IPL 2020: ਅੱਜ ਭਿੜਨਗੇ ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ

Tuesday, Sep 22, 2020 - 05:41 PM (IST)

IPL 2020: ਅੱਜ ਭਿੜਨਗੇ ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ

ਸ਼ਾਰਜਾਹ : ਆਈ. ਪੀ. ਐੱਲ. 2020 ਦੇ 13ਵੇਂ ਸੀਜ਼ਨ ਦਾ ਚੌਥਾ ਮੁਕਾਬਲਾ ਮੰਗਲਵਾਰ ਯਾਨੀ ਅੱਜ ਤਿੰਨ ਵਾਰ ਦੀ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਅਤੇ ਪਹਿਲੇ ਸੀਜ਼ਨ ਦੀ ਚੈਂਪੀਅਨ ਰਾਜਸ‍ਥਾਨ ਰਾਇਲ‍ਸ ਵਿਚਾਲੇ ਖੇਡਿਆ ਜਾਵੇਗਾ। ਜਿੱਥੇ ਐੱਮ.ਐੱਸ. ਧੋਨੀ. ਦੀ ਕਪ‍ਤਾਨੀ ਵਾਲੀ ਚੇਨੱਈ ਦਾ ਇਹ ਇਸ ਸੀਜ਼ਨ ਦਾ ਦੂਜਾ ਮੁਕਾਬਲਾ ਹੋਵੇਗਾ, ਉਥੇ ਹੀ ਰਾਜਸ‍ਥਾਨ ਆਪਣੇ ਅਭਿਆਨ ਦਾ ਆਗਾਜ਼ ਕਰੇਗਾ। ਚੇ‍ਨੱਈ ਨੇ ਓਪਨਿੰਗ ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਆਪਣਾ ਜੇਤੂ ਆਗਾਜ਼ ਕੀਤਾ। ਅਜਿਹੇ ਵਿਚ ਚੇਨੱਈ ਸੁਪਰ ਕਿੰਗਜ਼ ਦੇ ਸਾਹਮਣੇ ਰਾਜਸਥਾਨ ਰਾਇਲਜ਼ ਨੂੰ ਮੁਕਾਬਲੇ ਵਿਚ ਆਪਣੇ ਨਿਯਮਤ ਕਪਤਾਨ ਸਟੀਵ ਸਮਿਥ ਦੀ ਕਮੀ ਮਹਿਸੂਸ ਹੋ ਸਕਦੀ ਹੈ, ਜਿਹੜਾ ਕਨਕਸ਼ਨ ਦੇ ਕਾਰਣ ਆਪਣੀ ਟੀਮ ਦੇ ਪਹਿਲੇ ਮੈਚ ਵਿਚੋਂ ਬਾਹਰ ਰਹਿ ਸਕਦਾ ਹੈ। ਸਮਿਥ ਨੂੰ ਆਈ. ਪੀ. ਐੱਲ. ਲਈ ਯੂ. ਏ. ਈ. ਆਉਣ ਤੋਂ ਪਹਿਲਾਂ ਇੰਗਲੈਂਡ ਵਿਚ ਵਨ ਡੇ ਸੀਰੀਜ਼ ਤੋਂ ਪਹਿਲਾਂ ਮਾਨਚੈਸਟਰ ਵਿਚ ਨੈੱਟ ਅਭਿਆਸ ਦੌਰਾਨ ਸਿਰ ਵਿਚ ਸੱਟ ਲੱਗ ਗਈ ਸੀ ਤੇ ਉਹ ਵਨ ਡੇ ਸੀਰੀਜ਼ ਖੇਡਣ ਤੋਂ ਖੁੰਝ ਗਿਆ ਸੀ। ਸਮਿਥ ਦਾ ਕਨਕਸ਼ਨ ਦੇ ਕਾਰਣ ਰਾਜਸਥਾਨ ਦੇ ਆਈ. ਪੀ. ਐੱਲ. ਵਿਚ ਸ਼ੁਰੂਆਤੀ ਮੈਚ ਵਿਚ ਖੇਡਣਾ ਸ਼ੱਕੀ ਹੈ। ਯੂ. ਏ. ਈ. ਪਹੁੰਚਣ ਤੋਂ ਬਾਅਦ ਵੀ ਸਮਿਥ ਦੀ ਸਥਿਤੀ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ।

