ਜਦੋਂ ਸੁਰੱਖਿਆ ਘੇਰਾ ਤੋੜ ਧੋਨੀ ਦੇ ਪੈਰਾਂ ''ਚ ਜਾ ਡਿੱਗਿਆ ਇਹ ਵਿਅਕਤੀ, ਜਾਣੋ ਫਿਰ ਕੀ ਹੋਇਆ
Wednesday, Mar 27, 2019 - 05:20 PM (IST)

ਨਵੀਂ ਦਿੱਲੀ : ਚੇਨਈ ਸੁਪਰ ਕਿੰਗਜ਼ ਨੇ ਮੰਗਲਵਾਰ ਨੂੰ ਦਿੱਲੀ ਕੈਪੀਟਲਸ ਨੂੰ ਉਸ ਦੇ ਘਰ ਵਿਚ ਹੀ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਦੌਰਾਨ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਕ ਵਾਰ ਫਿਰ ਫਿਨਿਸ਼ਰ ਦੀ ਭੂਮਿਕਾ ਚੰਗੀ ਤਰ੍ਹਾਂ ਨਿਭਾਈ ਅਤੇ 32 ਦੌੜਾਂ ਬਣਾ ਕੇ ਨਾਟ ਆਊਟ ਪਰਤੇ। ਮੈਚ ਦੌਰਾਨ ਧੋਨੀ ਨਾਲ ਮਿਲਣ ਲਈ ਫਿਰੋਜਸ਼ਾਹ ਸ਼ਾਹ ਕੋਟਲਾ ਮੈਦਾਨ 'ਤੇ ਸੁਰੱਖਿਆ ਘੇਰਾ ਤੋੜ ਕੇ 2 ਪ੍ਰਸ਼ੰਸਕ ਮੈਦਾਨ 'ਤੇ ਪਹੁੰਚ ਗਏ।
ਉਨ੍ਹਾਂ ਵਿਚੋਂ ਇਕ ਪ੍ਰਸ਼ੰਸਕ ਤਾਂ ਧੋਨੀ ਦੇ ਪੈਰਾਂ ਵਿਚ ਡਿੱਗ ਪਿਆ। ਧੋਨੀ ਨੇ ਉਸ ਪ੍ਰਸ਼ੰਸਕ ਦੇ ਮੋਢੇ 'ਤੇ ਹੱਥ ਰੱਖਿਆ ਅਤੇ ਉਸ ਤੋਂ ਬਾਅਦ ਉਸ ਨੂੰ ਸਿਕਿਓਰਿਟੀ ਵਾਲੇ ਮੈਦਾਨ ਤੋਂ ਬਾਹਰ ਲੈ ਗਏ। ਮੈਚ ਦੌਰਾਨ ਇਕ ਵਿਅਕਤੀ , ਜਿਸ ਨੇ ਚੇਨਈ ਸੁਪਰ ਕਿੰਗਜ਼ ਦੀ ਜਰਸੀ ਵੀ ਪਾਈ ਸੀ ਉਹ ਵੀ ਮੈਦਾਨ ਦੇ ਅੰਦਰ ਆ ਗਿਆ ਅਤੇ ਧੋਨੀ ਦੇ ਪੈਰ ਛੂਹਣ ਲੱਗਾ। ਫਿਰੋਜਸ਼ਾਹ ਕੋਟਲਾ ਵੈਸੇ ਤਾਂ ਦਿੱਲੀ ਕੈਪੀਟਲਸ ਦਾ ਹੋਮ ਗ੍ਰਾਊਂਡ ਹੈ ਪਰ ਉੱਥੇ ਧੋਨੀ ਦੀ ਫੈਨ ਫਾਲਓਇੰਗ ਜ਼ਿਆਦਾ ਦਿਸੀ ਸੀ।
ਦਿੱਲੀ ਕੈਪੀਟਲਸ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 6 ਵਿਕਟਾਂ 'ਤੇ 147 ਦੌੜਾਂ ਬਣਾਈਆਂ। ਜਵਾਬ ਵਿਚ ਚੇਨਈ ਸੁਪਰ ਕਿੰਗਜ਼ ਨੇ 19.4 ਓਵਰਾਂ ਵਿਚ 4 ਵਿਕਟਾਂ ਗੁਆ ਕੇ 150 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ। ਸ਼ੇਨ ਵਾਟਸਨ ਨੇ 26 ਗੇਂਦਾਂ 'ਤੇ 44 ਦੌੜਾਂ ਦਾ ਯੋਗਦਾਨ ਦਿੱਤਾ, ਉੱਥੇ ਹੀ ਸੁਰੇਸ਼ ਰੈਨਾ ਨੇ 16 ਗੇਂਦਾਂ 'ਤੇ 30 ਦੌੜਾਂ ਬਣਾਈਆਂ। ਧੋਨੀ 35 ਗੇਂਦਾਂ 'ਤੇ 32 ਦੌੜਾਂ ਬਣਾ ਕੇ ਅਜੇਤੂ ਪਰਤੇ।