IPL 2020 : 4 ਮੈਚ ਹਾਰਨ ਵਾਲੀ ਪੰਜਾਬ ਦੀ ਟੀਮ ਨੂੰ ਅੱਜ ਹੈਦਰਾਬਾਦ ਖ਼ਿਲਾਫ਼ ਵਿਖਾਉਣਾ ਪਵੇਗਾ ਤੁਫ਼ਾਨੀ ਖੇਡ

Thursday, Oct 08, 2020 - 11:05 AM (IST)

IPL 2020 : 4 ਮੈਚ ਹਾਰਨ ਵਾਲੀ ਪੰਜਾਬ ਦੀ ਟੀਮ ਨੂੰ ਅੱਜ ਹੈਦਰਾਬਾਦ ਖ਼ਿਲਾਫ਼ ਵਿਖਾਉਣਾ ਪਵੇਗਾ ਤੁਫ਼ਾਨੀ ਖੇਡ

ਦੁਬਈ (ਵਾਰਤਾ) : ਆਈ.ਪੀ.ਐਲ. ਦੀ ਅੰਕ ਸੂਚੀ ਵਿਚ ਸਭ ਤੋਂ ਹੇਠਾਂ ਚੱਲ ਰਹੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੂੰ ਟੂਰਨਾਮੈਂਟ ਵਿਚ ਹੋੜ ਵਿਚ ਬਣੇ ਰਹਿਣ ਲਈ ਸਨਰਾਇਜ਼ਰਸ ਹੈਦਰਾਬਾਦ ਖ਼ਿਲਾਫ਼ ਵੀਰਵਾਰ ਨੂੰ ਹੋਣ ਵਾਲੇ ਮੁਕਾਬਲੇ ਵਿਚ ਹਰ ਹਾਲ ਵਿਚ ਜਿੱਤ ਹਾਸਲ ਕਰਣੀ ਹੋਵੇਗੀ। ਪੰਜਾਬ ਦੀ ਟੀਮ 5 ਮੈਚਾਂ ਵਿਚ ਸਿਰਫ਼ 1 ਜਿੱਤ ਅਤੇ 4 ਹਾਰਾਂ ਨਾਲ ਸੂਚੀ ਵਿਚ 8ਵੇਂ ਅਤੇ ਅੰਤਿਮ ਸਥਾਨ 'ਤੇ ਹੈ।

ਇਕ ਹੋਰ ਹਾਰ ਪੰਜਾਬ ਦੀ ਪਲੇਆਫ ਵਿਚ ਜਾਣ ਦੀਆਂ ਉਮੀਦਾਂ ਨੂੰ ਡੂੰਘਾ ਝੱਟਕਾ ਦੇ ਸਕਦੀ ਹੈ। ਦੂਜੇ ਪਾਸੇ ਹੈਦਰਾਬਾਦ 5 ਮੈਚਾਂ ਵਿਚ 2 ਜਿੱਤ ਅਤੇ 3 ਹਾਰਾਂ ਨਾਲ 6ਵੇਂ ਸਥਾਨ 'ਤੇ ਹੈ। ਹੈਦਰਾਬਾਦ ਦੀ ਹਾਲਤ ਵੀ ਕੋਈ ਬਹੁਤ ਚੰਗੀ ਨਹੀਂ ਹੈ ਅਤੇ ਉਸ ਦੇ ਲਈ ਵੀ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ। ਪੰਜਾਬ ਅਤੇ ਹੈਦਰਾਬਾਦ ਦੋਵਾਂ ਟੀਮਾਂ ਨੂੰ ਆਪਣੇ-ਆਪਣੇ ਪਿਛਲੇ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਣਾ ਪਿਆ ਸੀ। ਮੁੰਬਈ ਇੰਡੀਅਨਜ਼ ਨੇ ਹੈਦਰਾਬਾਦ ਨੂੰ 34 ਦੌੜਾਂ ਨਾਲ ਹਰਾਇਆ ਸੀ, ਜਦੋਂਕਿ ਚੇਨਈ ਸੁਪਰਕਿੰਗਜ਼ ਨੇ ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆ ਸੀ।

ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, 50,000 ਤੋਂ ਹੇਠਾਂ ਆਏ ਭਾਅ

ਪੰਜਾਬ ਨੇ ਕਪਤਾਨ ਲੋਕੇਸ਼ ਰਾਹੁਲ ਦੀ 63 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜਾ ਪਾਰੀ ਨਾਲ 4 ਵਿਕਟਾਂ 'ਤੇ 178 ਦੌੜਾਂ ਦਾ ਚੁਣੌਤੀ ਭਰਪੂਰ ਸਕੋਰ ਬਣਿਆ ਸੀ ਪਰ ਚੇਨਈ ਨੇ ਸ਼ੇਨ ਵਾਟਸਨ (ਨਾਬਾਦ 83)  ਅਤੇ ਫਾਫ ਡੂ ਪਲੇਸਿਸ (ਨਾਬਾਦ 87) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਉਨ੍ਹਾਂ ਵਿਚਕਾਰ 181 ਦੌੜਾਂ ਦੀ ਅਜੇਤੂ ਓਪਨਿੰਗ ਸਾਂਝੇਦਾਰੀ ਦੀ ਬਦੌਲਤ ਇਕਪਾਸੜ ਅੰਦਾਜ ਵਿਚ 10 ਵਿਕਟਾਂ ਨਾਲ ਜਿੱਤ ਦੀ ਲੈਅ ਹਾਸਲ ਕਰ ਲਈ ਸੀ।

