ਚਿਲੀ ਤੋਂ 1-3 ਨਾਲ ਹਾਰੀ ਭਾਰਤੀ ਅੰਡਰ-17 ਮਹਿਲਾ ਫੁੱਟਬਾਲ ਟੀਮ
Sunday, Jun 26, 2022 - 01:13 PM (IST)

ਏਕਵੀਲੇਆ (ਇਟਲੀ)- ਭਾਰਤੀ ਅੰਡਰ-17 ਮਹਿਲਾ ਫੁੱਟਬਾਲ ਟੀਮ ਬਿਹਤਰ ਪ੍ਰਦਰਸ਼ਨ ਦੇ ਬਾਵਜੂਦ ਇੱਥੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਦੇ ਦੂਜੇ ਦੌਰ 'ਚ ਚਿਲੀ ਤੋਂ 1-3 ਨਾਲ ਹਾਰ ਗਈ। ਆਪਣੇ ਸ਼ੁਰੂਆਤੀ ਮੈਚ 'ਚ ਇਟਲੀ ਦੀ ਟੀਮ ਤੋਂ 0-7 ਨਾਲ ਹਾਰਨ ਦੇ ਬਾਅਦ ਭਾਰਤੀ ਟੀਮ ਇਸ ਮੈਚ 'ਚ ਉਤਰੀ ਸੀ। ਦੋਵੇਂ ਟੀਮਾਂ ਦੀ ਹੌਲੀ ਸ਼ੁਰੂਆਤ ਦੇ ਬਾਵਜੂਦ ਭਾਰਤ ਨੂੰ ਡਿਫੈਂਡਰ ਨਾਕੇਤਾ ਦੀ ਕੋਸ਼ਿਸ਼ ਨਾਲ ਬੜ੍ਹਤ ਹਾਸਲ ਕਰਨ ਦਾ ਮੌਕਾ ਮਿਲਿਆ, ਪਰ ਉਨ੍ਹਾਂ ਦੀ ਫ੍ਰੀ-ਕਿਕ 'ਤੇ ਚਿਲੀ ਨੇ ਗੋਲ ਨਹੀਂ ਹੋਣ ਦਿੱਤਾ।
ਕੈਟਰੀਨ ਰਾਮੋਸ ਨੇ 11ਵੇਂ ਮਿੰਟ 'ਚ ਚਿਲੀ ਵਲੋਂ ਪਹਿਲਾ ਗੋਲ ਕੀਤਾ ਜਦਕਿ ਮੈਟੀ ਨੇ 19ਵੇਂ ਮਿੰਟ 'ਚ ਉਨ੍ਹਾਂ ਦੀ ਬੜ੍ਹਤ ਦੁਗਣੀ ਕਰ ਦਿੱਤੀ। ਚਿਲੀ ਹਾਫ਼ ਟਾਈਮ 2-0 ਨਾਲ ਅੱਗੇ ਸੀ। ਭਾਰਤ ਦੂਜੇ ਹਾਫ਼ 'ਚ ਵਾਪਸੀ ਲਈ ਬੇਤਾਬ ਦਿੱਸਿਆ ਤੇ ਨੇਹਾ ਦੇ ਪਾਸ 'ਤੇ ਕਾਜੋਲ ਗੋਲ ਕਰਨ 'ਚ ਸਫਲ ਰਹੀ। ਚਿਲੀ ਦੀ ਅੰਬਰ ਰੋਲਿਨਾ ਨੇ ਹਾਲਾਂਕਿ 67ਵੇਂ ਮਿੰਟ 'ਚ ਆਪਣੀ ਟੀਮ ਦੇ ਲਈ ਤੀਜਾ ਗੋਲ ਕਰਕੇ ਭਾਰਤ ਦੀ ਵਾਪਸੀ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।