IND vs SL : ਹਾਰਦਿਕ ਪੰਡਯਾ ਦੀ ਅਗਵਾਈ ’ਚ ‘ਮਿਸ਼ਨ 2024’ ਦੀ ਨੀਂਹ ਰੱਖਣ ਉਤਰੇਗਾ ਭਾਰਤ

Tuesday, Jan 03, 2023 - 01:06 PM (IST)

IND vs SL : ਹਾਰਦਿਕ ਪੰਡਯਾ ਦੀ ਅਗਵਾਈ ’ਚ ‘ਮਿਸ਼ਨ 2024’ ਦੀ ਨੀਂਹ ਰੱਖਣ ਉਤਰੇਗਾ ਭਾਰਤ

ਮੁੰਬਈ (ਭਾਸ਼ਾ)– ਭਾਰਤੀ ਟੀ-20 ਕ੍ਰਿਕਟ ਟੀਮ ਸ਼੍ਰੀਲੰਕਾ ਵਿਰੁੱਧ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਲੜੀ ਵਿਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਕੇ. ਐੱਲ. ਰਾਹੁਲ ਦੇ ਬਿਨਾਂ ਨਵੇਂ ਪੱਥ ’ਤੇ ਵਧੇਗੀ, ਜਿਸ ਵਿਚ ਹਾਰਦਿਕ ਪੰਡਯਾ ਟੀ-20 ਟੀਮ ਦਾ ਫੁੱਲਟਾਈਮ ਕਪਤਾਨ ਦੀ ਆਪਣੀ ਪਾਰੀ ਦੀ ਦਮਦਾਰ ਸ਼ੁਰੂਆਤ ਕਰਕੇ ‘ਮਿਸ਼ਨ 2024’ ਲਈ ਮਜ਼ਬੂਤ ਨੀਂਹ ਰੱਖਣ ਦੀ ਕੋਸ਼ਿਸ਼ ਕਰੇਗਾ। ਭਾਰਤੀ ਕ੍ਰਿਕਟ ਪ੍ਰੇਮੀ ਹਾਰਦਿਕ ਦੀ ਕਪਤਾਨੀ ਦੀ ਝਲਕ ਪਹਿਲਾਂ ਹੀ ਦੇਖ ਚੁੱਕੇ ਹਨ ਜਦੋਂ ਉਸਦੀ ਅਗਵਾਈ ਵਿਚ ਟੀਮ ਨੇ ਨਿਊਜ਼ੀਲੈਂਡ ਵਿਚ ਮੀਂਹ ਪ੍ਰਭਾਵਿਤ ਟੀ-20 ਲੜੀ ਵਿਚ ਜਿੱਤ ਦਰਜ ਕੀਤੀ ਸੀ। ਇਸ ਸਾਲ ਵਨ ਡੇ ਵਿਸ਼ਵ ਕੱਪ ਖੇਡਿਆ ਜਾਣਾ ਹੈ ਤੇ ਅਜਿਹੇ ਵਿਚ ਖੇਡ ਦਾ ਸਭ ਤੋਂ ਛੋਟਾ ਸਵਰੂਪ ਭਾਰਤੀ ਟੀਮ ਲਈ ਪਹਿਲਕਦਮੀ ਨਹੀਂ ਹੈ ਪਰ ਇਸ ਨਾਲ ਹਾਰਦਿਕ ਨੂੰ ਭਵਿੱਖ ਲਈ ਵਿਸ਼ੇਸ਼ ਰੂਪ ਨਾਲ 2024 ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਪਣੀ ਰਣਨੀਤੀ ਤਿਆਰ ਕਰਨ ਵਿਚ ਮਦਦ ਮਿਲੇਗੀ। ਭਾਰਤ ਦੇ ਚੋਟੀ ਦੇ 3 ਬੱਲੇਬਾਜ਼ ਰੋਹਿਤ, ਕੋਹਲੀ ਤੇ ਰਾਹੁਲ ਟੀਮ ਦਾ ਹਿੱਸਾ ਨਹੀਂ ਹਨ ਤੇ ਉਨ੍ਹਾਂ ਦੇ ਟੀ-20 ਵਿਚ ਭਵਿੱਖ ਨੂੰ ਧਿਆਨ ਵਿਚ ਨਾ ਰੱਖਦੇ ਹੋਏ ਵੀ ਟੀਮ ਨੂੰ ਉਨ੍ਹਾਂ ਦੇ ਬਿਨਾਂ ਅੱਗੇ ਵਧਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਭਾਰਤੀ ਟੀਮ ਦੀ ਹਾਲ ਹੀ ਵਿਚ ਸਭ ਤੋਂ ਵੱਡੀ ਸਮੱਸਿਆ ਇਹ ਰਹੀ ਹੈ ਕਿ ਉਹ ਬੇਪ੍ਰਵਾਹ ਕ੍ਰਿਕਟ ਨਹੀਂ ਖੇਡ ਸਕੀ। ਭਾਰਤ ਦੇ ਚੋਟੀਕ੍ਰਮ ਦੇ ਬੱਲੇਬਾਜ਼ ਖੁੱਲ੍ਹ ਕੇ ਖੇਡਣ ਵਿਚ ਅਸਫਲ ਰਹੇ ਹਨ, ਜਿਸ ਦਾ ਖਾਮਿਅਾਜਾ ਟੀਮ ਨੂੰ ਟੀ-20 ਵਿਸ਼ਵ ਕੱਪ ਵਿਚ ਭੁਗਤਣਾ ਪਿਆ। ਜੇਕਰ ਟੀਮ ਸੰਯੋਜਨ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਹਫਤੇ ਕਾਰ ਹਾਦਸੇ ਵਿਚ ਜ਼ਖ਼ਮੀ ਹੋਣ ਵਾਲੇ ਪੰਤ ਨੇ ਨਿਊਜ਼ੀਲੈਂਡ ਵਿਚ ਇਸ਼ਾਨ ਕਿਸ਼ਨ ਦੇ ਨਾਲ ਪਾਰੀ ਦਾ ਆਗਾਜ਼ ਕੀਤਾ ਸੀ। ਪੰਤ ਨੂੰ ਹਾਲਾਂਕਿ ਸ਼੍ਰੀਲੰਕਾ ਵਿਰੁੱਧ ਲੜੀ ਲਈ ਟੀਮ ਵਿਚ ਨਹੀਂ ਚੁਣਿਆ ਗਿਆ ਸੀ, ਜਿਸ ਨਾਲ ਪੂਰੀ ਸੰਭਾਵਨਾ ਹੈ ਕਿ ਵਾਨਖੇੜੇ ਸਟੇਡੀਅਮ ਵਿਚ ਹੋਣ ਵਾਲੇ ਪਹਿਲੇ ਮੈਚ ਵਿਚ ਕਿਸ਼ਨ ਦੇ ਨਾਲ ਰਿਤੂਰਾਜ ਗਾਇਕਵਾੜ ਪਾਰੀ ਦੀ ਸ਼ੁਰੂਆਤ ਕਰੇਗਾ। ਕਿਸ਼ਨ ਤੇ ਗਾਇਕਵਾੜ ਪਿਛਲੇ ਕੁਝ ਸਾਲਾਂ ਤੋਂ ਆਈ. ਪੀ. ਐੱਲ. ਵਿਚ ਚੰਗਾ ਪ੍ਰਦਰਸ਼ਨ ਕਰਦੇ ਰਹੇ ਹਨ ਤੇ ਇਹ ਉਨ੍ਹਾਂ ਦੇ ਲਈ ਟੀਮ ਵਿਚ ਆਪਣੇ ਸਥਾਨ ਦੀ ਚਿੰਤਾ ਕੀਤੇ ਬਿਨਾਂ ਆਪਣੀ ਕਲਾ ਦਿਖਾਉਣ ਦਾ ਚੰਗਾ ਮੌਕਾ ਹੈ।