ਪੰਜਾਬ ਨੂੰ ਜੇਕਰ ਜਿੱਤ ਦੀ ਪਟਰੀ 'ਤੇ ਪਰਤਣਾ ਹੈ ਤਾਂ ਉਸ ਨੂੰ ਆਪਣੀ ਗੇਂਦਬਾਜੀ ਅਤੇ ਬੱਲੇਬਾਜੀ ਦੋਵਾਂ ਵਿਚ ਸੁਧਾਰ ਕਰਣਾ ਹੋਵੇਗਾ। ਟੀਮ ਕੋਲ ਕ੍ਰਿਸ ਗੇਲ ਦੇ ਰੂਪ ਵਿਚ ਇਸ ਫਾਰਮੇਟ ਦਾ ਸਭ ਤੋਂ ਤੇਜ਼ ਬੱਲੇਬਾਜ਼ ਮੌਜੂਦ ਹੈ ਪਰ ਟੀਮ ਨੇ ਹੁਣ ਤੱਕ 5 ਮੈਚਾਂ ਵਿਚ ਗੇਲ ਨੂੰ ਇਕ ਵਾਰ ਵੀ ਮੌਕਾ ਨਹੀਂ ਦਿੱਤਾ ਹੈ। ਗੇਲ ਵਰਗੇ ਬੱਲੇਬਾਜ਼ ਨੂੰ ਬੈਂਚ 'ਤੇ ਬਿਠਾਈ ਰੱਖਣ ਦਾ ਕੋਈ ਫ਼ਾਇਦਾ ਨਹੀਂ ਹੈ। ਜਦੋਂ ਟੀਮ ਦੀ ਬੱਲੇਬਾਜ਼ੀ ਠੀਕ ਤਰ੍ਹਾਂ ਨਾਲ ਨਹੀਂ ਚੱਲ ਪਾ ਰਹੀ ਹੈ ਤਾਂ ਟੀਮ ਨੂੰ ਗੇਲ ਨੂੰ ਇਕ ਮੌਕਾ ਦੇਣਾ ਚਾਹੀਦਾ ਹੈ।  

ਇਹ ਵੀ ਪੜ੍ਹੋ: TikTok ਵੀਡੀਓ ਬਣਾਉਣ ਦੇ ਚੱਕਰ 'ਚ 20 ਸਾਲਾ ਕੁੜੀ ਦੀ ਗੋਲੀ ਲੱਗਣ ਕਾਰਨ ਮੌਤ

ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਯੋਜਨਾਵਾਂ ਦੇ ਸਮਾਨ ਪ੍ਰਦਰਸ਼ਨ ਨਹੀਂ ਕਰ ਪਾ ਰਹੀ ਹੈ। ਲੋਕੇਸ਼ ਨੇ ਕਿਹਾ, 'ਲਗਾਤਾਰ ਕਈ ਮੈਚ ਹਾਰਨਾ ਕਾਫ਼ੀ ਦੁਖਦ ਹੈ। ਸਾਨੂੰ ਲਗਾਤਾਰ ਕੋਸ਼ਿਸ਼ ਕਰਕੇ ਬਿਹਤਰ ਵਾਪਸੀ ਕਰਣੀ ਹੋਵੇਗੀ। ਅਸੀਂ ਕਿੱਥੇ ਗਲਤੀ ਕਰ ਰਹੇ ਹਾਂ ਉਸ ਵਿਚ ਕੋਈ ਰਾਕੇਟ ਸਾਇੰਸ ਨਹੀਂ ਹੈ। ਅਸੀਂ ਆਪਣੀਆਂ ਯੋਜਨਾਵਾਂ ਨੂੰ ਚੰਗੀ ਤਰ੍ਹਾਂ ਨਾਲ ਲਾਗੂ ਨਹੀਂ ਕਰ ਪਾ ਰਹੇ ਹਾਂ।' ਉਨ੍ਹਾਂ ਕਿਹਾ, 'ਜਦੋਂ ਤੁਸੀਂ ਸੱਤ-ਅੱਠ ਦੌੜਾਂ ਪ੍ਰਤੀ ਓਵਰ ਦਿੰਦੇ ਹੋ ਤਾਂ ਮੈਚ ਵਿਚ ਹਮਲਾਵਰ ਹੋ ਕੇ ਵਿਕਟਾਂ ਲਈਆਂ ਜਾ ਸਕਦੀਆਂ ਹਨ ਪਰ ਅਸੀਂ ਸ਼ੁਰੂਆਤ ਵਿਚ 10 ਦੌੜਾਂ ਪ੍ਰਤੀ ਓਵਰ ਦੇ ਰਹੇ ਸੀ ਇਸ ਲਈ ਹਮਲਾਵਰ ਹੋਣਾ ਮੁਸ਼ਕਲ ਹੈ। ਸਾਡੇ ਸਾਰੇ ਖਿਡਾਰੀ ਕਾਫ਼ੀ ਪੇਸ਼ੇਵਰ ਹਨ ਅਤੇ ਉਮੀਦ ਹੈ ਅਸੀਂ ਜਲਦ ਹੀ ਵਾਪਸੀ ਕਰਾਂਗੇ।'

