ਭਾਰਤੀ ਪੁਰਸ਼ ਤੇ ਮਹਿਲਾ ਟੇਬਲ ਟੈਨਿਸ ਟੀਮਾਂ ਨੇ ਰਚਿਆ ਇਤਿਹਾਸ, ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ

Tuesday, Mar 05, 2024 - 10:47 AM (IST)

ਭਾਰਤੀ ਪੁਰਸ਼ ਤੇ ਮਹਿਲਾ ਟੇਬਲ ਟੈਨਿਸ ਟੀਮਾਂ ਨੇ ਰਚਿਆ ਇਤਿਹਾਸ, ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ

ਨਵੀਂ ਦਿੱਲੀ– ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਨੇ ਸੋਮਵਾਰ ਨੂੰ ਆਪਣੀ ਵਿਸ਼ਵ ਰੈਂਕਿੰਗ ਦੇ ਆਧਾਰ ’ਤੇ ਪਹਿਲੀ ਵਾਰ ਓਲੰਪਿਕ ਲਈ ਕੁਆਲੀਫਾਈ ਕਰ ਕੇ ਇਤਿਹਾਸ ਰਚ ਦਿੱਤਾ ਹੈ। ਪਿਛਲੇ ਮਹੀਨੇ ਬੁਸਾਨ ਵਿਚ ਵਿਸ਼ਵ ਟੀਮ ਚੈਂਪੀਅਨਸ਼ਿਪ ਪੈਰਿਸ ਓਲੰਪਿਕ ਲਈ ਆਖਰੀ ਕੁਆਲੀਫਾਇੰਗ ਟੂਰਨਾਮੈਂਟ ਸੀ ਤੇ ਇਸ ਦੀ ਸਮਾਪਤੀ ਤੋਂ ਬਾਅਦ ਟੀਮ ਮੁਕਾਬਲੇਬਾਜ਼ੀ ਲਈ 7 ਸਥਾਨ ਬਚੇ ਸਨ, ਜਿਨ੍ਹਾਂ ਲਈ ਟੀਮਾਂ ਨੂੰ ਉਨ੍ਹਾਂ ਦੀ ਰੈਂਕਿੰਗ ਦੇ ਆਧਾਰ ’ਤੇ ਚੁਣਿਆ ਗਿਆ।
ਆਈ. ਆਈ. ਟੀ. ਐੱਫ. ਨੇ ਕਿਹਾ,‘‘ਤਾਜ਼ਾ ਵਿਸ਼ਵ ਟੀਮ ਰੈਂਕਿੰਗ ਦੀਆਂ ਜਿਹੜੀਆਂ ਟੀਮਾਂ ਕੁਆਲੀਫਾਈ ਨਹੀਂ ਕਰ ਸਕੀਆਂ, ਉਨ੍ਹਾਂ ਨੇ ਪੈਰਿਸ 2024 ਲਈ ਆਪਣੀ ਟਿਕਟ ਹਾਸਲ ਕਰ ਲਈ ਹੈ।’’
ਮਹਿਲਾਵਾਂ ਦੀ ਪ੍ਰਤੀਯੋਗਿਤਾ ਵਿਚ ਭਾਰਤ 13ਵੀਂ ਰੈਂਕਿੰਗ ’ਤੇ ਕਾਬਜ਼ ਸੀ। ਉਸ ਨੇ ਪੋਲੈਂਡ (12), ਸਵੀਡਨ (15) ਤੇ ਥਾਈਲੈਂਡ ਦੇ ਨਾਲ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਪੁਰਸ਼ ਟੀਮ ਪ੍ਰਤੀਯੋਗਿਤਾ ਵਿਚ ਕ੍ਰੋਏਸ਼ੀਆ (12), ਭਾਰਤ (15) ਤੇ ਸਲੋਵੇਨੀਆ (11) ਨੇ ਵੀ ਪੈਰਿਸ ਓਲੰਪਿਕ ਦੀ ਟਿਕਟ ਕਟਾਈ ਹੈ।
ਭਾਰਤੀ ਟੇਬਲ ਟੈਨਿਸ ਦੇ ਇਤਿਹਾਸ ਵਿਚ ਇਹ ਸ਼ਾਨਦਾਰ ਉਪਲਬੱਧੀ ਹੈ ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੇਸ਼ 2008 ਬੀਜਿੰਗ ਓਲੰਪਿਕ ਵਿਚ ਸ਼ਾਮਲ ਕੀਤੀ ਜਾਣ ਤੋਂ ਬਾਅਦ ਟੀਮ ਪ੍ਰਤੀਯੋਗਿਤਾ ਵਿਚ ਹਿੱਸਾ ਲਵੇਗਾ। ਦੋਵੇਂ ਭਾਰਤੀ ਟੀਮਾਂ ਆਈ. ਟੀ. ਟੀ. ਐੱਫ. ਵਿਸ਼ਵ ਟੀਮ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਹਾਰ ਜਾਣ ਤੋਂ ਬਾਅਦ ਓਲੰਪਿਕ ਟਿਕਟ ਕਟਾਉਣ ਤੋਂ ਖੁੰਝ ਗਈ ਸੀ। ਪੁਰਸ਼ ਟੀਮ ਦਾ ਦੱਖਣੀ ਕੋਰੀਆ ਹੱਥੋਂ 0-3 ਨਾਲ ਤੇ ਮਹਿਲਾ ਟੀਮ ਨੂੰ ਚੀਨੀ ਤਾਈਪੇ ਹੱਥੋਂ 1-3 ਨਾਲ ਹਾਰ ਮਿਲੀ ਸੀ।


author

Aarti dhillon

Content Editor

Related News