ਭਾਰਤ ਨੇ ਆਈ. ਐੱਸ. ਐੱਸ. ਐੱਫ. ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤੇ 5 ਹੋਰ ਸੋਨ ਤਮਗੇ

Thursday, Oct 03, 2024 - 11:37 AM (IST)

ਨਵੀਂ ਦਿੱਲੀ, (ਭਾਸ਼ਾ)– ਭਾਰਤ ਨੇ ਪੇਰੂ ਦੇ ਲੀਮਾ ਵਿਚ ਚੱਲ ਰਹੀ ਆਈ. ਐੱਸ. ਐੱਸ. ਐੱਫ. ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਪ੍ਰਤੀਯੋਗਿਤਾ ਦੇ ਚੌਥੇ ਦਿਨ 5 ਸੋਨ ਤਮਗੇ ਜਿੱਤੇ, ਜਿਸ ਵਿਚ ਦਿਵਆਂਸ਼ੀ ਤੇ ਮੁਕੇਸ਼ ਨੇਲਵੱਲੀ ਦੇ ਮਹਿਲਾ ਤੇ ਪੁਰਸ਼ ਵਰਗ ਵਿਚ 25 ਮੀਟਰ ਪਿਸਟਲ ਪ੍ਰਤੀਯੋਗਿਤਾ ਵਿਚ ਜਿੱਤੇ ਗਏ ਸੋਨ ਤਮਗੇ ਵੀ ਸ਼ਾਮਲ ਹਨ। ਭਾਰਤੀ ਨਿਸ਼ਾਨੇਬਾਜ਼ਾਂ ਨੇ ਹੁਣ ਤੱਕ 10 ਸੋਨ, 1 ਚਾਂਦੀ ਤੇ 3 ਕਾਂਸੀ ਸਮੇਤ ਕੁੱਲ 14 ਤਮਗੇ ਜਿੱਤੇ ਹਨ। ਅਮਰੀਕਾ (10) ਤੇ ਇਟਲੀ (8) ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਹਨ।

ਦਿਵਆਂਸ਼ੀ ਨੇ 35 ਦਾ ਸਕੋਰ ਬਣਾ ਕੇ ਫਾਈਨਲ ਵਿਚ ਇਟਲੀ ਦੀ ਕ੍ਰਿਸਟੀਨਾ ਮੈਗ੍ਰਾਨੀ ਨੂੰ 2 ਅੰਕਾਂ ਨਾਲ ਹਰਾਇਆ। ਫਰਾਂਸ ਦੀ ਹੇਲੋਇਸ ਫੋਰੇ ਤੀਜੇ ਸਥਾਨ ’ਤੇ ਰਹੀ। ਦਿਵਆਂਸ਼ੀ ਨੇ ਤੇਜਸਵਿਨੀ ਤੇ ਵਿਭੂਤੀ ਭਾਟੀਆ ਦੇ ਨਾਲ ਮਿਲ ਕੇ ਜੂਨੀਅਰ ਮਹਿਲਾ 25 ਮੀਟਰ ਪਿਸਟਲ ਟੀਮ ਪ੍ਰਤੀਯੋਗਿਤਾ ਵਿਚ ਵੀ ਸੋਨ ਤਮਗਾ ਹਾਸਲ ਕੀਤਾ। ਭਾਰਤੀ ਟੀਮ ਨੇ 1711 ਦੇ ਸਕੋਰ ਨਾਲ ਚੈੱਕ ਗਣਰਾਜ ਤੇ ਜਰਮਨੀ ਨੂੰ ਪਿੱਛੇ ਛੱਡਿਆ।

