ਭਾਰਤੀ ਪੁਰਸ਼ ਹਾਕੀ ਟੀਮ ਨੇ ਇੰਡੋਨੇਸ਼ੀਆ ਨੂੰ 16-0 ਨਾਲ ਹਰਾਇਆ
Thursday, May 26, 2022 - 09:38 PM (IST)
ਜਕਾਰਤਾ (ਯੂ. ਐੱਨ. ਆਈ.)–ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਚੱਲ ਰਹੇ ਏਸ਼ੀਆ ਕੱਪ ਦੇ ਪੂਲ-ਏ ਦੇ ਮੁਕਾਬਲੇ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਇੰਡੋਨੇਸ਼ੀਆ ਨੂੰ 16-0 ਦੀ ਕਰਾਰੀ ਹਾਰ ਦਿੱਤੀ। ਇਸ ਜਿੱਤ ਨਾਲ ਭਾਰਤ ਨੇ ਪੂਲ-ਏ ਵਿਚ ਪਾਕਿਸਤਾਨ ਤੋਂ ਉੱਪਰ ਪਹੁੰਚ ਕੇ ਜਾਪਾਨ ਦੇ ਨਾਲ ਆਖਰੀ-4 ਵਿਚ ਪ੍ਰਵੇਸ਼ ਕਰ ਲਿਆ। ਪਹਿਲੇ ਮੁਕਾਬਲੇ ਵਿਚ ਡਰਾਅ ਤੇ ਦੂਜੇ ਮੁਕਾਬਲੇ ਵਿਚ ਹਾਰ ਤੋਂ ਬਾਅਦ ਭਾਰਤ ਨੂੰ ਆਖਰੀ-4 ਵਿਚ ਪਹੁੰਚਣ ਲਈ ਇੰਡੋਨੇਸ਼ੀਆ ਨੂੰ ਘੱਟ ਤੋਂ ਘੱਟ 16 ਗੋਲਾਂ ਦੇ ਫਰਕ ਨਾਲ ਹਰਾਉਣ ਦੀ ਲੋੜ ਸੀ ਤੇ ਟਿਪਸਨ ਟਿਰਕੀ ਨੇ ਚੌਥੇ ਕੁਆਰਟਰ ਦੇ 14ਵੇਂ ਮਿੰਟ ਵਿਚ 16ਵਾਂ ਗੋਲ ਕਰਕੇ ਭਾਰਤ ਦੇ ਆਖਰੀ-4 ਵਿਚ ਪ੍ਰਵੇਸ਼ ’ਤੇ ਮੋਹਰ ਲਾ ਦਿੱਤੀ।
ਇਹ ਵੀ ਪੜ੍ਹੋ : ਅਸੀਂ ਪੁਤਿਨ ਨੂੰ ਇਹ ਜੰਗ ਨਹੀਂ ਜਿੱਤਣ ਦੇ ਸਕਦੇ : ਜਰਮਨ ਚਾਂਸਲਰ
ਜੀ. ਬੀ. ਕੇ. ਏਰੀਨਾ ਵਿਚ ਵੀਰਵਾਰ ਨੂੰ ਹੋਏ ਮੁਕਾਬਲੇ ਵਿਚ ਭਾਰਤ ਇੰਡੋਨੇਸ਼ੀਆ ’ਤੇ ਪੂਰੀ ਤਰ੍ਹਾਂ ਨਾਲ ਹਾਵੀ ਰਿਹਾ। ਇਸ ਮੈਚ ਵਿਚ ਭਾਰਤ ਨੇ 36 ਵਾਰ ਗੋਲਾਂ ’ਤੇ ਨਿਸ਼ਾਨਾ ਲਾਇਆ ਜਦਕਿ ਇੰਡੋਨੇਸ਼ੀਆਈ ਟੀਮ ਸਿਰਫ ਇਕ ਵਾਰ ਹੀ ਭਾਰਤ ਦੇ ਗੋਲਾਂ ਤਕ ਪਹੁੰਚ ਸਕੀ। ਭਾਰਤ ਨੂੰ ਪੂਰੇ ਮੈਚ ਵਿਚ 21 ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ ਵਿਚੋਂ 8 ਵਿਚ ਭਾਰਤ ਨੂੰ ਸਫਲਤਾ ਹਾਸਲ ਹੋਈ ਜਦਕਿ ਇੰਡੋਨੇਸ਼ੀਆ ਨੂੰ ਇਕ ਵੀ ਪੈਨਲਟੀ ਕਾਰਨਰ ਨਹੀਂ ਮਿਲਿਆ। ਭਾਰਤ ਲਈ ਟਿਰਕੀ ਤੇ ਪਵਨ ਰਾਜਭਰ ਨੇ 5-5 ਗੋਲ ਕੀਤੇ ਜਦਕਿ ਕਾਰਤੀ ਸੇਲਵਮ, ਅਭਰਨ ਸੁਦੇਵ ਤੇ ਐੱਸ. ਵੀ. ਸੁਨੀਲ ਨੇ 2-2 ਗੋਲਾਂ ਦਾ ਯੋਗਦਾਨ ਦਿੱਤਾ। ਇੰਡੋਨੇਸ਼ੀਆ ਦਾ ਕੋਈ ਵੀ ਖਿਡਾਰੀ ਗੋਲ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ : ਸਰਕਾਰ ਵੱਲੋਂ ਜੂਨ ਮਹੀਨੇ ਤੱਕ 5,000 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਉਣ ਦਾ ਟੀਚਾ : ਕੁਲਦੀਪ ਧਾਲੀਵਾਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