IPL : ਲਖਨਊ ਫ੍ਰੈਂਚਾਈਜ਼ੀ ਦਾ ਸਹਾਇਕ ਕੋਚ ਬਣਿਆ ਇਹ ਸਾਬਕਾ ਵਿਕਟਕੀਪਰ ਬੱਲੇਬਾਜ਼
Wednesday, Dec 22, 2021 - 01:33 PM (IST)
ਨਵੀਂ ਦਿੱਲੀ- ਸਾਬਕਾ ਵਿਕਟਕੀਪਰ ਬੱਲੇਬਾਜ਼ ਵਿਜੇ ਦਾਹੀਆ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਤੋਂ ਪਹਿਲਾਂ ਬੁੱਧਵਾਰ ਨੂੰ ਲਖਨਊ ਫ਼੍ਰੈਂਚਾਈਜ਼ੀ ਦਾ ਸਹਾਇਕ ਕੋਚ ਨਿਯੁਕਤ ਕੀਤਾ ਗਿਆ। ਹਰਿਆਣਾ ਦੇ ਰਹਿਣ ਵਾਲੇ 48 ਸਾਲਾ ਦਾਹੀਆ ਉੱਤਰ ਪ੍ਰਦੇਸ਼ ਟੀਮ ਦੇ ਮੌਜੂਦਾ ਕੋਚ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਦੋ ਵਾਰ ਆਈ. ਪੀ. ਐੱਲ. ਖ਼ਿਤਾਬ ਜਿੱਤਣ ਵਾਲੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਸਹਾਇਕ ਕੋਚ ਦੇ ਤੌਰ 'ਤੇ ਕੰਮ ਕੀਤਾ ਹੈ।
ਉਨ੍ਹਾਂ ਨੇ ਦਿੱਲੀ ਰਣਜੀ ਟੀਮ ਨੂੰ ਕੋਚਿੰਗ ਦੇਣ ਦੇ ਇਲਾਵਾ ਦਿੱਲੀ ਕੈਪੀਟਲਸ 'ਚ ਹੁਨਰਮੰਦ ਖਿਡਾਰੀਆਂ ਨੂੰ ਭਾਲਣ ਲਈ 'ਟੈਲੰਟ ਸਕਾਊਟ' ਦੇ ਰੂਪ 'ਚ ਕੰਮ ਕੀਤਾ ਹੈ। ਭਾਰਤ ਵਲੋਂ ਦੋ ਟੈਸਟ ਤੇ 19 ਵਨ-ਡੇ ਕੌਮਾਂਤਰੀ ਮੈਚ ਖੇਡਣ ਵਾਲੇ ਦਾਹੀਆ ਨੇ ਇੱਥੇ ਜਾਰੀ ਬਿਆਨ 'ਚ ਕਿਹਾ, 'ਲਖਨਊ ਆਈ. ਪੀ. ਐੱਲ. ਫ੍ਰੈਂਚਾਈਜ਼ੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਣ ਨਾਲ ਮੈਂ ਖ਼ੁਸ਼ ਤੇ ਧੰਨਵਾਦੀ ਹਾਂ।' ਲਖਨਊ ਟੀਮ ਆਰ. ਪੀ. ਐੱਸ. ਜੀ. ਸਮੂਹ ਦਾ ਹਿੱਸਾ ਹੈ। ਉਹ ਪਹਿਲਾਂ ਹੀ ਐਂਡੀ ਫਲਾਵਰ ਨੂੰ ਮੁੱਖ ਕੋਚ ਤੇ ਗੌਤਮ ਗੰਭੀਰ ਨੂੰ ਮੈਂਟੋਰ (ਮਾਰਗਦਰਸ਼ਕ) ਦੇ ਤੌਰ 'ਤੇ ਨਿਯੁਕਤ ਕਰ ਚੁੱਕੀ ਹੈ।