ਟੀ-20 ਵਿਸ਼ਵ ਕੱਪ 2022 ਦਾ ਸ਼ਡਿਊਲ ਜਾਰੀ, ਭਾਰਤ-ਪਾਕਿ ਵਿਚਾਲੇ ਫਿਰ ਦੇਖਣ ਨੂੰ ਮਿਲੇਗਾ ਮਹਾ ਮੁਕਾਬਲਾ

Friday, Jan 21, 2022 - 12:27 PM (IST)

ਟੀ-20 ਵਿਸ਼ਵ ਕੱਪ 2022 ਦਾ ਸ਼ਡਿਊਲ ਜਾਰੀ, ਭਾਰਤ-ਪਾਕਿ ਵਿਚਾਲੇ ਫਿਰ ਦੇਖਣ ਨੂੰ ਮਿਲੇਗਾ ਮਹਾ ਮੁਕਾਬਲਾ

ਦੁਬਈ (ਭਾਸ਼ਾ)- ਭਾਰਤੀ ਕ੍ਰਿਕਟ ਟੀਮ ਇਸ ਸਾਲ ਦੇ ਅੰਤ ਵਿਚ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ 23 ਅਕਤੂਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ (ਐਮ.ਸੀ.ਜੀ.) ਵਿਚ ਕੱਟੜ ਵਿਰੋਧੀ ਪਾਕਿਸਤਾਨ ਖ਼ਿਲਾਫ਼ ਖੇਡੇਗੀ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਸ਼ੁੱਕਰਵਾਰ ਨੂੰ ਇਸ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕੀਤਾ, ਜਿਸ ਦਾ ਫਾਈਨਲ 13 ਨਵੰਬਰ ਨੂੰ ਖੇਡਿਆ ਜਾਵੇਗਾ।

ਪਿਛਲੇ ਸਾਲ ਦੁਬਈ ਵਿਚ ਹੋਏ ਟੀ-20 ਵਿਸ਼ਵ ਕੱਪ ਵਿਚ ਭਾਰਤ ਪਾਕਿਸਤਾਨ ਤੋਂ ਹਾਰ ਗਿਆ ਸੀ। ਕਿਸੇ ਵੀ ਫਾਰਮੈਟ ਦੇ ਵਿਸ਼ਵ ਕੱਪ ਵਿਚ ਆਪਣੇ ਪੁਰਾਣੇ ਵਿਰੋਧੀ ਹੱਥੋਂ ਭਾਰਤ ਦੀ ਇਹ ਪਹਿਲੀ ਹਾਰ ਸੀ। ਭਾਰਤ ਸੁਪਰ-12 ਦੇ ਗਰੁੱਪ 2 ਦਾ ਆਪਣਾ ਦੂਜਾ ਮੈਚ 27 ਅਕਤੂਬਰ ਨੂੰ ਸਿਡਨੀ ਵਿਚ ਕੁਆਲੀਫਾਇਰ (ਗਰੁੱਪ ਏ ਦੀ ਉਪ ਜੇਤੂ) ਨਾਲ ਖੇਡੇਗਾ। ਇਸ ਤੋਂ ਬਾਅਦ ਉਹ 30 ਅਕਤੂਬਰ ਨੂੰ ਪਰਥ ਵਿਚ ਦੱਖਣੀ ਅਫਰੀਕਾ ਅਤੇ 2 ਨਵੰਬਰ ਨੂੰ ਐਡੀਲੇਡ ਓਵਲ ਵਿਚ ਬੰਗਲਾਦੇਸ਼ ਨਾਲ ਭਿੜੇਗਾ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਗੋਲਫਰ ਅਕਸ਼ੈ ਭਾਟੀਆ ਨੇ ਜਿੱਤਿਆ ਕੋਰਨ ਫੈਰੀ ਟੂਰ ਦਾ ਖ਼ਿਤਾਬ

