ਰਿਧੀਮਾ ਨੇ ਮਹਿਲਾ ਪ੍ਰੋ ਗੋਲਫ ਟੂਰ ਦਾ ਖਿਤਾਬ ਜਿੱਤਿਆ
Saturday, Mar 21, 2026 - 01:28 PM (IST)
ਨੋਇਡਾ– ਰਿਧੀਮਾ ਦਿਲਾਵਰੀ ਨੇ ਖਰਾਬ ਸ਼ੁਰੂਆਤ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਲਗਾਤਾਰ ਤੀਜੀ ਵਾਰ 71 ਦਾ ਸਕੋਰ ਬਣਾਇਆ ਅਤੇ ਮਹਿਲਾ ਪ੍ਰੋ ਗੋਲਫ ਟੂਰ (ਡਬਲਯੂ. ਪੀ. ਜੀ. ਟੀ.) ਦੇ 6ਵੇਂ ਸੈਸ਼ਨ ਦਾ ਖਿਤਾਬ ਆਪਣੇ ਨਾਂ ਕੀਤਾ। ਰਿਧੀਮਾ ਨੇ ਆਖਰੀ ਦੌਰ ਦੀ ਸ਼ੁਰੂਆਤ ਜੈਸਮੀਨ ਸ਼ੇਖਰ ਤੋਂ 3 ਸ਼ਾਟ ਪਿੱਛੇ ਰਹਿ ਕੇ ਕੀਤੀ ਸੀ। ਪਹਿਲੇ 2 ਹੋਲ ਤੋਂ ਬਾਅਦ ਉਹ 5 ਸ਼ਾਟ ਪਿੱਛੇ ਹੋ ਗਈ।
ਇਸ ਤੋਂ ਬਾਅਦ ਰਿਧੀਮਾ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਬਾਕੀ ਦੇ 16 ਹੋਲ ’ਚ 2 ਬਰਡੀਆਂ ਲਾਈਆਂ ਤੇ ਕੋਈ ਬੋਗੀ ਨਹੀਂ ਕੀਤੀ। ਦੂਜੇ ਪਾਸੇ ਜੈਸਮੀਨ ਨੇ 4 ਓਵਰ 75 ਦਾ ਸਕੋਰ ਬਣਾਇਆ। ਰਿਧੀਮਾ ਨੇ ਦੂਜਾ ਤੇ ਚੌਥਾ ਸੈਸ਼ਨ ਵੀ ਜਿੱਤਿਆ ਸੀ। ਹੁਣ 6ਵਾਂ ਸੈਸ਼ਨ ਜਿੱਤ ਕੇ ਉਸ ਨੇ ਹੀਰੋ ਆਰਡਰ ਆਫ ਮੈਰਿਟ ’ਚ ਆਪਣੀ ਬੜ੍ਹਤ ਬਰਕਰਾਰ ਰੱਖੀ ਹੈ। ਮੌਜੂਦਾ ਸੀਰੀਜ਼ ਦਾ ਪਹਿਲਾ ਸੈਸ਼ਨ ਜਿੱਤਣ ਵਾਲੀ ਜੈਸਮੀਨ ਲਗਾਤਾਰ ਦੂਜੀ ਵਾਰ ਦੂਜੇ ਸਥਾਨ ’ਤੇ ਰਹੀ।