ਅਗਲਾ ਟੀ-20 ਵਿਸ਼ਵ ਕੱਪ 18 ਮਹੀਨੇ ਬਾਅਦ ਖੇਡਿਆ ਜਾਣਾ ਹੈ ਤੇ ਅਜਿਹੇ ਵਿਚ ਇਨ੍ਹਾਂ ਦੋਵਾਂ ਨੂੰ ਲੋੜੀਂਦੇ ਮੌਕੇ ਮਿਲਣ ਦੀ ਸੰਭਾਵਨਾ ਹੈ, ਹਾਲਾਂਕਿ ਇਸ ਸਾਲ 15 ਤੋਂ ਵੀ ਘੱਟ ਟੀ-20 ਕੌਮਾਂਤਰੀ ਮੈਚ ਖੇਡੇ ਜਾਣਗੇ ਕਿਉਂਕਿ ਟੀਮ ਮੈਨੇਜਮੈਂਟ ਵਨ ਡੇ ਨੂੰ ਵਧੇਰੇ ਪਹਿਲ ਦੇਵੇਗੀ। ਅਜੇ ਤਕ ਟੀ-20 ਕੌਮਾਂਤਰੀ ਵਿਚ ਡੈਬਿਊ ਨਾ ਕਰ ਸਕਣ ਵਾਲਾ ਸ਼ੁਭਮਨ ਗਿੱਲ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਹਾਰਦਿਕ ਕੋਲ ਇਕ ਹੋਰ ਬਦਲ ਹੈ। ਤੀਜੇ ਨੰਬਰ ’ਤੇ ਵਿਸ਼ਵ ਦੇ ਨੰਬਰ ਇਕ ਬੱਲੇਬਾਜ਼ ਸੂਰਯਕੁਮਾਰ ਯਾਦਵ ’ਤੇ ਕਪਤਾਨ ਭਰੋਸਾ ਜਤਾ ਸਕਦਾ ਹੈ। ਹਾਰਦਿਕ ਆਖਰੀ-11 ਵਿਚ 6 ਗੇਂਦਬਾਜ਼ਾਂ ਨੂੰ ਰੱਖਣ ਦੇ ਪੱਖ ਵਿਚ ਹੈ ਤੇ ਅਜਿਹੇ ਵਿਚ ਪਹਿਲੇ ਮੈਚ ਵਿਚ ਦੀਪਕ ਹੁੱਡਾ ਨੂੰ ਮੌਕਾ ਮਿਲ ਸਕਦਾ ਹੈ। ਟੀਮ ਮੈਨੇਜਮੈਂਟ ਨੂੰ ਮੱਧਕ੍ਰਮ ਵਿਚ ਸੰਜੂ ਸੈਮਸਨ ਤੇ ਅਜੇ ਤਕ ਕੌਮਾਂਤਰੀ ਮੈਚ ਨਾ ਖੇਡ ਸਕਣ ਵਾਲੇ ਰਾਹੁਲ ਤ੍ਰਿਪਾਠੀ ਵਿਚੋਂ ਕਿਸੇ ਇਕ ਨੂੰ ਚੁਣਨਾ ਪਵੇਗਾ। ਤ੍ਰਿਪਾਠੀ ਪਿਛਲੇ ਕੁਝ ਸਮੇਂ ਤੋਂ ਆਖਰੀ-11 ਵਿਚ ਜਗ੍ਹਾ ਨਹੀਂ ਬਣਾ ਸਕਿਆ ਹੈ ਤੇ ਸ਼੍ਰੀਲੰਕਾ ਵਿਰੁੱਧ ਵੀ ਉਸ ਨੂੰ ਬਾਹਰ ਹੀ ਰਹਿਣਾ ਪੈ ਸਕਦਾ ਹੈ ਕਿਉਂਕਿ ਸੈਮਸਨ ਨੂੰ ਉਸਦੇ ਤਜਰਬੇ ਦੇ ਆਧਾਰ ’ਤੇ ਪਹਿਲ ਮਿਲ ਸਕਦੀ ਹੈ।

