ਰੋਡ੍ਰਿਗਜ਼ ਅਤੇ ਮੰਧਾਨਾ ਦੀ ਬਦੌਲਤ ਜਿੱਤਿਆ ਭਾਰਤ

11/08/2019 2:20:06 AM

ਨਾਰਥ ਸਾਊਂਡ- ਜੇਮਿਮਾ ਰੋਡ੍ਰਿਗਜ਼ (69) ਤੇ ਸਮ੍ਰਿਤੀ ਮੰਧਾਨਾ (74) ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਵਿਰੁੱਧ ਤੀਜੇ ਵਨ-ਡੇ ਮੁਕਾਬਲੇ ਵਿਚ 47 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਜਿੱਤ ਆਪਣੇ ਨਾਂ ਕਰ ਲਈ, ਇਸਦੇ ਨਾਲ ਹੀ ਮਹਿਮਾਨ ਟੀਮ ਨੇ 3 ਮੈਚਾਂ ਦੀ ਸੀਰੀਜ਼ ਵੀ 2-1 ਨਾਲ ਜਿੱਤ ਲਈ।
ਵੈਸਟਇੰਡੀਜ਼ ਨੇ ਇੱਥੇ ਸਰ ਵਿਵੀਅਨ ਰਿਚਰਡਸ ਸਟੇਡੀਅਮ ਵਿਚ ਖੇਡੇ ਗਏ ਤੀਜੇ ਤੇ ਆਖਰੀ ਵਨ-ਡੇ ਵਿਚ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ ਨਿਰਧਾਰਿਤ 50 ਓਵਰਾਂ ਵਿਚ 194 ਦੌੜਾਂ ਬਣਾਈਆਂ। ਇਸਦੇ ਜਵਾਬ ਵਿਚ ਭਾਰਤੀ ਮਹਿਲਾਵਾਂ ਨੇ ਬਿਹਤਰੀਨ ਬੱਲੇਬਾਜ਼ੀ ਕਰਦਿਆਂ 42.1 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 195 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਮਹਿਲਾ ਟੀਮ ਨੇ ਵਧੀਆ ਸ਼ੁਰੂਆਤ ਕੀਤੀ ਅਤੇ ਰੋਡ੍ਰਿਗਜ਼ ਤੇ ਮੰਧਾਨਾ ਦੀ ਓਪਨਿੰਗ ਜੋੜੀ ਨੇ ਪਹਿਲੀ ਵਿਕਟ ਲਈ 141 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕਰ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ। ਰੋਡ੍ਰਿਗਜ਼ ਨੇ 92 ਗੇਂਦਾਂ ਦੀ ਆਪਣੀ ਪਾਰੀ ਵਿਚ 6 ਚੌਕੇ ਲਾ ਕੇ 69 ਦੌੜਾਂ ਤੇ ਮੰਧਾਨਾ ਨੇ 63 ਗੇਂਦਾਂ ਵਿਚ 9 ਚੌਕੇ ਤੇ 3 ਛੱਕੇ ਲਾ ਕੇ 74 ਦੌੜਾਂ  ਦੀ ਪਾਰੀ ਖੇਡੀ। ਵਿੰਡੀਜ਼ ਦੀ ਹੇਲੀ ਮੈਥਿਊਜ਼ ਨੇ ਦੋਵਾਂ ਓਪਨਰਾਂ ਨੂੰ ਪੈਵੇਲੀਅਨ ਭੇਜਿਆ। ਪੂਨਮ ਰਾਊਤ ਨੇ 24 ਤੇ ਕਪਤਾਨ ਮਿਤਾਲੀ ਰਾਜ ਨੇ 20 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤਕ ਪਹੁੰਚਾਇਆ।

PunjabKesari
ਮੰਧਾਨਾ ਨੇ ਪੂਰੀਆਂ ਕੀਤੀਆਂ ਸਭ ਤੋਂ ਤੇਜ਼ 2000 ਵਨ ਡੇ ਦੌੜਾਂ
ਸਟਾਰ ਮਹਿਲਾ ਬੱਲੇਬਾਜ਼ ਸਮ੍ਰਿਤੀ ਮੰਧਾਨਾ ਵਨ ਡੇ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਤੇਜ਼ 2000 ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਕ੍ਰਿਕਟਰ ਬਣ ਗਈ ਹੈ ਅਤੇ ਇਸ ਰਿਕਾਰਡ ਦੇ ਮਾਮਲੇ ਵਿਚ ਉਸਨੇ ਪੁਰਸ਼ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮੰਧਾਨਾ ਨੇ 51 ਪਾਰੀਆਂ ਵਿਚ 2000 ਦੌੜਾਂ ਬਣਾਈਆਂ ਅਤੇ ਉਹ ਵਨ ਡੇ ਵਿਚ ਸਭ ਤੋਂ ਤੇਜ਼ 2000 ਦੌੜਾਂ ਦਾ ਅੰਕੜਾ ਛੂਹਣ ਵਾਲੀ ਬੇਲਿੰਡਾ ਕਲਾਰਕ ਅਤੇ ਮੇਗ ਲੈਨਿੰਗ ਤੋਂ ਬਾਅਦ ਤੀਜੀ ਮਹਿਲਾ ਬੱਲੇਬਾਜ਼ ਬਣ ਗਈ ਹੈ। 23 ਸਾਲਾ ਮੰਧਾਨਾ ਦੀਆਂ 51 ਵਨ ਡੇ ਮੈਚਾਂ ਵਿਚ 43.08 ਦੀ ਔਸਤ ਨਾਲ 2025 ਦੌੜਾਂ ਹੋ ਗਈਆਂ ਹਨ। ਉਸਦੇ ਨਾਂ ਵਨ ਡੇ ਕਰੀਅਰ ਵਿਚ 4 ਸੈਂਕੜੇ ਅਤੇ 17 ਅਰਧ ਸੈਂਕੜੇ ਦਰਜ ਹਨ।


Gurdeep Singh

Content Editor

Related News