ਫੁੱਟਬਾਲ ਦੇ ਸ਼ੌਕੀਨ ਭਾਰਤੀ, ਫੀਫਾ ਵਰਲਡ ਕੱਪ ''ਤੇ ਉਡਾਏ 1.1 ਕਰੋੜ ਡਾਲਰ
Monday, Jun 25, 2018 - 03:55 PM (IST)

ਨਵੀਂ ਦਿੱਲੀ— ਰੂਸ 'ਚ ਹੋ ਰਹੇ ਫੀਫਾ ਵਰਲਡ ਕੱਪ ਦੇ ਪ੍ਰੀਮੀਅਮ ਟਿਕਟ ਖਰੀਦਣ ਲਈ ਭਾਰਤੀ ਹੁਣ ਤਕ 1.1 ਕਰੋੜ ਡਾਲਰ ਯਾਨੀ ਤਕਰਬੀਨ 74 ਕਰੋੜ ਰੁਪਏ ਖਰਚ ਕਰ ਚੁੱਕੇ ਹਨ। ਇਕ ਰਿਪੋਰਟ ਮੁਤਾਬਕ 4 ਸਾਲ ਪਹਿਲਾਂ ਬ੍ਰਾਜ਼ੀਲ 'ਚ ਹੋਏ ਵਰਲਡ ਕੱਪ ਦੌਰਾਨ ਭਾਰਤੀ ਨਾਗਰਿਕਾਂ ਨੇ ਇਨ੍ਹਾਂ ਟਿਕਟਾਂ ਨੂੰ ਖਰੀਦਣ ਲਈ 90 ਲੱਖ ਡਾਲਰ (ਤਕਰੀਬਨ 60 ਕਰੋੜ ਰੁਪਏ) ਖਰਚ ਕੀਤੇ ਸਨ। ਇਨ੍ਹਾਂ ਟਿਕਟਾਂ ਦੀ ਕੀਮਤ 695 ਡਾਲਰ ਤੋਂ ਸ਼ੁਰੂ ਹੁੰਦੀ ਹੈ। ਇਨ੍ਹਾਂ 'ਚ ਪ੍ਰੀਮੀਅਮ ਸੀਟ ਟਿਕਟ ਦੇ ਨਾਲ ਖਾਣ-ਪੀਣ ਦੀ ਕੀਮਤ ਵੀ ਜੁੜੀ ਹੁੰਦੀ ਹੈ। ਫੀਫਾ ਵਰਲਡ ਕੱਪ ਦੀ ਆਮ ਟਿਕਟ ਦੀ ਕੀਮਤ 110 ਤੋਂ 120 ਡਾਲਰ ਦੇ ਨੇੜੇ-ਤੇੜੇ ਹੈ।
ਜੇਕਰ ਇਸ ਦੀ 2015 'ਚ ਆਸਟ੍ਰੇਲੀਆ 'ਚ ਹੋਏ ਕ੍ਰਿਕਟ ਵਰਲਡ ਕੱਪ ਨਾਲ ਤੁਲਨਾ ਕਰੀਏ ਤਾਂ ਇਸ 'ਚ ਭਾਰਤੀਆਂ ਨੇ ਕ੍ਰਿਕਟ ਮੈਚ ਦੀਆਂ ਪ੍ਰੀਮੀਅਮ ਟਿਕਟਾਂ ਲਈ ਸਿਰਫ 20 ਲੱਖ ਡਾਲਰ (ਤਕਰੀਬਨ 13 ਕਰੋੜ ਰੁਪਏ) ਖਰਚ ਕੀਤੇ ਸਨ, ਜਿਸ 'ਚ ਹੋਟਲ 'ਚ ਰੁਕਣ ਦਾ ਖਰਚ ਵੀ ਸ਼ਾਮਲ ਸੀ।
ਫੀਫਾ ਵਰਲਡ ਕੱਪ ਦੇ ਸਫਲ ਹੋਣ ਪਿੱਛੇ ਗਰਮੀਆਂ ਦੀਆਂ ਛੁੱਟੀਆਂ ਦਾ ਸਮਾਂ ਹੋਣਾ, ਟਿਕਟ ਧਾਰਕ ਲਈ ਵੀਜ਼ਾ ਸੰਬੰਧੀ ਛੋਟ, ਫੁੱਟਬਾਲ ਦੀ ਵਧਦੀ ਪ੍ਰਸਿੱਧੀ ਅਤੇ ਰੂਸ ਦਾ ਸੌਹਣਾ ਮੌਸਮ ਮੁੱਖ ਵਜ੍ਹਾ ਹਨ। ਇਸ ਨੂੰ ਲਿਓਨਲ ਮੈਸੀ ਦਾ ਆਖਰੀ ਵਰਲਡ ਕੱਪ ਮੰਨਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਕਾਰਪੋਰੇਟ ਅਤੇ ਪਰਿਵਾਰਾਂ ਦੇ ਇਲਾਵਾ ਮਹਿਲਾਵਾਂ ਵੀ ਚੰਗੀ-ਖਾਸੀ ਗਿਣਤੀ 'ਚ ਮੈਚ ਲਈ ਪ੍ਰੀਮੀਅਮ ਟਿਕਟ ਖਰੀਦ ਰਹੀਆਂ ਹਨ।
ਭਾਰਤ ਟਿਕਟਾਂ ਦੀ ਖਰੀਦਦਾਰੀ ਦੇ ਮਾਮਲੇ 'ਚ ਦੁਨੀਆ ਦੇ ਚੋਟੀ ਦੇ 10 ਦੇਸ਼ਾਂ 'ਚ ਸ਼ਾਮਲ ਹੈ। ਪ੍ਰੀਮੀਅਮ ਟਿਕਟ ਖਰੀਦਣ ਵਾਲਿਆਂ ਨੂੰ ਰੂਸ 'ਚ ਜਨਤਕ ਟਰਾਂਸਪੋਰਟ ਅਤੇ ਲੋਕਲ ਟਰੇਨਾਂ 'ਚ ਮੁਫਤ ਸਫਰ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ। ਆਨਲਾਈਨ ਟਰੈਵਲ ਕੰਪਨੀ ਮੇਕਮਾਈਟ੍ਰਿਪ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜੂਨ-ਜੁਲਾਈ 'ਚ ਰੂਸ ਲਈ ਬੁਕਿੰਗ 'ਚ 400 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਫੀਫਾ ਵਰਲਡ ਕੱਪ ਗਰਮੀਆਂ ਦੀਆਂ ਛੁੱਟੀਆਂ ਦੇ ਸਮੇਂ ਹੋ ਰਿਹਾ ਹੈ, ਜੋ ਭਾਰਤੀਆਂ ਲਈ ਘੁੰਮਣ ਲਈ ਹਮੇਸ਼ਾ ਸਭ ਤੋਂ ਵਿਅਸਤ ਸਮਾਂ ਰਿਹਾ ਹੈ। ਅਜਿਹੇ 'ਚ ਰੂਸ ਦੇ ਜਿਨ੍ਹਾਂ ਸ਼ਹਿਰਾਂ 'ਚ ਫੀਫਾ ਦੇ ਮੈਚ ਹੋ ਰਹੇ ਹਨ, ਉਨ੍ਹਾਂ ਸ਼ਹਿਰਾਂ ਦੇ ਹਾਲੀਡੇ ਪੈਕੇਜ ਦੀ ਬੁਕਿੰਗ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ।