IPL 2019: ਦਿੱਲੀ ਕੈਪੀਟਲਸ ਨੇ ਮੁੰਬਈ ਇੰਡੀਅਨਜ਼ ਨੂੰ 37 ਦੌੜਾਂ ਨਾਲ ਹਰਾਇਆ

Sunday, Mar 24, 2019 - 11:53 PM (IST)

IPL 2019: ਦਿੱਲੀ ਕੈਪੀਟਲਸ ਨੇ ਮੁੰਬਈ ਇੰਡੀਅਨਜ਼ ਨੂੰ 37 ਦੌੜਾਂ ਨਾਲ ਹਰਾਇਆ

ਮੁੰਬਈ- ਭਾਰਤ ਦੀ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਦੀ ਦਾਅਵੇਦਾਰੀ ਪੇਸ਼ ਕਰ ਰਹੇ ਰਿਸ਼ਭ ਪੰਤ ਦੀ ਤੂਫਾਨੀ ਪਾਰੀ ਨਾਲ ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਮੁੰਬਈ ਇੰਡੀਅਨਜ਼ ਨੂੰ 37 ਦੌੜਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਦਿੱਲੀ ਦੀਆਂ 214 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੀ ਟੀਮ ਯੁਵਰਾਜ ਸਿੰਘ (53) ਦੇ ਅਰਧ ਸੈਂਕੜੇ ਦੇ ਬਾਵਜੂਦ 19.2 ਓਵਰਾਂ ਵਿਚ 176 ਦੌੜਾਂ 'ਤੇ ਢੇਰ ਹੋ ਗਈ। ਯੁਵਰਾਜ ਦੇ ਇਲਾਵਾ ਕਰੁਣਾਲ ਪੰਡਯਾ (32) ਹੀ 30 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕਿਆ। ਜਸਪ੍ਰੀਤ ਬੁਮਰਾਹ ਜ਼ਖ਼ਮੀ ਹੋਣ ਕਾਰਨ ਬੱਲੇਬਾਜ਼ੀ ਲਈ ਨਹੀਂ ਉਤਰ ਸਕਿਆ। ਦਿੱਲੀ ਵਲੋਂ ਕੈਗੀਸੋ ਰਬਾਡਾ ਨੇ 24, ਜਦਕਿ ਇਸ਼ਾਂਤ ਸ਼ਰਮਾ ਨੇ 34 ਦੌੜਾਂ ਦੇ ਕੇ 2-2 ਵਿਕਟਾਂ ਲਈਆਂ।
PunjabKesari

ਇਸ ਤੋਂ ਪਹਿਲਾਂ ਮੁੰਬਈ ਲਈ ਪੰਤ ਨੇ  27 ਗੇਂਦਾਂ ਵਿਚ 7 ਛੱਕਿਆਂ ਤੇ 7 ਚੌਕਿਆਂ ਦੀ ਮਦਦ ਨਾਲ ਅਜੇਤੂ 78 ਦੌੜਾਂ ਦੀ ਪਾਰੀ ਖੇਡੀ। ਇਸਦੇ ਇਲਾਵਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (43) ਤੇ ਕੌਲਿਨ ਇਨਗ੍ਰਾਮ (47) ਨੇ ਵੀ ਸ਼ਾਨਦਾਰ ਪਾਰੀਆਂ ਖੇਡਣ ਦੇ ਇਲਾਵਾ ਤੀਜੀ ਵਿਕਟ ਲਈ 83 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਟੀਮ 6 ਵਿਕਟਾਂ 'ਤੇ 213 ਦੌੜਾਂ ਬਣਾਉਣ ਵਿਚ ਸਫਲ ਰਹੀ। ਪੰਤ ਦੀ ਪਾਰੀ ਦੀ ਬਦੌਲਤ ਦਿੱਲੀ ਦੀ ਟੀਮ ਨੇ ਆਖਰੀ 6 ਓਵਰਾਂ ਵਿਚ 99 ਦੌੜਾਂ ਜੋੜੀਆਂ। ਮੁੰਬਈ ਵਲੋਂ ਮਿਸ਼ੇਲ ਮੈਕਲੇਨਘਨ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 40 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਉਸਦੇ ਗੇਂਦਬਾਜ਼ ਸਹੀ ਸਾਬਤ ਕਰਨ ਵਿਚ ਅਸਫਲ ਰਹੇ।
ਬੁਮਰਾਹ ਨੂੰ ਲੱਗੀ ਸੱਟ-ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਐਤਵਾਰ ਨੂੰ ਇੱਥੇ ਦਿੱਲੀ ਕੈਪੀਟਲਸ ਵਿਰੁੱਧ ਆਈ. ਪੀ. ਐੱਲ. ਮੈਚ ਦੌਰਾਨ ਸੱਟ ਲੱਗ ਗਈ, ਜਿਸ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਫਿਜ਼ੀਓ ਉਸ ਨੂੰ ਮੈਦਾਨ ਵਿਚੋਂ ਬਾਹਰ ਲੈ ਗਏ।  ਬੁਮਰਾਹ ਦੀ ਸੱਟ ਨਾਲ ਵਿਸ਼ਵ ਕੱਪ ਲਈ ਜਾਣ ਵਾਲੀ ਭਾਰਤੀ ਟੀਮ ਦੀ ਚਿੰਤਾ ਵਧ ਸਕਦੀ ਹੈ।

 


Related News