ਟੀਮ ਵਿਚ ਭਾਵੇਂ ਹੀ ਸ਼ਿਵਮ ਮਾਵੀ ਤੇ ਮੁਕੇਸ਼ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਤੇਜ਼ ਗੇਂਦਬਾਜ਼ੀ ਹਮਲੇ ਵਿਚ ਅਰਸ਼ਦੀਪ ਸਿੰਘ, ਹਰਸ਼ਲ ਪਟੇਲ ਤੇ ਉਮਰਾਨ ਮਲਿਕ ਨੂੰ ਹੀ ਚੁਣੇ ਜਾਣ ਦੀ ਸੰਭਾਵਨਾ ਹੈ। ਭਾਰਤ ਕੋਲ ਵਾਸ਼ਿੰਗਟਨ ਸੁੰਦਰ ਤੇ ਅਕਸ਼ਰ ਪਟੇਲ ਦੇ ਰੂਪ ਵਿਚ ਆਲਰਾਊਂਡਰ ਦੇ ਬਦਲ ਮੌਜੂਦ ਹਨ। ਸ਼੍ਰੀਲੰਕਾ ਦੇ ਪਹਿਲੇ ਮੈਚ ਵਿਚ ਮਾਹਿਰ ਸਪਿਨਰ ਯੁਜਵੇਂਦਰ ਚਾਹਲ ਨੂੰ ਮੌਕਾ ਮਿਲਣ ਦੀ ਸੰਭਾਵਨਾ ਹੈ। ਮੌਜੂਦਾ ਏਸ਼ੀਆ ਕੱਪ ਦੀ ਚੈਂਪੀਅਨ ਸ਼੍ਰੀਲੰਕਾ ਭਾਰਤ ਨੂੰ ਉਸਦੀ ਧਰਤੀ ’ਤੇ ਸਖਤ ਚੁਣੌਤੀ ਦੇਣ ਦੀ ਕੋਸ਼ਿਸ਼ ਕਰੇਗੀ। ਸ਼੍ਰੀਲੰਕਾ ਨੇ ਲੰਕਾ ਪ੍ਰੀਮੀਅਰ ਲੀਗ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਅਵਿਸ਼ਕਾ ਫਰਨਾਂਡੋ, ਚਮਿਕਾ ਕਰੁਣਾਰਤਨੇ ਤੇ ਸਦੀਰਾ ਸਮਰਵਿਕਰਮਾ ਨੂੰ ਟੀਮ ਵਿਚ ਰੱਖਿਆ ਹੈ। ਫਰਨਾਂਡੋ ਤੇ ਕਰੁਣਾਰਤਨੇ ਨੇ ਟੀਮ ਵਿਚ ਵਾਪਸੀ ਕੀਤੀ ਹੈ ਤੇ ਉਹ ਆਪਣਾ ਅਸਰ ਛੱਡਣ ਲਈ ਬੇਤਾਬ ਹੋਣਗੇ। ਸ਼੍ਰੀਲੰਕਾ ਨੂੰ ਮੱਧਕ੍ਰਮ ਵਿਚ ਭਾਨੁਕਾ ਰਾਜਪਕਸ਼ੇ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ।

