IOC ਪ੍ਰਧਾਨ ਥਾਮਸ ਬਾਕ ਨੇ ਬੀਜਿੰਗ ਓਲੰਪਿਕ ਖੇਡ ਪਿੰਡ ਦਾ ਕੀਤਾ ਦੌਰਾ
Wednesday, Feb 02, 2022 - 08:04 PM (IST)
ਬੀਜਿੰਗ- ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਪ੍ਰਧਾਨ ਥਾਮਸ ਬਾਕ ਨੇ ਮੰਗਲਵਾਰ ਨੂੰ ਬੀਜਿੰਗ ਓਲੰਪਿਕ ਖੇਡ ਪਿੰਡ ਦਾ ਦੌਰਾ ਕੀਤਾ ਤੇ ਮੁਕਾਬਲੇਬਾਜ਼ਾਂ, ਸਟਾਫ ਤੇ ਮੇਜ਼ਬਾਨਾਂ ਨਾਲ ਮੁਲਾਕਾਤ ਕੀਤੀ। ਬਾਕ ਨੇ ਓਲੰਪਿਕ ਸੰਘਰਸ਼ ਰੋਕੂ ਕੰਧ 'ਤੇ ਦਸਤਖ਼ਤ ਕੀਤੇ। ਸਰਦ ਰੁੱਤ ਓਲੰਪਿਕ 2022 'ਚ ਮੁਕਾਬਲੇਬਾਜ਼ੀ ਪੇਸ਼ ਕਰਨ ਲਈ ਤਿਆਰੀ ਕਰ ਰਹੇ ਖਿਡਾਰੀਆਂ ਨੂੰ ਓਲੰਪਿਕ ਖੇਡ ਪਿੰਡ 'ਚ ਖ਼ਾਸ ਉਦਘਾਟਨ ਸਮਾਰੋਹ ਦੇ ਬਾਅਦ ਓਲੰਪਿਕ ਸੰਘਰਸ਼ ਰੋਕੂ ਕੰਧ 'ਤੇ ਦਸਤਖ਼ਤ ਕਰਨ ਲਈ ਸੱਦਾ ਦਿੱਤਾ ਗਿਆ ਸੀ।
ਕੰਧ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਪ੍ਰਤੀਯੋਗੀ ਖਿਡਾਰੀ ਤੇ ਅਧਿਕਾਰੀ ਇਸ 'ਤੇ ਦਸਤਖ਼ਤ ਕਰਕੇ ਖੇਡ ਦੇ ਜ਼ਰੀਏ ਸ਼ਾਂਤੀਪੂਰਨ ਦੁਨੀਆ ਬਣਾਉਣ ਦੀ ਆਪਣੀ ਵਚਨਬੱਧਤਾ ਦਰਸਾਉਣ। ਇਸ ਨੂੰ 'ਲਾਈਟ ਆਫ਼ ਪੀਸ (ਸ਼ਾਂਤੀ ਦੀ ਰੌਸ਼ਨੀ) ਨਾਂ ਦਿੱਤਾ ਗਿਆ ਹੈ ਜੋ ਖੇਡ ਦੇ ਰਿਵਾਇਤੀ ਲਾਲਟੇਨ ਤੋਂ ਪ੍ਰੇਰਿਤ ਹੈ ਜੋ ਰੌਸ਼ਨੀ, ਸ਼ਾਂਤੀ ਤੇ ਪੁਨਰਮਿਲਨ ਨੂੰ ਪ੍ਰਗਟਾਉਂਦਾ ਹੈ।