ਭਾਰਤੀ ਟੀਮ ਸੁਪਰ-12 ਦਾ ਆਪਣਾ ਆਖ਼ਰੀ ਮੈਚ 6 ਨਵੰਬਰ ਨੂੰ ਐਮ.ਸੀ.ਜੀ. ਵਿਚ ਗਰੁੱਪ ਬੀ ਦੇ ਜੇਤੂ ਨਾਲ ਖੇਡੇਗੀ। ਟੂਰਨਾਮੈਂਟ ਦਾ ਦੂਜਾ ਦੌਰ ਯਾਨੀ ਸੁਪਰ-12 ਦੀ ਸ਼ੁਰੂਆਤ 22 ਅਕਤੂਬਰ ਨੂੰ ਮੌਜੂਦਾ ਚੈਂਪੀਅਨ ਅਤੇ ਮੇਜ਼ਬਾਨ ਆਸਟਰੇਲੀਆ ਅਤੇ ਪਿਛਲੀ ਵਾਰ ਦੇ ਉਪ ਜੇਤੂ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ। ਇਹ ਮੈਚ ਸਿਡਨੀ ਵਿਚ ਖੇਡਿਆ ਜਾਵੇਗਾ। ਸੁਪਰ-12 ਵਿਚ ਆਸਟਰੇਲੀਆ ਨੂੰ ਗਰੁੱਪ ਇਕ ਵਿਚ ਵਿਸ਼ਵ ਵਿਚ ਨੰਬਰ ਇਕ ਇੰਗਲੈਂਡ, ਨਿਊਜ਼ੀਲੈਂਡ, ਅਫ਼ਗਾਨਿਸਤਾਨ ਅਤੇ ਗਰੁੱਪ ਏ ਦੇ ਜੇਤੂ ਅਤੇ ਗਰੁੱਪ ਬੀ ਦੇ ਉਪ-ਜੇਤੂ ਨਾਲ ਰੱਖਿਆ ਗਿਆ ਹੈ। ਸੈਮੀਫਾਈਨਲ 9 ਅਤੇ 10 ਨਵੰਬਰ ਨੂੰ ਸਿਡਨੀ ਅਤੇ ਐਡੀਲੇਡ ਓਵਲ ਵਿਚ ਕ੍ਰਮਵਾਰ ਖੇਡੇ ਜਾਣਗੇ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਐਡੀਲੇਡ ਓਵਲ ਵਿਸ਼ਵ ਕੱਪ ਸੈਮੀਫਾਈਨਲ ਦੀ ਮੇਜ਼ਬਾਨੀ ਕਰੇਗਾ।

ਫਾਈਨਲ 13 ਨਵੰਬਰ ਨੂੰ ਐਮ.ਸੀ.ਜੀ. ਵਿਚ ਖੇਡਿਆ ਜਾਵੇਗਾ। ਪਹਿਲੇ ਦੌਰ ਦਾ ਸ਼ੁਰੂਆਤੀ ਮੈਚ 2014 ਦੇ ਚੈਂਪੀਅਨ ਸ਼੍ਰੀਲੰਕਾ ਅਤੇ ਨਾਮੀਬੀਆ ਵਿਚਾਲੇ 16 ਅਕਤੂਬਰ ਨੂੰ ਕਾਰਡੀਨਿਆ ਪਾਰਕ ਜਿਲਾਂਗ ਵਿਖੇ ਖੇਡਿਆ ਜਾਵੇਗਾ। ਗਰੁੱਪ ਏ ਦੀਆਂ ਦੋ ਹੋਰ ਟੀਮਾਂ ਕੁਆਲੀਫਾਈ ਕਰਕੇ ਆਉਣਗੀਆਂ। 2 ਵਾਰ ਦਾ ਚੈਂਪੀਅਨ ਵੈਸਟਇੰਡੀਜ਼ ਵੀ ਪਹਿਲੇ ਦੌਰ ਵਿਚ ਖੇਡੇਗਾ। ਉਸ ਨੂੰ ਸਕਾਟਲੈਂਡ ਅਤੇ 2 ਕੁਆਲੀਫਾਇਰ ਦੇ ਨਾਲ ਗਰੁੱਪ ਬੀ ਵਿਚ ਰੱਖਿਆ ਗਿਆ ਹੈ। ਇਸ ਗਰੁੱਪ ਦੇ ਮੈਚ ਹੋਬਾਰਟ ਵਿਚ ਹੋਣਗੇ। ਹਰੇਕ ਗਰੁੱਪ ਵਿਚੋਂ ਚੋਟੀ ਦੀਆਂ 2 ਟੀਮਾਂ ਸੁਪਰ-12 ਲਈ ਕੁਆਲੀਫਾਈ ਕਰਨਗੀਆਂ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਹਾਸਲ ਕੀਤੀ ਇਕ ਹੋਰ ਉਪਲੱਬਧੀ, ਇਸ ਮਾਮਲੇ ’ਚ ਸਚਿਨ ਤੇਂਦੁਲਕਰ ਨੂੰ ਛੱਡਿਆ ਪਿੱਛੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News