ਭਾਰਤੀ ਰਿਕਰਵ ਤੀਰਅੰਦਾਜ਼ਾਂ ਨੇ ਵਿਸ਼ਵ ਕੱਪ ਦੇ ਚੌਥੇ ਪੜਾਅ ''ਚ ਜਿੱਤੇ ਦੋ ਕਾਂਸੀ ਦੇ ਤਮਗੇ
Thursday, Aug 17, 2023 - 06:56 PM (IST)
ਪੈਰਿਸ, (ਭਾਸ਼ਾ)- ਭਾਰਤੀ ਰਿਕਰਵ ਤੀਰਅੰਦਾਜ਼ਾਂ ਨੇ ਵੀਰਵਾਰ ਨੂੰ ਇੱਥੇ ਵਿਸ਼ਵ ਕੱਪ ਚੌਥੇ ਪੜਾਅ ਦੇ ਪੁਰਸ਼ ਅਤੇ ਮਹਿਲਾ ਟੀਮ ਮੁਕਾਬਲਿਆਂ ਵਿੱਚ ਦੋ ਕਾਂਸੀ ਦੇ ਤਗਮੇ ਜਿੱਤੇ। ਧੀਰਜ ਬੋਮਾਦੇਵਾਰਾ, ਅਤਾਨੁ ਦਾਸ ਅਤੇ ਤੁਸ਼ਾਰ ਸ਼ੇਲਕੇ ਦੀ ਭਾਰਤੀ ਪੁਰਸ਼ ਰਿਕਰਵ ਟੀਮ ਨੇ ਕਾਂਸੀ ਦੇ ਤਗਮੇ ਦੇ ਪਲੇਅ-ਆਫ ਵਿੱਚ ਆਂਦਰੇਸ ਟਾਮਿਨੋ, ਯੂਨ ਸਾਂਚੇਜ਼ ਅਤੇ ਪਾਬਲੋ ਅਚਾ ਦੀ ਸਪੈਨਿਸ਼ ਟੀਮ ਨੂੰ 6-2 (54-56, 57-55, 56-54, 57-55) ਨਾਲ ਹਰਾਇਆ। ਦੂਜਾ ਦਰਜਾ ਪ੍ਰਾਪਤ ਭਾਰਤੀ ਟੀਮ ਹਾਲਾਂਕਿ ਇਸ ਤੋਂ ਪਹਿਲਾਂ ਚੀਨੀ ਤਾਈਪੇ ਦੇ ਖਿਲਾਫ ਸੈਮੀਫਾਈਨਲ 'ਚ ਹਾਰ ਦੇ ਨਾਲ ਸੋਨ ਤਗਮੇ ਦੇ ਮੁਕਾਬਲੇ 'ਚ ਜਗ੍ਹਾ ਬਣਾਉਣ 'ਚ ਅਸਫਲ ਰਹੀ ਸੀ।
ਇਹ ਵੀ ਪੜ੍ਹੋ : IND vs IRE 1st T20 : ਆਇਰਲੈਂਡ ਖਿਲਾਫ਼ ਬੁਮਰਾਹ ਅਤੇ ਭਾਰਤ ਦੀ ਯੁਵਾ ਬ੍ਰਿਗੇਡ 'ਤੇ ਹੋਵੇਗੀ ਨਜ਼ਰ
ਭਾਰਤੀ ਤਿਕੜੀ ਚੀਨੀ ਤਾਈਪੇ ਖ਼ਿਲਾਫ਼ ਸਿੱਧੇ ਸੈੱਟਾਂ ਵਿੱਚ 0-6 (54-56, 47-58, 55-56) ਨਾਲ ਹਾਰ ਗਈ। ਭਾਰਤੀ ਮਹਿਲਾ ਟੀਮ ਨੂੰ ਵੀ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਸੈਮੀਫਾਈਨਲ ਵਿੱਚ ਚੀਨੀ ਤਾਈਪੇ ਖ਼ਿਲਾਫ਼ ਇੱਕਤਰਫ਼ਾ 0-6 (52-57, 47-56, 52-53) ਨਾਲ ਹਾਰ ਝੱਲਣੀ ਪਈ। ਅੰਕਿਤਾ ਭਕਤ, ਭਜਨ ਕੌਰ ਅਤੇ ਸਿਮਰਨਜੀਤ ਕੌਰ ਦੀ ਤਿਕੜੀ ਕੋਲ ਚੀਨੀ ਤਾਈਪੇ ਦੀ ਜੋੜੀ ਨੂੰ ਤੀਜੇ ਸੈੱਟ ਵਿੱਚ ਹਰਾ ਕੇ ਵਾਪਸੀ ਕਰਨ ਦਾ ਮੌਕਾ ਸੀ ਪਰ ਉਹ ਅਜਿਹਾ ਕਰਨ ਵਿੱਚ ਅਸਫਲ ਰਹੀਆਂ। ਤਾਈਪੇ ਦੀ ਟੀਮ ਨੇ 53 ਅੰਕ ਬਣਾਏ ਸਨ ਪਰ ਭਾਰਤੀ ਟੀਮ ਸਿਰਫ਼ 52 ਅੰਕ ਹੀ ਬਣਾ ਸਕੀ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਸੀ ਦੇ ਤਗਮੇ ਦੇ ਪਲੇਅ-ਆਫ ਵਿੱਚ ਭਾਰਤੀ ਟੀਮ ਨੇ ਮੈਕਸੀਕੋ ਨੂੰ 5-4 (52-55, 52-53, 55-52, 54-52) (27-25) ਨਾਲ ਹਰਾ ਕੇ ਦੋ ਸੈੱਟਾਂ ਤੋਂ ਵਾਪਸੀ ਕੀਤੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।