ਇਸ ਤੋਂ ਪਹਿਲਾਂ ਦਿਵਆਂਸ਼ੀ ਨੇ ਕੁਆਲੀਫਿਕੇਸ਼ਨ ਵਿਚ 577 ਦਾ ਸਕੋਰ ਬਣਾ ਕੇ 5ਵੇਂ ਸਥਾਨ ’ਤੇ ਰਹਿੰਦੇ ਹੋਏ ਫਾਈਨਲ ਵਿਚ ਜਗ੍ਹਾ ਬਣਾਈ। ਤੇਜਸਵਿਨੀ (569) 13ਵੇਂ, ਵਿਭੂਤੀ (565) 22ਵੇਂ ਤੇ ਨਾਮਯਾ ਕਪੂਰ 552 ਦੇ ਨਾਲ 40ਵੇਂ ਸਥਾਨ ’ਤੇ ਰਹੀ। ਨੇਲਵੱਲੀ ਨੇ ਦੋ ਹੋਰ ਸੋਨ ਤਮਗੇ ਜਿੱਤ ਕੇ ਚੈਂਪੀਅਨਸ਼ਿਪ ਵਿਚ ਹੁਣ ਤੱਕ ਆਪਣੇ ਸੋਨ ਤਮਗਿਆਂ ਦੀ ਗਿਣਤੀ 3 ’ਤੇ ਪਹੁੰਚਾ ਦਿੱਤੀ ਹੈ। ਉਸ ਨੇ ਜੂਨੀਅਰ ਪੁਰਸ਼ 25 ਮੀਟਰ ਪਿਸਟਲ ਵਿਚ 585 ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ। ਇਸ ਭਾਰਤੀ ਨਿਸ਼ਾਨੇਬਾਜ਼ ਨੇ ਹਮਵਤਨ ਸੂਰਜ ਸ਼ਰਮਾ ਨੂੰ ਦੋ ਅੰਕਾਂ ਨਾਲ ਪਿੱਛੇ ਛੱਡਿਆ।

ਇਸੇ ਤਰ੍ਹਾਂ ਨਾਲ ਸੂਰਜ ਨੇ ਪ੍ਰਤੀਯੋਗਿਤਾ ਵਿਚ ਭਾਰਤ ਲਈ ਪਹਿਲਾ ਚਾਂਦੀ ਤਮਗਾ ਜਿੱਤਿਆ। ਨੇਲਵੱਲੀ, ਸੂਰਜ ਤੇ ਪ੍ਰਦੁਮਣ ਸਿੰਘ (561) ਨੇ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗਾ ਆਪਣੇ ਨਾਂ ਕੀਤਾ। ਇਨ੍ਹਾਂ ਤਿੰਨੇ ਭਾਰਤੀ ਨਿਸ਼ਾਨੇਬਾਜ਼ਾਂ ਨੇ ਕੁੱਲ ਮਿਲਾ ਕੇ 1726 ਅੰਕ ਬਣਾਏ ਤੇ ਪੋਲੈਂਡ ਨੂੰ ਤਿੰਨ ਅੰਕਾਂ ਨਾਲ ਪਿੱਛੇ ਛੱਡਿਆ।

ਭਾਰਤ ਨੇ ਚੌਥੇ ਦਿਨ ਪੰਜਵਾਂ ਸੋਨ ਤਮਗਾ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੋਜ਼ੀਸ਼ਨ (3ਪੀ) ਦੀ ਟੀਮ ਪ੍ਰਤੀਯੋਗਿਤਾ ਵਿਚ ਜਿੱਿਤਅਾ। ਭਾਰਤ ਦੇ ਸ਼ੌਰਯ ਸੈਣੀ, ਵੇਦਾਂਤ ਨਿਤਿਨ ਵਾਘਮਾਰੇ ਤੇ ਪਰੀਕਿਸ਼ਤ ਸਿੰਘ ਬਰਾੜ ਨੇ 1753 ਅੰਕ ਬਣਾ ਕੇ ਜੂਨੀਅਰ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਤੇ ਸੋਨ ਤਮਗਾ ਹਾਸਲ ਕੀਤਾ। ਨਾਰਵੇ ਦੂਜੇ ਤੇ ਸਵੀਡਨ ਤੀਜੇ ਸਥਾਨ ’ਤੇ ਰਿਹਾ।


Tarsem Singh

Content Editor

Related News