ਹੈਦਰਾਬਾਦ ਖ਼ਿਲਾਫ਼ ਮੁੰਬਈ ਨੇ ਐਤਵਾਰ ਨੂੰ ਪਿਛਲੇ ਮੈਚ ਵਿਚ 208 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਪਰ ਹੈਦਰਾਬਾਦ ਦੀ ਟੀਮ 7 ਵਿਕਟਾਂ 'ਤੇ 174 ਦੌੜਾਂ ਹੀ ਬਣਾ ਸਕੀ ਸੀ। ਹੈਦਰਾਬਾਦ ਦੀਆਂ ਮੁਸ਼ਕਲਾਂ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੇ ਜ਼ਖ਼ਮੀ ਹੋ ਕੇ ਟੂਰਨਾਮੈਂਟ ਤੋਂ ਬਾਹਰ ਹੋ ਜਾਣ ਦੇ ਬਾਅਦ ਹੋਰ ਵੱਧ ਗਈਆਂ ਹਨ। ਹੈਦਰਾਬਾਦ ਨੇ ਭੁਵਨੇਸ਼ਵਰ ਦੀ ਜਗ੍ਹਾ ਟੀਮ ਵਿਚ ਆਂਧਰਾ ਪ੍ਰਦੇਸ਼ ਦੇ ਖੱਬੇ ਹੱਥ  ਦੇ ਤੇਜ਼ ਗੇਂਦਬਾਜ ਪ੍ਰਿਥਵੀਰਾਜ ਯਾਰਾ ਨੂੰ ਸ਼ਾਮਲ ਕੀਤਾ ਹੈ। ਪਿਛਲੇ ਮੁਕਾਬਲੇ ਵਿਚ ਹੈਦਰਾਬਾਦ ਵੱਲੋਂ ਕਪਤਾਨ ਡੈਵਿਡ ਵਾਰਨਰ ਨੇ ਸਭ ਤੋਂ ਜ਼ਿਆਦਾ 60 ਦੌੜਾਂ, ਜਾਨੀ ਬੇਇਰਸਟੋ ਨੇ 25 ਅਤੇ ਮਨੀਸ਼ ਪਾਂਡੇ ਨੇ 30 ਦੌੜਾਂ ਬਣਾਈਆਂ ਸਨ, ਜਦੋਂ ਕਿ ਕੇਨ ਵਿਲੀਅਮਸਨ 3 ਅਤੇ ਪ੍ਰਿਅਮ ਗਰਗ 5 ਦੌੜਾਂ ਬਣਾ ਕੇ ਆਊਟ ਹੋਏ। ਅਭਿਸ਼ੇਕ ਸ਼ਰਮਾ 10 ਅਤੇ ਅਬਦੁਲ ਸਮਦ 20 ਦੌੜਾਂ ਬਣਾ ਕੇ ਆਊਟ ਹੋਏ ਸਨ।  ਹੈਦਰਾਬਾਦ ਦੀ ਟੀਮ ਇਕ ਸਮੇਂ 10ਵੇਂ ਓਵਰ ਵਿਚ ਇਕ ਵਿਕਟ 'ਤੇ 94 ਦੌੜਾਂ ਬਣਾ ਕੇ ਚੰਗੀ ਹਾਲਤ ਵਿਚ ਸੀ ਪਰ ਇਸ ਦੇ ਬਾਅਦ ਉਸ ਦੀ ਪਾਰੀ ਲੜਖੜਾ ਗਈ। ਹੈਦਰਾਬਾਦ ਨੂੰ ਜਿੱਤ ਦੀਆਂ ਉਮੀਦਾਂ ਲਈ ਆਪਣੀ ਬੱਲੇਬਾਜ਼ੀ ਵਿਚ ਸੁਧਾਰ ਕਰਣਾ ਹੋਵੇਗਾ।


author

cherry

Content Editor

Related News