ਦੋਆਬਾ ਬਣਿਆ ਫਰਜ਼ੀ ਟ੍ਰੈਵਲ ਏਜੰਟਾਂ ਦਾ ਗੜ੍ਹ! ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

Thursday, Mar 19, 2026 - 02:10 PM (IST)

ਦੋਆਬਾ ਬਣਿਆ ਫਰਜ਼ੀ ਟ੍ਰੈਵਲ ਏਜੰਟਾਂ ਦਾ ਗੜ੍ਹ! ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

ਫਗਵਾੜਾ (ਜਲੋਟਾ)- ਗੈਰ-ਕਾਨੂੰਨੀ ਪਰਵਾਸ ਕਈ ਦੇਸ਼ਾਂ ਲਈ ਲੰਬੇ ਸਮੇਂ ਤੋਂ ਇਕ ਗੰਭੀਰ ਚੁਣੌਤੀ ਬਣਿਆ ਹੋਇਆ ਹੈ ਅਤੇ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਵਿਦੇਸ਼ਾਂ 'ਚ ਭਾਰਤੀਆਂ ਦੀ ਇਕ ਬਹੁਤ ਵੱਡੀ ਗਿਣਤੀ ਨਿਵਾਸ ਕਰਦੀ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਕਾਨੂੰਨੀ ਤਰੀਕੇ ਨਾਲ ਗਏ ਹਨ ਪਰ ਇਕ ਵੱਡਾ ਹਿੱਸਾ ਅਜਿਹਾ ਵੀ ਹੈ ਜੋ ਧੋਖੇਬਾਜ਼ ਏਜੰਟਾਂ ਦੁਆਰਾ ਅਪਣਾਏ ਗਏ ਗੁੰਮਰਾਹਕੁੰਨ ਹੱਥਕੰਡਿਆਂ ਅਤੇ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਗੈਰ-ਕਾਨੂੰਨੀ ਰਸਤਿਆਂ ਰਾਹੀਂ ਵਿਦੇਸ਼ਾਂ ਵਿਚ ਦਾਖ਼ਲ ਹੋਇਆ ਹੈ। ਪੰਜਾਬ ਵਿਚ ਖ਼ਾਸ ਕਰਕੇ ਪਿਛਲੇ ਕੁਝ ਸਾਲਾਂ ਦੌਰਾਨ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਚਿੰਤਾਜਨਕ ਵਾਧਾ ਹੋਇਆ ਹੈ।

ਅਜੋਕੇ ਸਮੇਂ ਵਿਚ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ ਕਿਉਂਕਿ ਅਮਰੀਕਾ ਵਿਚ ਟਰੰਪ ਸਰਕਾਰ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤ ਮੁਹਿੰਮ ਵਿੱਢੀ ਗਈ ਹੈ ਅਤੇ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਡਿਪੋਰਟ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਯੂ. ਕੇ. (ਇੰਗਲੈਂਡ) ਵੀ ਇਸੇ ਤਰ੍ਹਾਂ ਦੀ ਸਖ਼ਤੀ ਦੀ ਤਿਆਰੀ ਕਰ ਰਿਹਾ ਹੈ। ਕੈਨੇਡਾ ਨੇ ਪਹਿਲਾਂ ਹੀ ਆਪਣੀਆਂ ਵੀਜ਼ਾ ਨੀਤੀਆਂ ਵਿਚ ਸਖ਼ਤ ਬਦਲਾਅ ਕਰਦਿਆਂ ਕਈ ਵੱਡੇ ਐਲਾਨ ਕੀਤੇ ਹਨ। ਇਸ ਤੋਂ ਇਲਾਵਾ ਆਸਟ੍ਰੇਲੀਆ, ਯੂਰਪੀ ਦੇਸ਼ ਅਤੇ ਸਾਊਦੀ ਅਰਬ ਵਰਗੇ ਮੁਲਕ ਵੀ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਸਖ਼ਤ ਕਦਮ ਚੁੱਕ ਰਹੇ ਹਨ। ਇਨ੍ਹਾਂ ਸਾਰੀਆਂ ਚਿਤਾਵਨੀਆਂ ਦੇ ਬਾਵਜੂਦ ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਾਲਸਾ ਇੰਨੀ ਪ੍ਰਬਲ ਹੈ ਕਿ ਉਹ ਆਪਣੀ ਜਾਨ ਤੱਕ ਜ਼ੋਖ਼ਮ ਵਿਚ ਪਾ ਕੇ ਅਮਰੀਕਾ, ਆਸਟ੍ਰੇਲੀਆ ਅਤੇ ਯੂਰਪ ਜਾਣ ਲਈ ਤਿਆਰ ਹਨ। ਲੋਕਾਂ ਦੀ ਇਸੇ ਮਜਬੂਰੀ ਅਤੇ ਜਜ਼ਬਾਤਾਂ ਦਾ ਫਾਇਦਾ ਪੰਜਾਬ ਦੇ ਸ਼ਾਤਿਰ ਅਤੇ ਫਰਜ਼ੀ ਟ੍ਰੈਵਲ ਏਜੰਟ ਉਠਾ ਰਹੇ ਹਨ।