ਦੂਜੇ ਪਾਸੇ ਧੋਨੀ ਦੀ ਟੀਮ ਆਪਣੇ ਪਹਿਲੇ ਮੁਕਾਬਲੇ ਵਿਚ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾ ਚੁੱਕੀ ਹੈ ਤੇ 3 ਵਾਰ ਦੀ ਚੈਂਪੀਅਨ ਚੇਨਈ ਦਾ ਇਸ ਜਿੱਤ ਨਾਲ ਮਨੋਬਲ ਪਹਿਲਾਂ ਹੀ ਉੱਚਾ ਹੋ ਚੁੱਕਾ ਹੈ। ਹਾਲਾਂਕਿ ਕਪਤਾਨ ਧੋਨੀ ਨੇ ਜਿੱਤ ਦੇ ਬਾਵਜੂਦ ਕਿਹਾ ਸੀ ਕਿ ਕੁਝ ਵਿਭਾਗ ਅਜਿਹੇ ਹਨ, ਜਿਨ੍ਹਾਂ ਵਿਚ ਅਜੇ ਸੁਧਾਰ ਕਰਨ ਦੀ ਲੋੜ ਹੈ। ਰਾਜਸਥਾਨ ਲਈ ਆਪਣੇ ਪਹਿਲੇ ਮੁਕਾਬਲੇ ਤੋਂ ਪਹਿਲਾਂ ਫਿਲਹਾਲ ਕੁਝ ਵੀ ਠੀਕ ਨਹੀਂ ਹੈ। ਟੀਮ ਦੇ ਇੰਗਲੈਂਡ ਦੇ ਧਮਾਕੇਦਾਰ ਖਿਡਾਰੀ ਜੋਸ ਬਟਲਰ ਨੇ ਵੀ ਕਿਹਾ ਕਿ ਉਹ ਯੂ. ਏ. ਈ. ਵਿਚ ਜ਼ਰੂਰੀ ਇਕਾਂਤਵਾਸ ਵਿਚ ਹੋਣ ਦੇ ਕਾਰਣ ਚੇਨਈ ਵਿਰੁੱਧ ਟੀਮ ਦੇ ਪਹਿਲੇ ਮੈਚ ਵਿਚ ਨਹੀਂ ਖੇਡ ਸਕੇਗਾ। ਰਾਜਸਥਾਨ ਨੂੰ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ਵਿਚ ਸਟਾਰ ਆਲਰਾਊਂਡਰ ਬੇਨ ਸਟੋਕਸ ਦੀਆਂ ਸੇਵਾਵਾਂ ਵੀ ਨਹੀਂ ਮਿਲ ਸਕਣਗੀਆਂ ਜਿਹੜਾ ਆਪਣੇ ਪਿਤਾ ਦੇ ਬ੍ਰੇਨ ਕੈਂਸਰ ਦਾ ਪਤਾ ਲੱਗਣ ਦੇ ਕਾਰਣ ਕ੍ਰਾਈਸਟਚਰਚ ਵਿਚ ਆਪਣੇ ਪਰਿਵਾਰ ਦੇ ਨਾਲ ਹੈ। ਹਾਲਾਂਕਿ ਉਸ ਨੇ ਨਿਊਜ਼ੀਲੈਂਡ ਪਹੁੰਚਣ ਤੋਂ ਬਾਅਦ 14 ਦਿਨ ਦਾ ਆਈਸੋਲੇਸ਼ਨ ਪੂਰਾ ਕਰ ਲਿਆ ਹੈ ਤੇ ਆਪਣੀ ਟ੍ਰੇਨਿੰਗ ਵੀ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਇਹ ਦੇਖਣਾ ਪਵੇਗਾ ਕਿ ਉਹ ਟੀਮ ਦੇ ਨਾਲ ਕਦੋਂ ਜੁੜ ਸਕੇਗਾ।

ਇਹ ਵੀ ਪੜ੍ਹੋ: ਰਾਹਤ, ਅੱਜ ਫਿਰ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਭਾਅ

ਰਾਜਸਥਾਨ ਲਈ ਚੰਗੀ ਖਬਰ ਇਹ ਹੈ ਕਿ ਇੰਗਲੈਂਡ ਦਾ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਇਸ ਮੈਚ ਵਿਚ ਉਪਲੱਬਧ ਰਹੇਗਾ। ਆਸਟਰੇਲੀਆ ਤੇ ਇੰਗਲੈਂਡ ਦੇ ਆਈ. ਪੀ. ਐੱਲ. ਨਾਲ ਕਰਾਰਬੱਧ ਖਿਡਾਰੀ 16 ਸਤੰਬਰ ਨੂੰ ਵਨ ਡੇ ਸੀਰੀਜ਼ ਖਤਮ ਹੋਣ ਤੋਂ ਅਗਲੇ ਦਿਨ ਯੂ. ਏ. ਈ. ਪਹੁੰਚ ਗਏ ਸਨ। ਆਪਣੇ ਕੁਝ ਸਟਾਰ ਵਿਦੇਸ਼ੀ ਖਿਡਾਰੀਆਂਂ ਦੀ ਗੈਰ-ਹਾਜ਼ਰੀ ਵਿਚ ਰਾਜਸਥਾਨ ਲਈ ਇਕ ਸੰਤੁਲਿਤ ਇਲੈਵਨ ਲੱਭਣੀ ਟੇਢੀ ਖੀਰ ਹੋਵੇਗੀ। ਜੇਕਰ ਸਮਿਥ ਇਸ ਮੈਚ ਵਿਚ ਨਹੀਂ ਖੇਡ ਸਕਿਆ ਤਾਂ ਰਾਜਸਥਾਨ ਨੂੰ ਇਸ ਮੁਕਾਬਲੇ ਲਈ ਨਵਾਂ ਕਪਤਾਨ ਲੱਭਣਾ ਪਵੇਗਾ ਤੇ ਤਜਰਬੇਕਾਰ ਰੌਬਿਨ ਉਥੱਪਾ ਇਹ ਜ਼ਿੰਮੇਵਾਰੀ ਸੰਭਾਲ ਸਕਦਾ ਹੈ। ਪਿਛਲੇ ਸੈਸ਼ਨ ਵਿਚ ਅਜਿੰਕਯਾ ਰਹਾਨੇ ਟੀਮ ਦਾ ਕਪਤਾਨ ਸੀ ਪਰ ਸ਼ੁਰੂਆਤੀ ਛੇ ਮੈਚਾਂ ਵਿਚੋਂ 5 ਹਾਰ ਜਾਣ ਤੋਂ ਬਾਅਦ ਉਸ ਨੂੰ ਹਟਾ ਕੇ ਸਮਿਥ ਨੂੰ ਨਵਾਂ ਕਪਤਾਨ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਰਾਜਸਥਾਨ ਦੇ ਪ੍ਰਦਰਸ਼ਨ ਵਿਚ ਸ਼ਲਾਘਾਯੋਗ ਸੁਧਾਰ ਆਇਆ ਸੀ। ਰਹਾਨੇ ਇਸ ਸੈਸ਼ਨ ਵਿਚ ਦਿੱਲੀ ਕੈਪੀਟਲਸ ਟੀਮ ਵਲੋਂ ਖੇਡ ਰਿਹਾ ਹੈ। ਉਥੱਪਾ ਟੀਮ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਹੈ ਤੇ ਉਸ 'ਤੇ ਟੀਮ ਦੇ ਨਾਲ ਮੱਧਕ੍ਰਮ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਰਹੇਗੀ।

ਟੀਮਾਂ ਇਸ ਤਰ੍ਹਾਂ ਹਨ-
ਰਾਜਸਥਾਨ ਰਾਇਲਜ਼-
ਸਟੀਵ ਸਮਿਥ (ਕਪਤਾਨ), ਜੋਸ ਬਟਲਰ, ਰੌਬਿਨ ਉਥੱਪਾ, ਸੰਜੂ ਸੈਮਸਨ, ਬੇਨ ਸਟੋਕਸ, ਜੋਫ੍ਰਾ ਆਰਚਰ, ਯਸ਼ਸਵੀ ਜਾਇਸਵਾਲ, ਮਨਨ ਵੋਹਰਾ, ਕਾਰਤਿਕ ਤਿਆਗੀ, ਅਕਾਸ਼ ਸਿੰਘ, ਓਸ਼ੇਨ ਥਾਮਸ, ਐਂਡ੍ਰਿਊ ਟਾਏ, ਡੇਵਿਡ ਮਿਲਰ, ਟਾਮ ਕਿਊਰਨ, ਅਨਿਰੁਧ ਜੋਸ਼ੀ, ਸ਼੍ਰੇਅਸ ਗੋਪਾਲ, ਰਿਆਨ ਪਰਾਗ, ਵਰੁਣ ਆਰੋਨ, ਸ਼ਸ਼ਾਂਕ ਸਿੰਘ, ਅਨੁਜ ਰਾਵਤ, ਮਹਿਪਾਲ ਲੋਮਰੋਰ, ਮਯੰਕ ਮਾਰਕੰਡੇ।

ਚੇਨਈ- ਮਹਿੰਦਰ ਸਿੰਘ ਧੋਨੀ (ਕਪਤਾਨ), ਮੁਰਲੀ ਵਿਜੇ, ਅੰਬਾਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਲੂੰਗੀ ਇਨਗਿਡੀ, ਦੀਪਕ ਚਾਹਰ, ਪਿਊਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੈਂਟਨਰ, ਜੋਸ਼ ਹੇਜਲਵੁਡ, ਸ਼ਾਰਦੁਲ ਠਾਕੁਰ, ਸੈਮ ਕਿਊਰਨ, ਐੱਨ. ਜਗਦੀਸ਼ਨ, ਕੇ. ਐੱਮ. ਆਸਿਫ, ਮੋਨੂ ਕੁਮਾਰ, ਆਰ. ਸਾਈ. ਕਿਸ਼ੋਰ, ਰਿਤੁਰਾਜ ਗਾਇਕਵਾੜ, ਕਰਣ ਸ਼ਰਮਾ।


author

cherry

Content Editor

Related News