ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਉਬੇਰ ਕੱਪ ਦੇ ਕੁਆਰਟਰ ਫ਼ਾਈਨਲ ਲਈ ਕੀਤਾ ਕੁਆਈਫ਼ਾਈ

Wednesday, Oct 13, 2021 - 10:49 AM (IST)

ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਉਬੇਰ ਕੱਪ ਦੇ ਕੁਆਰਟਰ ਫ਼ਾਈਨਲ ਲਈ ਕੀਤਾ ਕੁਆਈਫ਼ਾਈ

ਸਪੋਰਟਸ ਡੈਸਕ- ਅਦਿਤੀ ਭੱਟ ਤੇ ਤਸਨੀਮ ਮੀਰ ਦੀ ਸਿੰਗਲਜ਼ ਮੈਚਾਂ ਵਿਚ ਜਿੱਤ ਦੀ ਬਦੌਲਤ ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਮੰਗਲਵਾਰ ਨੂੰ ਸਕਾਟਲੈਂਡ ਨੂੰ 4-1 ਨਾਲ ਹਰਾ ਕੇ ਉਬੇਰ ਕੱਪ ਦੇ ਕੁਆਰਟਰ ਫਾਈਨਲ 'ਚ ਥਾਂ ਬਣਾਈ। ਭਾਰਤ ਦੋ ਮੈਚਾਂ ਵਿਚ ਦੋ ਜਿੱਤਾਂ ਨਾਲ ਗਰੁੱਪ-ਬੀ ਵਿਚ ਅਜੇ ਦੂਜੇ ਸਥਾਨ 'ਤੇ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਐਤਵਾਰ ਨੂੰ ਸਪੇਨ ਨੂੰ 3-2 ਨਾਲ ਮਾਤ ਦਿੱਤੀ ਸੀ ਜਦ ਚੋਟੀ ਦੀ ਖਿਡਾਰਨ ਸਾਇਨਾ ਨੇਹਵਾਲ ਨੂੰ ਸੱਟ ਕਾਰਨ ਮੈਚ ਨੂੰ ਵਿਚਾਲੇ ਛੱਡਣ ਲਈ ਮਜਬੂਰ ਹੋਣਾ ਪਿਆ ਸੀ। 

ਭਾਰਤ ਲਈ ਸਭ ਤੋਂ ਪਹਿਲਾਂ ਕੋਰਟ 'ਤੇ ਮਾਲਵਿਕਾ ਬੰਸੋੜ ਉਤਰੀ ਜਿਨ੍ਹਾਂ ਨੂੰ ਕ੍ਰਿਸਟੀ ਗਿਲੋਮਰ ਖ਼ਿਲਾਫ਼ 13-21, 9-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਦਿਤੀ ਨੇ ਹਾਲਾਂਕਿ ਰਾਸ਼ੇਲ ਸੁਗਡੇਨ ਨੂੰ 21-14, 21-8 ਨਾਲ ਹਰਾ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਤਨੀਸ਼ਾ ਕ੍ਰਿਸਟੋ ਤੇ ਰਿਤੁਪਰਨਾ ਪਾਂਡਾ ਦੀ ਡਬਲਜ਼ ਜੋੜੀ ਨੇ ਇਸ ਤੋਂ ਬਾਅਦ ਜੂਲੀ ਮੈਕਪਰਸਨ ਤੇ ਕਾਇਰਾ ਟੋਰੇਂਸ ਨੂੰ 21-11, 21-8 ਨਾਲ ਹਰਾ ਕੇ ਭਾਰਤ ਨੂੰ 2-1 ਨਾਲ ਬੜ੍ਹਤ ਦਿਵਾਈ। 

ਮੀਰ ਨੇ ਲਾਰੇਨ ਮਿਡਲਟਨ ਨੂੰ ਇਕਤਰਫ਼ਾ ਮੁਕਾਬਲੇ ਵਿਚ 21-15, 21-6 ਨਾਲ ਹਰਾ ਕੇ ਭਾਰਤ ਦੀ ਜਿੱਤ ਪੱਕੀ ਕੀਤੀ। ਆਖ਼ਰੀ ਮੁਕਾਬਲੇ ਵਿਚ ਟ੍ਰੀਸਾ ਜਾਲੀ ਤੇ ਰਾਸ਼ਟਰੀ ਮੁੱਖ ਕੋਚ ਪੁਲੇਲਾ ਗੋਪੀਚੰਦ ਦੀ ਧੀ ਗਾਇਤ੍ਰੀ ਗੋਪੀਚੰਦ ਦੀ ਭਾਰਤੀ ਜੋੜੀ ਨੇ ਗਿਲੋਮਰ ਤੇ ਏਲੀਨੋਰ ਓਡੋਨੇਲ ਨੂੰ ਸਖ਼ਤ ਮੁਕਾਬਲੇ ਵਿਚ 55 ਮਿੰਟ ਵਿਚ 21-8, 19-21, 21-10 ਨਾਲ ਹਰਾ ਕੇ ਟੀਮ ਨੂੰ 4-1 ਨਾਲ ਜਿੱਤ ਦਿਵਾਈ। ਭਾਰਤੀ ਟੀਮ ਬੁੱਧਵਾਰ ਨੂੰ ਥਾਈਲੈਂਡ ਦੀ ਮਜ਼ਬੂਤ ਟੀਮ ਨਾਲ ਭਿੜੇਗੀ। ਭਾਰਤ ਨੇ ਦੋ ਵਾਰ (2014 ਦਿੱਲੀ ਤੇ 2016 ਕੁਨਸ਼ਾਨ) 'ਚ ਇਸ ਵੱਕਾਰੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਥਾਂ ਬਣਾਈ ਹੈ।


author

Tarsem Singh

Content Editor

Related News