ਸ਼੍ਰੀਲੰਕਾ ਵਿਰੁੱਧ 26 ਤੋਂ 3 ਟੀ-20 ਤੇ 3 ਵਨ ਡੇ ਖੇਡੇਗਾ ਭਾਰਤ
Friday, Jul 12, 2024 - 10:46 AM (IST)
ਨਵੀਂ ਦਿੱਲੀ–ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਭਾਰਤ ਜੁਲਾਈ ਤੇ ਅਗਸਤ ਵਿਚ ਸ਼੍ਰੀਲੰਕਾ ਦੇ ਦੌਰੇ ਦੌਰਾਨ ਪੱਲੇਕੇਲੇ ਤੇ ਕੋਲੰਬੋ ਵਿਚ 3 ਟੀ-20 ਕੌਮਾਂਤਰੀ ਤੇ 3 ਹੀ ਵਨ ਡੇ ਮੈਚ ਖੇਡੇਗਾ। ਸਫੈਦ ਗੇਂਦ ਦਾ ਦੌਰਾ ਟੀ-20 ਕੌਮਾਂਤਰੀ (26, 27 ਤੇ 29 ਜੁਲਾਈ) ਤੋਂ ਪੱਲੇਕੇਲੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਸ਼ੁਰੂ ਹੋਵੇਗਾ।
ਇਸ ਤੋਂ ਬਾਅਦ ਲੜੀ ਦੇ ਵਨ ਡੇ (1, 4, 7 ਅਗਸਤ) ਕੋਲੰਬੋ ਵਿਚ ਆਰ. ਪ੍ਰੇਮਦਾਸਾ ਕੌਮਾਂਤਰੀ ਸਟੇਡੀਅਮ ਵਿਚ ਖੇਡੇ ਜਾਣਗੇ। ਭਾਰਤੀ ਟੀਮ ਨਵ-ਨਿਯੁਕਤ ਮੁੱਖ ਕੋਚ ਗੌਤਮ ਗੰਭੀਰ ਦੇ ਮਾਰਗਦਰਸ਼ਨ ਵਿਚ ਖੇਡੇਗੀ ਜਦਕਿ ਸ਼੍ਰੀਲੰਕਾ ਵੀ ਨਵੇਂ ਕੋਚ ਸਨਤ ਜੈਸੂਰੀਆ ਦੇ ਨਾਲ ਹੋਵੇਗੀ।
ਭਾਰਤ ਨੂੰ ਅਜੇ ਲੜੀ ਲਈ ਟੀਮ ਐਲਾਨ ਕਰਨੀ ਹੈ ਤੇ 8 ਜੁਲਾਈ ਦੀ ਖਬਰ ਅਨੁਸਾਰ ਸੀਨੀਅਰ ਖਿਡਾਰੀ ਜਿਵੇਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਇਸ ਦੌਰੇ ਤੋਂ ਆਰਾਮ ਦਿੱਤਾ ਜਾਵੇਗਾ। ਉਮੀਦ ਹੈ ਕਿ ਹਾਰਦਿਕ ਪੰਡਯਾ ਨੂੰ ਟੀ-20 ਕੌਮਾਂਤਰੀ ਟੀਮ ਦੀ ਕਮਾਨ ਸੌਂਪੀ ਜਾ ਸਕਦੀ ਹੈ ਜਦਕਿ ਕੇ. ਐੱਲ. ਰਾਹੁਲ ਨੂੰ ਵਨ ਡੇ ਟੀਮ ਦਾ ਕਪਤਾਨ ਨਿਯੁਕਤ ਕੀਤਾ ਜਾ ਸਕਦਾ ਹੈ। ਭਾਰਤ ਦਾ ਇਹ 2021 ਤੋਂ ਬਾਅਦ ਸ਼੍ਰੀਲੰਕਾ ਦਾ ਪਹਿਲਾ ਸਫੈਦ ਗੇਂਦ ਦਾ ਦੋ-ਪੱਖੀ ਦੌਰਾ ਹੋਵੇਗਾ।