੂਤ ਵਾਪਸੀ ਕਰਾਂਗੇ ਅਤੇ ਮੈਚ ਜਿੱਤਾਂਗੇ : ਰਾਹੁਲ
Monday, Apr 19, 2021 - 06:11 PM (IST)
ਮੁੰਬਈ (ਵਾਰਤਾ) : ਦਿੱਲੀ ਕੈਪੀਟਲਸ ਖ਼ਿਲਾਫ਼ ਇੱਥੇ ਐਤਵਾਰ ਨੂੰ ਮੁਕਾਬਲਾ ਹਾਰਨ ਤੋਂ ਬਾਅਦ ਪੰਜਾਬ ਕਿੰਗਜ਼ ਦੇ ਕਪਤਾਨ ਲੋਕੇਸ਼ ਰਾਹੁਲ ਨੇ ਕਿਹਾ ਕਿ ਮੈਚ ਜਿੱਤਣਾ ਜਨਮਦਿਨ ’ਤੇ ਇਕ ਤੋਹਫ਼ੇ ਵਾਂਗ ਹੁੰਦਾ ਹੈ, ਇਸ ਲਈ ਮੈਚ ਹਾਰਨਾ ਥੋੜ੍ਹਾ ਨਿਰਾਸ਼ਾਜਨਕ ਹੈ। ਖੈਰ ਕੋਈ ਨਾ ਸਾਡੇ ਕੋਲ ਕਾਫ਼ੀ ਮੈਚ ਹਨ, ਇਸ ਲਈ ਉਮੀਦ ਹੈ ਕਿ ਅਸੀਂ ਮਜ਼ਬੂਤ ਵਾਪਸੀ ਕਰਾਂਗੇ ਅਤੇ ਕੁੱਝ ਮੈਚ ਜਿੱਤਾਂਗੇ।
ਰਾਹੁਲ ਨੇ ਮੈਚ ਖ਼ਤਮ ਹੋਣ ਦੇ ਬਾਅਦ ਕਿਹਾ, ‘ਅਜਿਹਾ ਲੱਗ ਰਿਹਾ ਹੈ ਕਿ ਅਸੀਂ 10-15 ਦੌੜਾਂ ਘੱਟ ਬਣਾਈਆਂ, ਪਰ ਮੈਨੂੰ ਅਤੇ ਮਯੰਕ ਨੂੰ ਲੱਗਾ ਸੀ ਕਿ ਇਸ ਵਿਕਟ ’ਤੇ 180-190 ਦੌੜਾਂ ਬਿਹਤਰ ਹੋਣਗੀਆਂ। ਸ਼ਿਖਰ ਨੇ ਚੰਗੀ ਬੱਲੇਬਾਜ਼ੀ ਕੀਤੀ, ਇਸ ਲਈ ਉਨ੍ਹਾਂ ਨੂੰ ਵਧਾਈ। ਜਦੋਂ ਅਸੀਂ ਵਾਨਖੇੜੇ ਵਿਚ ਖੇਡਦੇ ਹਾਂ ਤਾਂ ਦੂਜੀ ਪਾਰੀ ਵਿਚ ਗੇਂਦਬਾਜ਼ੀ ਕਰਨਾ ਹਮੇਸ਼ਾ ਇਕ ਚੁਣੌਤੀਪੂਰਨ ਹੁੰਦਾ ਹੈ ਅਤੇ ਖ਼ਾਸ ਕਰਕੇ ਜਦੋਂ ਸਾਹਮਣੇ ਅਜਿਹੇ ਬਿਹਤਰੀਨ ਬੱਲੇਬਾਜ਼ ਹੋਣ ਤਾਂ ਮੁਸ਼ਕਲ ਹੋਰ ਵੱਧ ਜਾਂਦੀ ਹੈ। ਮੈਂ ਅਜਿਹਾ ਇਸ ਲਈ ਨਹੀਂ ਕਹਿ ਰਿਹਾ ਹਾਂ, ਕਿਉਂਕਿ ਮੈਂ ਹਾਰਨ ਵਾਲੀ ਟੀਮ ਵੱਲ ਹਾਂ। ਅਸੀਂ ਅਜਿਹੇ ਹਾਲਾਤਾਂ ਵਿਚ ਖੇਡਣ ਦੀ ਤਿਆਰੀ ਕਰ ਰਹੇ ਹਾਂ। ਦੂਜੀ ਪਾਰੀ ਵਿਚ ਓਂਸ ਕਾਰਨ ਗੇਂਦਬਾਜ਼ਾਂ ਨੇ ਗਿੱਲੀ ਗੇਂਦ ਨਾਲ ਗੇਂਦਬਾਜ਼ੀ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਕਰਨਾ ਹਮੇਸ਼ਾ ਮੁਸ਼ਕਲ ਹੁੰਦਾ ਹੈ। ਮੈਂ ਅੰਪਾਇਰਾ ਨੂੰ ਗੇਂਦ ਨੂੰ 2 ਵਾਰ ਬਦਲਣ ਲਈ ਕਿਹਾ, ਪਰ ਨਿਯਮ ਮੁਤਾਬਕ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ।’