IPL 2020 : ਅੱਜ ਬੈਂਗਲੁਰੂ ਦਾ ਚੇਨਈ ਅਤੇ ਰਾਜਸਥਾਨ ਦਾ ਮੁੰਬਈ ਨਾਲ ਹੋਵੇਗਾ ਮੁਕਾਬਲਾ

Sunday, Oct 25, 2020 - 10:53 AM (IST)

ਦੁਬਈ (ਭਾਸ਼ਾ) : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ 11 ਵਿਚੋਂ 8 ਮੁਕਾਬਲਿਆਂ ਵਿਚ ਹਾਰ ਦਾ ਸਾਹਮਣਾ ਕਰਣ ਦੇ ਬਾਅਦ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਕਗਾਰ 'ਤੇ ਪਹੁੰਚ ਚੁੱਕੀ ਚੇਨਈ ਸੁਪਰ ਕਿੰਗਜ਼ (ਸੀ.ਐਸ.ਕੇ.) ਦੀ ਕੋਸ਼ਿਸ਼ ਐਤਵਾਰ ਯਾਨੀ ਅੱਜ ਦੁਪਹਿਰ ਨੂੰ ਰਾਇਲ ਚੈਲੇਂਜਰਸ ਬੈਂਗਲੁਰੂ (ਆਰ.ਸੀ.ਬੀ.) ਖ਼ਿਲਾਫ਼ ਜਿੱਤ ਦਰਜ ਕਰਕੇ ਸਨਮਾਨ ਹਾਸਲ ਕਰਣ ਦੀ ਹੋਵੇਗੀ। ਸੀ.ਐਸ.ਕੇ. ਦੇ ਨਾਮ 11 ਮੈਚਾਂ ਵਿਚ 6 ਅੰਕ ਹਨ ਅਤੇ ਟੀਮ ਆਪਣੇ ਤਿੰਨਾਂ ਮੈਚਾਂ ਨੂੰ ਵੱਡੇ ਅੰਤਰ ਨਾਲ ਜਿੱਤ ਕੇ ਪਲੇਅ-ਆਫ ਵਿਚ ਅਗਰ-ਮਗਰ ਦੇ ਫੇਰ ਨਾਲ ਪਹੁੰਚ ਸਕਦੀ ਹੈ। ਆਈ.ਪੀ.ਐਲ. ਦੀ 3 ਵਾਰ ਦੀ ਚੈਂਪੀਅਨ ਮੌਜੂਦਾ ਸੀਜ਼ਨ ਵਿਚ ਹਰ ਵਿਭਾਗਾਂ ਵਿਚ ਸੰਘਰਸ਼ ਕਰ ਰਹੀ ਹੈ। ਨੌਜਵਾਨ ਖਿਡਾਰੀਆਂ 'ਤੇ ਭਰੋਸਾ ਨਾ ਜਿਤਾਉਣ ਲਈ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਆਲੋਚਨਾ ਵੀ ਹੋਈ। ਅੰਕ ਸੂਚੀ ਵਿਚ ਆਖ਼ਰੀ ਪਾਏਦਾਨ 'ਤੇ ਕਾਬਿਜ ਸੀ.ਐਸ.ਕੇ. ਨੂੰ ਵਿਰਾਟ ਕੋਹਲੀ ਦੀ ਟੀਮ ਤੋਂ ਇਕ ਹੋਰ ਸਖ਼ਤ ਚੁਣੌਤੀ ਮਿਲੇਗੀ। ਰਾਇਲ ਚੈਲੇਂਜਰਸ ਬੈਂਗਲੁਰੂ 14 ਅੰਕ ਨਾਲ ਸੂਚੀ ਵਿਚ ਤੀਜੇ ਸਥਾਨ 'ਤੇ ਹੈ। ਪਹਿਲੇ ਅਤੇ ਦੂਜੇ ਸਥਾਨ 'ਤੇ ਕਾਬਿਜ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਦੇ ਨਾਮ ਵੀ ਇੰਨੇ ਹੀ ਅੰਕ ਹਨ। ਆਰ.ਸੀ.ਬੀ. ਦੀ ਕੋਸ਼ਿਸ਼ ਇਸ ਮੈਚ ਵਿਚ 2 ਅੰਕ ਹਾਸਲ ਕਰਣ ਦੇ ਇਲਾਵਾ ਨੈਟ ਰਨਰੇਟ ਸੁਧਾਰਣ 'ਤੇ ਹੋਵੇਗੀ, ਜਿਸ ਦੇ ਨਾਲ ਟੀਮ ਨੂੰ ਪਲੇਅ-ਆਫ ਵਿਚ ਫ਼ਾਇਦਾ ਹੋ ਸਕੇ।  

ਦੂਜੇ ਪਾਸੇ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਐਤਵਾਰ ਯਾਨੀ ਅੱਜ ਸ਼ਾਮ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਆਪਣੇ ਦਬਦਬੇ ਭਰੇ ਪ੍ਰਦਰਸ਼ਨ ਨੂੰ ਜ਼ਾਰੀ ਰੱਖਣਾ ਚਾਹੇਗੀ, ਹਾਲਾਂਕਿ ਉਸ ਦੇ ਲਈ ਕਪਤਾਨ ਰੋਹਿਤ ਸ਼ਰਮਾ ਦੀ ਫਿਟਨੈਸ ਚਿੰਤਾ ਦਾ ਵਿਸ਼ਾ ਬਣੀ ਹੋਵੇਗੀ। ਉਥੇ ਹੀ ਰਾਜਸਥਾਨ ਰਾਇਲਜ਼ ਦੀ ਟੀਮ ਨੂੰ ਟੂਰਨਾਮੈਂਟ ਵਿਚ ਬਣੇ ਰਹਿਣ ਲਈ ਇਸ ਮੈਚ ਵਿਚ ਜਿੱਤ ਦਰਜ ਕਰਣਾ ਜ਼ਰੂਰੀ ਹੋਵੇਗਾ। ਚੇਨਈ ਸੁਪਰ ਕਿੰਗਜ਼ ਖ਼ਿਲਾਫ਼ 10 ਵਿਕਟਾਂ ਦੀ ਜਿੱਤ ਨਾਲ ਮੁੰਬਈ ਨੇ ਫ਼ਾਰਮ ਵਿਚ ਵਾਪਸੀ ਕੀਤੀ, ਜਦੋਂ ਕਿ ਇਸ ਤੋਂ ਪਿਛਲੇ ਮੈਚ ਵਿਚ ਉਹ ਕਿੰਗਜ਼ ਇਲੈਵਨ ਪੰਜਾਬ ਤੋਂ ਸੁਪਰ ਓਵਰ ਵਿਚ ਹਾਰ ਗਈ ਸੀ। ਉਥੇ ਹੀ ਦੂਜੇ ਪਾਸੇ ਰਾਜਸਥਾਨ ਰਾਇਲਜ਼ ਨੂੰ ਪਿਛਲੇ ਮੈਚ ਵਿਚ ਸਨਰਾਇਜ਼ਰਸ ਹੈਦਰਾਬਾਦ ਤੋਂ 8 ਵਿਕਟਾਂ ਨਾਲ ਹਾਰ ਝੱਲਣੀ ਪਈ।  ਅੰਕ ਸੂਚੀ ਵਿਚ ਸਿਖ਼ਰ 'ਤੇ ਚੱਲ ਰਹੀ ਮੁੰਬਈ ਇੰਡੀਅਨਜ਼ ਪਲੇਅ ਆਫ ਵਿਚ ਪੁੱਜਣ ਵਾਲੀ ਹੈ ਪਰ ਰਾਜਸਥਾਨ ਲਈ ਇਹ ਮੈਚ ਕਾਫ਼ੀ ਅਹਿਮ ਹੈ ਜੋ 7ਵੇਂ ਸਥਾਨ 'ਤੇ ਹੈ ਅਤੇ ਇਕ ਹੋਰ ਹਾਰ ਉਸ ਨੂੰ ਬਾਹਰ ਹੋਣ ਦੇ ਕਰੀਬ ਪਹੁੰਚਾ ਦੇਵੇਗੀ।


cherry

Content Editor

Related News