ਇਹ ਵੀ ਪੜ੍ਹੋ: ਸਿਆਸਤ 'ਚ ਹੋਣ ਜਾ ਰਿਹੈ ਵੱਡਾ ਧਮਾਕਾ! ਆਦਮਪੁਰ ਹਲਕੇ 'ਚ 'ਆਪ' ਨੂੰ ਲੱਗ ਸਕਦੈ ਵੱਡਾ ਝਟਕਾ

ਦੋਆਬਾ ਖੇਤਰ ਵਿਚ ਫਰਜ਼ੀ ਏਜੰਟਾਂ ਦਾ ਮੱਕੜਜਾਲ
ਪੰਜਾਬ ਦਾ ਦੋਆਬਾ ਖੇਤਰ ਜਿਸ ਵਿਚ ਜ਼ਿਲ੍ਹਾ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਸ਼ਾਮਲ ਹਨ, ਅੱਜ ਫਰਜ਼ੀ ਟ੍ਰੈਵਲ ਏਜੰਟਾਂ ਦਾ ਗੜ੍ਹ ਬਣ ਚੁੱਕਾ ਹੈ। ਇਹ ਏਜੰਟ ਬਿਨਾਂ ਕਿਸੇ ਸਰਕਾਰੀ ਲਾਇਸੈਂਸ ਜਾਂ ਮਾਨਤਾ ਦੇ ਖ਼ੁਦ ਨੂੰ ‘ਵੀਜ਼ਾ ਸਲਾਹਕਾਰ’ ਵਜੋਂ ਪੇਸ਼ ਕਰਦੇ ਹਨ। ਇਹ ਧੋਖੇਬਾਜ਼ ਭੋਲੇ-ਭਾਲੇ ਲੋਕਾਂ ਦੀ ਵਿਦੇਸ਼ ਜਾਣ ਦੀ ਇੱਛਾ ਦਾ ਫਾਇਦਾ ਉਠਾ ਕੇ ਉਨ੍ਹਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਦੇ ਹਨ। ਫਗਵਾੜਾ ਤਹਿਸੀਲ ਦੇ ਪੁਲਸ ਥਾਣੇ ਇਸ ਤੱਤ ਦੇ ਗਵਾਹ ਹਨ ਕਿ ਇਥੇ ਬਹੁਤ ਵੱਡੀ ਗਿਣਤੀ ’ਚ ਪੁਲਸ ਵੱਲੋਂ ਸ਼ਾਤਿਰ ਫਰਜ਼ੀ ਟ੍ਰੇਵਲ ਏਜੰਟਾਂ ਖਿਲਾਫ ਮਾਸੂਮ ਲੋਕਾਂ ਨਾਲ ਲੱਖਾਂ- ਕਰੋੜਾਂ ਦੀ ਧੋਖਾਧੇਹੀ ਕਰਨ ਦੇ ਦੋਸ਼ ’ਚ ਪੁਲਸ ਕੇਸ ਰਜਿਸਟਰ ਕੀਤੇ ਗਏ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਦਿਨੋ-ਦਿਨ ਵੱਧਦਾ ਜਾ ਰਿਹਾ ਹੈ।

ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਇਹ ਫਰਜ਼ੀ ਏਜੰਟ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ ਸਨੈਪਚੈਟ ਅਤੇ ਵ੍ਹਟਸਐਪ ਰਾਹੀਂ ਖੁੱਲ੍ਹੇਆਮ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਕਰ ਰਹੇ ਹਨ। ਇਹ ਲੋਕਾਂ ਨੂੰ ਵਿਦੇਸ਼ਾਂ ਵਿਚ ਸੈਟਲ ਕਰਨ ਦੇ ਅਜਿਹੇ ਲੁਭਾਉਣੇ ਦਾਅਵੇ ਅਤੇ ਫਰਜ਼ੀ ਸਬੂਤ ਦਿਖਾਉਂਦੇ ਹਨ, ਜਿਸ ਨਾਲ ਕੋਈ ਵੀ ਸਾਧਾਰਨ ਵਿਅਕਤੀ ਇਨ੍ਹਾਂ ਦੇ ਜਾਲ ਵਿਚ ਫਸ ਸਕਦਾ ਹੈ। ਸਵਾਲ ਇਹ ਉੱਠਦਾ ਹੈ ਕਿ ਫਗਵਾੜਾ ਸਮੇਤ ਪੂਰੇ ਕਪੂਰਥਲਾ ਜ਼ਿਲੇ ਵਿਚ ਪੁਲਸ ਪ੍ਰਸ਼ਾਸਨ ਸਭ ਕੁਝ ਜਾਣਦੇ ਹੋਏ ਵੀ ਚੁੱਪ ਕਿਉਂ ਹੈ? ਜੇਕਰ ਪੁਲਸ ਐੱਫ.ਆਈ.ਆਰ. ਦਰਜ ਕਰਦੀ ਵੀ ਹੈ, ਤਾਂ ਉਹ ਠੋਸ ਕਾਰਵਾਈ ਵਿਚ ਕਿਉਂ ਨਹੀਂ ਬਦਲਦੀ? ਇਹ ਕਿਵੇਂ ਸੰਭਵ ਹੈ ਕਿ ਪੁਲਸ ਦੀ ਨੱਕ ਹੇਠ ਇਹ ਧੋਖੇਬਾਜ਼ ਬਿਨਾਂ ਮਾਨਤਾ ਦੇ ਆਲੀਸ਼ਾਨ ਦਫਤਰ ਖੋਲ੍ਹ ਕੇ ਆਪਣਾ ਕਾਰੋਬਾਰ ਚਲਾ ਰਹੇ ਹਨ? ਅੱਜ ਪੂਰਾ ਪੰਜਾਬ ਇਨ੍ਹਾਂ ਸਵਾਲਾਂ ਦੇ ਜਵਾਬ ਮੰਗ ਰਿਹਾ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ ! ਪੂਰੇ ਦੇਸ਼ 'ਚ 1,300 IAS ਅਫ਼ਸਰਾਂ ਦੇ ਅਹੁਦੇ ਖਾਲ੍ਹੀ, ਇਕੱਲੇ ਪੰਜਾਬ ’ਚ 33 ਅਹੁਦੇ ਸੱਖਣੇ

ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ਮਹਿਜ਼ ਕਲਪਨਾ ਨਹੀਂ, ਪੰਜਾਬ ਦੀ ਹਕੀਕਤ ਹੈ
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ਪੰਜਾਬ ਦੇ ਇਸੇ ਗੰਭੀਰ ਮੁੱਦੇ ’ਤੇ ਕੇਂਦਰਿਤ ਹੈ। ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੋ ਤੱਥ ਫਿਲਮ ਵਿਚ ਦਿਖਾਏ ਗਏ ਹਨ, ਉਹ ਇੱਥੋਂ ਦੀ ਜ਼ਮੀਨੀ ਹਕੀਕਤ ਹਨ। ਕਿਵੇਂ ਨੌਜਵਾਨ ਮੌਤ ਦੇ ਰਸਤਿਆਂ ਰਾਹੀਂ ਵਿਦੇਸ਼ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ, ਇਹ ਫਿਲਮ ਉਸ ਦਾ ਸ਼ੀਸ਼ਾ ਹੈ।

