IPL 2019 : ਚੌਥੀ ਜਿੱਤ ਲਈ ਉਤਰੇਗੀ ਦਿੱਲੀ
Friday, Apr 12, 2019 - 04:32 AM (IST)

ਕੋਲਕਾਤਾ- ਆਈ. ਪੀ. ਐੱਲ. ਦਾ 12ਵਾਂ ਸੈਸ਼ਨ ਆਪਣੇ ਲਗਭਗ ਅੱਧੇ ਸਫਰ ਤਕ ਪਹੁੰਚ ਚੁੱਕਾ ਹੈ ਤੇ ਇੱਥੋਂ ਹੋਣ ਵਾਲਾ ਹਰ ਮੁਕਾਬਲਾ ਪਲੇਅ ਆਫ ਲਈ ਫੈਸਲਾਕੁੰਨ ਹੁੰਦਾ ਜਾਵੇਗਾ। ਦਿੱਲੀ ਕੈਪੀਟਲਸ ਸ਼ੁੱਕਰਵਾਰ ਨੂੰ ਈਡਨ ਗਾਰਡਨ ਮੈਦਾਨ ਵਿਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਹੋਣ ਵਾਲੇ ਮੁਕਾਬਲੇ ਵਿਚ ਅੰਕ ਸੂਚੀ ਵਿਚ ਆਪਣੀ ਸਥਿਤੀ ਸੁਧਾਰਨ ਦੇ ਮਜ਼ਬੂਤ ਇਰਾਦੇ ਨਾਲ ਉਤਰੇਗੀ। ਦਿੱਲੀ ਇਸ ਸਮੇਂ 6 ਮੈਚਾਂ 'ਚੋਂ 3 ਜਿੱਤਾਂ ਤੇ 3 ਹਾਰਾਂ ਨਾਲ ਅੰਕ ਸੂਚੀ ਵਿਚ ਛੇਵੇਂ ਸਥਾਨ 'ਤੇ ਹੈ, ਜਦਕਿ ਕੋਲਕਾਤਾ 6 ਮੈਚਾਂ 'ਚੋਂ 4 ਜਿੱਤਾਂ ਤੇ 2 ਹਾਰਾਂ ਨਾਲ 8 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਦਿੱਲੀ ਤੇ ਕੋਲਕਾਤਾ ਵਿਚਾਲੇ ਇਸ ਸੈਸ਼ਨ ਵਿਚ ਪਿਛਲੀ 30 ਮਾਰਚ ਨੂੰ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਮੁਕਾਬਲਾ ਹੋਇਆ ਸੀ, ਜਿਸ ਵਿਚ ਦਿੱਲੀ ਨੇ ਸੁਪਰ ਓਵਰ ਵਿਚ ਜਿੱਤ ਹਾਸਲ ਕੀਤੀ ਸੀ। ਇਹ ਇਸ ਸੈਸ਼ਨ ਦਾ ਪਹਿਲਾ ਸੁਪਰ ਓਵਰ ਸੀ।
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਦੇ ਕਮਾਲ ਦੇ ਸੁਪਰ ਓਵਰ ਨੇ ਦਿੱਲੀ ਕੈਪੀਟਲਸ ਨੂੰ ਉਸ ਮੁਕਾਬਲੇ ਵਿਚ ਜਿੱਤ ਦਿਵਾਈ ਸੀ। ਕੋਲਕਾਤਾ ਨੇ ਕੈਰੇਬੀਆਈ ਧੁਨੰਤਰ ਆਂਦ੍ਰੇ ਰਸੇਲ (62) ਤੇ ਕਪਤਾਨ ਦਿਨੇਸ਼ ਕਾਰਤਿਕ (50) ਦੇ ਅਰਧ ਸੈਂਕੜਿਆਂ ਨਾਲ 8 ਵਿਕਟਾਂ 'ਤੇ 185 ਦੌੜਾਂ ਬਣਾਈਆਂ ਸਨ, ਜਦਕਿ ਦਿੱਲੀ ਨੇ ਨੌਜਵਾਨ ਓਪਨਰ ਪ੍ਰਿਥਵੀ ਸ਼ਾਹ ਦੀਆਂ 99 ਦੌੜਾਂ ਨਾਲ 6 ਵਿਕਟਾਂ 'ਤੇ 185 ਦੌੜਾਂ ਬਣਾਈਆਂ ਸਨ ਤੇ ਸਕੋਰ ਟਾਈ ਹੋ ਗਿਆ ਸੀ। ਮੈਚ ਦਾ ਫੈਸਲਾ ਸੁਪਰ ਓਵਰ ਵਿਚ ਹੋਇਆ ਸੀ। ਸੁਪਰ ਓਵਰ ਵਿਚ ਦਿੱਲੀ ਨੇ ਪਹਿਲਾਂ ਖੇਡਦੇ ਹੋਏ 10 ਦੌੜਾਂ ਬਣਾਈਆਂ, ਜਦਕਿ ਕੋਲਕਾਤਾ ਦੀ ਟੀਮ ਪਹਿਲੀ ਗੇਂਦ 'ਤੇ ਚੌਕੇ ਦੇ ਬਾਵਜੂਦ ਸੁਪਰ ਓਵਰ ਵਿਚ 7 ਦੌੜਾਂ ਹੀ ਬਣਾ ਸਕੀ। ਦਿੱਲੀ ਨੇ ਸੁਪਰ ਓਵਰ ਦੀ ਜਿੱਤ ਤੋਂ ਬਾਅਦ ਪੰਜਾਬ ਕੋਲੋਂ 14 ਦੌੜਾਂ ਨਾਲ ਤੇ ਹੈਦਰਾਬਾਦ ਕੋਲੋਂ 5 ਵਿਕਟਾਂ ਨਾਲ ਮੈਚ ਗੁਆਏ ਪਰ ਪਿਛਲੇ ਮੈਚ ਵਿਚ ਫਾਡੀ ਟੀਮ ਬੈਂਗਲੁਰੂ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ।
ਸੁਪਰ ਓਵਰ ਦੀ ਹਾਰ ਤੋਂ ਬਾਅਦ ਕੋਲਕਾਤਾ ਨੇ ਬੈਂਗਲੁਰੂ ਨੂੰ 5 ਵਿਕਟਾਂ ਨਾਲ ਤੇ ਰਾਜਸਥਾਨ ਨੂੰ 8 ਵਿਕਟਾਂ ਨਾਲ ਹਰਾਇਆ ਪਰ ਪਿਛਲੇ ਮੈਚ ਵਿਚ ਉਸ ਨੂੰ ਚੇਨਈ ਹੱਥੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਚੇਨਈ ਵਿਰੁੱਧ ਕੋਲਕਾਤਾ ਨੇ ਸਿਰਫ 108 ਦੌੜਾਂ ਬਣਾਈਆਂ ਸਨ, ਜਿਨ੍ਹਾਂ ਵਿਚ ਆਂਦ੍ਰੇ ਰਸੇਲ ਦੀਆਂ ਅਜੇਤੂ 50 ਦੌੜਾਂ ਸ਼ਾਮਲ ਸਨ। ਕੋਲਕਾਤਾ ਨੂੰ ਆਪਣੇ ਘਰੇਲੂ ਮੈਦਾਨ ਵਿਚ ਆਪਣੀ ਬੱਲੇਬਾਜ਼ੀ ਵਿਚ ਸੁਧਾਰ ਕਰਨਾ ਪਵੇਗਾ, ਉਦੋਂ ਹੀ ਉਹ ਦਿੱਲੀ ਵਿਰੁੱਧ ਜਿੱਤ ਦੀ ਉਮੀਦ ਕਰ ਸਕੇਗੀ।