ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਯੋ ਮਹੇਸ਼ ਨੇ ਕ੍ਰਿਕਟ ਤੋਂ ਲਿਆ ਸੰਨਿਆਸ
Monday, Dec 21, 2020 - 10:45 AM (IST)
ਨਵੀਂ ਦਿਲੀ (ਵਾਰਤਾ) : ਭਾਰਤੀ ਕ੍ਰਿਕਟਰ ਯੋ ਮਹੇਸ਼ ਨੇ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਲੈਣ ਦੀ ਐਤਵਾਰ ਨੂੰ ਘੋਸ਼ਣਾ ਕੀਤੀ ਹੈ। 32 ਸਾਲਾ ਮਹੇਸ਼ ਨੇ 2006 ਤੋਂ 50 ਪਹਿਲੀ ਸ਼੍ਰੇਣੀ ਦੇ, 61 ਏ ਲਿਸਟ ਅਤੇ 46 ਟੀ-20 ਮੁਕਾਬਲੇ ਖੇਡੇ ਹਨ। ਮਹੇਸ਼ ਆਈ.ਪੀ.ਐਲ. ਵਿੱਚ ਚੇਨਈ ਸੁਪਰ ਕਿੰਗਸ ਅਤੇ ਦਿੱਲੀ ਡੇਅਰਡੈਵਿਲਸ ਲਈ ਵੀ ਖੇਡ ਚੁੱਕੇ ਹਨ।
ਇਹ ਵੀ ਪੜ੍ਹੋ: ਬਿੱਗ ਬੌਸ ਦੇ ਘਰ ’ਚ ਵਾਈਲਡ ਕਾਰਡ ਐਂਟਰੀ ਲਵੇਗੀ ਭਾਜਪਾ ਨੇਤਾ ਤੇ TikTok ਸਟਾਰ ਸੋਨਾਲੀ ਫੋਗਾਟ
ਮਹੇਸ਼ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦਾ ਧੰਨਵਾਦ ਅਦਾ ਕਰਦੇ ਹੋਏ ਕਿਹਾ, ‘ਮੈਂ ਬੀ.ਸੀ.ਸੀ.ਆਈ. ਦਾ ਧੰਨਵਾਦ ਕਰਦਾ ਹਾਂ ਜਿਸ ਨੇੇ ਮੈਨੂੰ ਅੰਡਰ-19 ਅਤੇ ਇੰਡੀਆ-ਏ ਦੇ ਪੱਧਰ ’ਤੇ ਭਾਰਤ ਦੀ ਨੁਮਾਇੰਦਗੀ ਕਰਣ ਦਾ ਮੌਕਾ ਦਿੱਤਾ। ਇਹ ਮੇਰੇ ਲਈ ਸਨਮਾਨ ਦੀ ਗੱਲ ਰਹੀ ਹੈ। ਮੈਂ ਪੂਰੇ ਮਾਣ ਨਾਲ ਇਸ ਨੂੰ ਆਪਣੇ ਕਰੀਅਰ ਦਾ ਸਭ ਤੋਂ ਚੰਗਾ ਸਮਾਂ ਕਹਿੰਦਾ ਹਾਂ।’
— Yomi (@yomi2105) December 20, 2020
ਉਨ੍ਹਾਂ ਕਿਹਾ, ‘ਮੇਰੀਆਂ 2 ਆਈ.ਪੀ.ਐਲ. ਟੀਮਾਂ- ਚੇਨਈ ਅਤੇ ਦਿੱਲੀ ਦਾ ਵੀ ਮੇਰੇ ’ਤੇ ਭਰੋਸਾ ਵਿਖਾਉਣ ਅਤੇ ਮੈਨੂੰ ਮਹਾਨ ਖਿਡਾਰੀਆਂ ਨਾਲ ਡਰੈਸਿੰਗ ਰੂਮ ਸਾਂਝਾ ਕਰਣ ਦਾ ਮੌਕਾ ਦੇਣ ਲਈ ਧੰਨਵਾਦ। ਆਖ਼ਰੀ ਦੇ 5 ਸਾਲ ਮੈਂ ਸੱਟਾਂ ਤੋਂ ਪਰੇਸ਼ਾਨ ਰਿਹਾ ਪਰ ਮੈਂ ਇੰਡੀਆ ਸੀਮੈਂਟਸ ਨੂੰ ਮੇਰਾ ਸਾਥ ਦੇਣ ਲਈ ਵੀ ਧੰਨਵਾਦ ਕਹਿਣਾ ਚਾਹੁੰਦਾ ਹਾਂ। ਮੈਂ ਆਪਣੇ ਸੂਬੇ ਤਾਮਿਲਨਾਡੁ ਕ੍ਰਿਕਟ ਸੰਘ ਦਾ ਵੀ ਮੈਨੂੰ 14 ਸਾਲ ਦੀ ਉਮਰ ਤੋਂ ਨਿਖਾਰਣ ਲਈ ਧੰਨਵਾਦ ਕਹਿਣਾ ਚਾਹੁੰਦਾ ਹਾਂ।’
ਮਹੇਸ਼ ਨੇ ਸਾਲ 2006 ਵਿੱਚ ਬੰਗਾਲ ਖ਼ਿਲਾਫ਼ ਆਪਣਾ ਪਹਿਲਾ ਪ੍ਰਥਮ ਸ਼੍ਰੇਣੀ ਮੁਕਾਬਲਾ ਖੇਡਿਆ ਸੀ। ਸਾਲ 2008 ਵਿੱਚ ਆਈ.ਪੀ.ਐਲ. ਦੇ ਪਹਿਲੇ ਸੀਜ਼ਨ ਵਿੱਚ ਉਨ੍ਹਾਂ ਨੇ ਦਿੱਲੀ ਵਲੋਂ ਖੇਡਦੇ ਹੋਏ 16 ਵਿਕਟਾਂ ਲਈਆਂ ਸਨ ਪਰ ਇਸ ਦੇ ਬਾਅਦ ਆਈ.ਪੀ.ਐਲ. ਦੇ ਅਗਲੇ 3 ਸੀਜ਼ਨ ਵਿੱਚ ਉਨ੍ਹਾਂ ਨੇ 7 ਮੈਚ ਖੇਡੇ, ਜਿਸ ਵਿੱਚ ਉਹ ਸਿਰਫ਼ 5 ਵਿਕਟਾਂ ਹੀ ਲੈ ਸਕੇ। ਮਹੇਸ਼ ਨੇ ਆਪਣੇ ਕਰੀਅਰ ਵਿੱਚ ਸਾਰੇ ਫਾਰਮੈਟਸ ਵਿੱਚ 253 ਵਿਕਟਾਂ ਲਈਆਂ ਅਤੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਉਨ੍ਹਾਂ ਦੇ ਨਾਮ 1000 ਤੋਂ ਜ਼ਿਆਦਾ ਦੌੜਾਂ ਵੀ ਹਨ।