ਦਾਅਵੇ ਹਰੇ-ਭਰੇ, ਪਰ ਖੇਡ ਬਹੁਤ ਖ਼ਤਰਨਾਕ
ਇਹ ਏਜੰਟ ਵੀਜ਼ਾ ਅਤੇ ਯਾਤਰਾ ਦਸਤਾਵੇਜ਼ ਮੁਹੱਈਆ ਕਰਵਾਉਣ ਦੇ ਨਾਮ ’ਤੇ ਮੋਟੀਆਂ ਰਕਮਾਂ ਵਸੂਲਦੇ ਹਨ। ਵਿਦੇਸ਼ੀ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਬਾਈਪਾਸ ਕਰਨ ਲਈ ਇਹ ਕਈ ਗੈਰ-ਕਾਨੂੰਨੀ ਤਰੀਕੇ ਅਪਣਾਉਂਦੇ ਹਨ, ਜਿਵੇਂ ਕਿ ਜਾਅਲੀ ਦਸਤਾਵੇਜ਼ ਤਿਆਰ ਕਰਨਾ ਅਤੇ ਗਲਤ ਜਾਣਕਾਰੀ ਦੇਣਾ। ਇਨ੍ਹਾਂ ਵੱਲੋਂ ਜਾਅਲੀ ਪਾਸਪੋਰਟ, ਫਰਜ਼ੀ ਵੀਜ਼ਾ ਅਤੇ ਜਨਮ ਮਿਤੀ ਜਾਂ ਰੁਜ਼ਗਾਰ ਦੇ ਗਲਤ ਵੇਰਵੇ ਤਿਆਰ ਕੀਤੇ ਜਾਂਦੇ ਹਨ, ਜੋ ਦੇਖਣ ਵਿੱਚ ਬਿਲਕੁਲ ਅਸਲੀ ਲੱਗਦੇ ਹਨ। ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਵਿਅਕਤੀ ਵਿਦੇਸ਼ ਤਾਂ ਚਲਾ ਜਾਂਦਾ ਹੈ, ਪਰ ਉੱਥੇ ਜਾ ਕੇ ਉਹ ਗੈਰ-ਕਾਨੂੰਨੀ ਹੋਣ ਕਾਰਨ ਹਮੇਸ਼ਾ ਡਰ ਦੇ ਸਾਏ ਹੇਠ ਜਿਊਂਦਾ ਹੈ।

ਇਹ ਵੀ ਪੜ੍ਹੋ: 'ਆਪ' ਦਾ ਮੁਹੱਲਾ ਕਲੀਨਿਕ ਫੇਲ੍ਹ ਮਾਡਲ, CM ਮਾਨ ਫੋਰਟਿਸ ਜਾ ਕੇ ਕਰਵਾਉਂਦੇ ਚੈੱਕਅਪ: ਅਰਸ਼ਦੀਪ ਕਲੇਰ

‘ਡੰਕੀ’ ਰਾਹੀਂ ਜਾਨ ਜ਼ੋਖ਼ਮ ਵਿਚ : ਮੌਤ ਦੇ ਅੰਕੜੇ ਗਾਇਬ
ਇਨ੍ਹਾਂ ਏਜੰਟਾਂ ਦੁਆਰਾ ਵਰਤੀ ਜਾਣ ਵਾਲੀ ਸਭ ਤੋਂ ਖ਼ਤਰਨਾਕ ਤਕਨੀਕ ‘ਡੰਕੀ’ ਹੈ। ਇਸ ਵਿਚ ਵਿਅਕਤੀਆਂ ਨੂੰ ਜੰਗਲਾਂ, ਸਮੁੰਦਰਾਂ ਜਾਂ ਕੰਟੇਨਰਾਂ ਰਾਹੀਂ ਵੱਖ-ਵੱਖ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਵਾਈਆਂ ਜਾਂਦੀਆਂ ਹਨ। ਕਈ ਵਾਰ ਲੋਕਾਂ ਨੂੰ ਭੁੱਖੇ-ਪਿਆਸੇ ਤੰਗ ਥਾਵਾਂ ’ਤੇ ਛੁਪਾ ਕੇ ਲਿਜਾਇਆ ਜਾਂਦਾ ਹੈ। ਇਸ ਯਾਤਰਾ ਦੌਰਾਨ ਕਈ ਨੌਜਵਾਨ ਸਰਹੱਦੀ ਸੁਰੱਖਿਆ ਬਲਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਰਸਤੇ ਵਿਚ ਹੀ ਦਮ ਤੋੜ ਦਿੰਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਕੋਲ ਅਜਿਹਾ ਕੋਈ ਸਪੱਸ਼ਟ ਅੰਕੜਾ ਨਹੀਂ ਹੈ ਕਿ ਕਿੰਨੇ ਨੌਜਵਾਨ ਮੰਜ਼ਿਲ ’ਤੇ ਪਹੁੰਚੇ ਅਤੇ ਕਿੰਨੇ ਰਸਤੇ ਵਿਚ ਹੀ ਮੌਤ ਦੇ ਮੂੰਹ ਵਿਚ ਜਾ ਪਏ।

ਗੰਭੀਰ ਸਿੱਟੇ ਅਤੇ ਸਮਾਜਿਕ ਪ੍ਰਭਾਵ
ਗੈਰ-ਕਾਨੂੰਨੀ ਪਰਵਾਸ ਦੇ ਨਤੀਜੇ ਬਹੁਤ ਭਿਆਨਕ ਹੋ ਸਕਦੇ ਹਨ। ਫੜੇ ਜਾਣ ’ਤੇ ਵਿਅਕਤੀ ਨੂੰ ਜੇਲ, ਭਾਰੀ ਜੁਰਮਾਨਾ ਜਾਂ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਗੈਰ-ਕਾਨੂੰਨੀ ਪ੍ਰਵਾਸੀ ਵਿਦੇਸ਼ਾਂ ਵਿਚ ਬੁਨਿਆਦੀ ਸਹੂਲਤਾਂ ਜਿਵੇਂ ਸਿਹਤ ਅਤੇ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਇਹ ਸਥਿਤੀ ਨਾ ਸਿਰਫ਼ ਉਨ੍ਹਾਂ ਲਈ, ਸਗੋਂ ਉਸ ਦੇਸ਼ ਦੀ ਆਰਥਿਕਤਾ ਅਤੇ ਸਮਾਜਿਕ ਢਾਂਚੇ ''ਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ, ਜਿਸ ਨਾਲ ਕਾਨੂੰਨੀ ਤੌਰ ''ਤੇ ਗਏ ਭਾਰਤੀਆਂ ਦੇ ਅਕਸ ਨੂੰ ਵੀ ਠੇਸ ਪਹੁੰਚਦੀ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! ਜਿੰਮ ਤੋਂ ਬਾਹਰ ਨਿਕਲਦੇ ਹੀ ਨੌਜਵਾਨ ਨੂੰ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ

ਸਰਕਾਰੀ ਨਕੇਲ ਅਤੇ ਜਨਤਕ ਜਾਗਰੂਕਤਾ ਦੀ ਲੋੜ
ਇਸ ਗੰਭੀਰ ਸਮੱਸਿਆ ਦੇ ਹੱਲ ਲਈ ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਸਮਾਜਿਕ ਆਗੂਆਂ ਅਤੇ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ ਕਾਨੂੰਨੀ ਪਰਵਾਸ ਦੇ ਤਰੀਕਿਆਂ ਬਾਰੇ ਜਾਣਕਾਰੀ ਦੇਣ। ਇਸ ਦੇ ਨਾਲ ਹੀ ਸਰਕਾਰ ਨੂੰ ਉਨ੍ਹਾਂ ਸਮਾਜਿਕ-ਆਰਥਿਕ ਕਾਰਨਾਂ ਜਿਵੇਂ ਕਿ ਬੇਰੁਜ਼ਗਾਰੀ ਅਤੇ ਗਰੀਬੀ ਵੱਲ ਧਿਆਨ ਦੇਣ ਦੀ ਲੋੜ ਹੈ, ਜੋ ਨੌਜਵਾਨਾਂ ਨੂੰ ਅਜਿਹੇ ਖ਼ਤਰਨਾਕ ਕਦਮ ਚੁੱਕਣ ਲਈ ਮਜਬੂਰ ਕਰਦੇ ਹਨ। ਪੰਜਾਬ ਦੇ ਲੋਕਾਂ ਨੂੰ ਵੀ ਅਜਿਹੇ ਮੌਕਾਪ੍ਰਸਤ ਅਤੇ ਫਰਜ਼ੀ ਏਜੰਟਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਦੀ ਮਿਹਨਤ ਦੀ ਕਮਾਈ ਅਤੇ ਕੀਮਤੀ ਜਾਨਾਂ ਬਚ ਸਕਣ।

ਫਰਜ਼ੀ ਟ੍ਰੈਵਲ ਏਜੰਟਾਂ ਤੋਂ ਬਚਣ ਲਈ ਇਨਾਂ ਮੁੱਖ ਸਾਵਧਾਨੀਆਂ ਨੂੰ ਅਪਣਾਓ, ਸਰਕਾਰੀ ਲਾਇਸੈਂਸ ਦੀ ਜਾਂਚ ਕਰੋ
ਕਿਸੇ ਵੀ ਏਜੰਟ ਨੂੰ ਪੈਸੇ ਦੇਣ ਤੋਂ ਪਹਿਲਾਂ ਉਸ ਕੋਲੋਂ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ (ਵਿਦੇਸ਼ ਮੰਤਰਾਲੇ) ਵੱਲੋਂ ਜਾਰੀ ''ਰਜਿਸਟ੍ਰੇਸ਼ਨ ਨੰਬਰ'' ਅਤੇ ਲਾਇਸੰਸ ਜ਼ਰੂਰ ਮੰਗੋ। ਸਰਕਾਰੀ ਵੈੱਬਸਾਈਟਾਂ ''ਤੇ ਜਾ ਕੇ ਇਸ ਨੰਬਰ ਦੀ ਪੁਸ਼ਟੀ ਕਰੋ। ਸੋਸ਼ਲ ਮੀਡੀਆ ਦੇ ਲੁਭਾਉਣੇ ਇਸ਼ਤਿਹਾਰਾਂ ਤੋਂ ਬਚੋ: ਫੇਸਬੁੱਕ ਜਾਂ ਇੰਸਟਾਗ੍ਰਾਮ ’ਤੇ 100% ਵੀਜ਼ਾ ਗਾਰੰਟੀ  ਜਾਂ ਬਿਨਾਂ ਆਈਲੈੱਟਸ) ਵਿਦੇਸ਼ ਭੇਜਣ ਦੇ ਦਾਅਵੇ ਅਕਸਰ ਫਰਜ਼ੀ ਹੁੰਦੇ ਹਨ। ਗੰਭੀਰ ਅਤੇ ਅਸਲੀ ਏਜੰਟ ਕਦੇ ਵੀ ਅਜਿਹੀ ਗੈਰ-ਕਾਨੂੰਨੀ ਗਾਰੰਟੀ ਨਹੀਂ ਦਿੰਦੇ।

ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 3 ਛੁੱਟੀਆਂ ! ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

''ਡੰਕੀ'' ਰਸਤੇ ਨੂੰ ਸਖ਼ਤ ਮਨਾਹੀ: ਜੇਕਰ ਕੋਈ ਏਜੰਟ ਤੁਹਾਨੂੰ ਦੂਜੇ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਕੇ (ਜੰਗਲਾਂ ਜਾਂ ਸਮੁੰਦਰ ਰਾਹੀਂ) ਜਾਣ ਲਈ ਕਹਿੰਦਾ ਹੈ, ਤਾਂ ਤੁਰੰਤ ਉਸ ਤੋਂ ਦੂਰ ਹੋ ਜਾਓ। ਇਹ ਮੌਤ ਦਾ ਰਸਤਾ ਹੈ ਅਤੇ ਇਸ ਵਿੱਚ ਫੜੇ ਜਾਣ ''ਤੇ ਉਮਰ ਭਰ ਲਈ ਬੈਨ ਲੱਗ ਸਕਦਾ ਹੈ।
ਨਕਦ ਲੈਣ-ਦੇਣ ਤੋਂ ਗੁਰੇਜ਼: ਏਜੰਟ ਨੂੰ ਪੈਸੇ ਹਮੇਸ਼ਾ ਬੈਂਕ ਰਾਹੀਂ (ਚੈੱਕ ਜਾਂ ਆਨਲਾਈਨ ਟ੍ਰਾਂਸਫਰ) ਦਿਓ ਅਤੇ ਹਰ ਭੁਗਤਾਨ ਦੀ ਰਸਮੀ ਰਸੀਦ ਲਵੋ। ਕਦੇ ਵੀ ਲੱਖਾਂ ਰੁਪਏ ਨਕਦ ਨਾ ਦਿਓ, ਕਿਉਂਕਿ ਇਸ ਦਾ ਕੋਈ ਕਾਨੂੰਨੀ ਸਬੂਤ ਨਹੀਂ ਰਹਿੰਦਾ।
ਦਸਤਾਵੇਜ਼ਾਂ ਦੀ ਅਸਲੀਅਤ: ਕਦੇ ਵੀ ਜਾਅਲੀ ਬੈਂਕ ਸਟੇਟਮੈਂਟ, ਫਰਜ਼ੀ ਡਿਗਰੀਆਂ ਜਾਂ ਗਲਤ ਜਨਮ ਸਰਟੀਫਿਕੇਟ ਨਾ ਬਣਵਾਓ। ਜੇਕਰ ਅੰਬੈਸੀ ਨੂੰ ਪਤਾ ਲੱਗ ਜਾਂਦਾ ਹੈ, ਤਾਂ ਤੁਹਾਨੂੰ ਸਾਰੀ ਉਮਰ ਲਈ ਉਸ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਜਾਵੇਗਾ।
ਆਪਣਾ ਪਾਸਪੋਰਟ ਆਪਣੇ ਕੋਲ ਰੱਖੋ: ਕਿਸੇ ਵੀ ਏਜੰਟ ਨੂੰ ਆਪਣਾ ਅਸਲੀ ਪਾਸਪੋਰਟ ਲੰਬੇ ਸਮੇਂ ਲਈ ਜਮ੍ਹਾਂ ਨਾ ਕਰਵਾਓ। ਕਈ ਫਰਜ਼ੀ ਏਜੰਟ ਪਾਸਪੋਰਟ ਜ਼ਬਤ ਕਰਕੇ ਬਾਅਦ ਵਿੱਚ ਬਲੈਕਮੇਲ ਕਰਦੇ ਹਨ।
ਦਫ਼ਤਰ ਦੀ ਪੁਸ਼ਟੀ: ਸਿਰਫ਼ ਆਲੀਸ਼ਾਨ ਦਫ਼ਤਰ ਵੇਖ ਕੇ ਪ੍ਰਭਾਵਿਤ ਨਾ ਹੋਵੋ। ਇਹ ਪਤਾ ਕਰੋ ਕਿ ਉਹ ਏਜੰਟ ਉਸ ਜਗ੍ਹਾ 'ਤੇ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ ਹੈ ਅਤੇ ਉਸ ਦੇ ਪੁਰਾਣੇ ਗਾਹਕਾਂ ਦਾ ਕੀ ਅਨੁਭਵ ਹੈ।

 

ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! 3 ਦਿਨਾਂ ਲਈ ਭਾਰੀ ਮੀਂਹ ਦਾ Alert, 22 ਮਾਰਚ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News