ਟੀਮਾਂ ਇਸ ਤਰ੍ਹਾਂ ਹਨ-

ਭਾਰਤ : ਹਾਰਦਿਕ ਪੰਡਯਾ (ਕਪਤਾਨ), ਇਸ਼ਾਨ ਕਿਸ਼ਨ(ਵਿਕਟਕੀਪਰ), ਰਿਤੂਰਾਜ ਗਾਇਕਵਾੜ, ਸ਼ੁਭਮਨ ਗਿੱਲ, ਸੂਰਯਕੁਮਾਰ ਯਾਦਵ (ਉਪ ਕਪਤਾਨ), ਦੀਪਕ ਹੁੱਡਾ, ਰਾਹੁਲ ਤ੍ਰਿਪਾਠੀ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ, ਉਮਰਾਨ ਮਲਿਕ, ਸ਼ਿਵਮ ਮਾਵੀ, ਮੁਕੇਸ਼ ਕੁਮਾਰ।

ਸ਼੍ਰੀਲੰਕਾ : ਦਾਸੁਨਾ ਸ਼ਨਾਕਾ (ਕਪਤਾਨ), ਪਾਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਸਦੀਰਾ ਸਮਰਵਿਕਰਮਾ, ਕੁਸ਼ਾਲ ਮੇਂਡਿਸ, ਭਾਨੁਕਾ ਰਾਜਪਕਸ਼ੇ, ਚਾਰਿਤ ਅਸਲੰਕਾ, ਧਨੰਜਯ ਡੀ ਸਿਲਵਾ, ਵਾਨਿੰਦੂ ਹਸਰੰਗਾ, ਐਸ਼ੇਨ ਬੰਡਾਰਾ, ਮਹੇਸ਼ ਤੀਕਸ਼ਣਾ, ਚਮਿਕਾ ਕਰੁਣਾਰਤਨੇ, ਦਿਲਸ਼ਾਨ ਮਧੂਸ਼ੰਕਾ, ਕਸੁਨ ਰਾਜਿਥਾ, ਡੁਨਿਥ ਵੇਲਾਲੇਜ, ਪ੍ਰਮੋਦ ਮਧੂਸਨ, ਲਾਹਿਰੂ ਕੁਮਾਰਾ, ਨੁਵਾਨ ਤੁਸ਼ਾਰਾ।


author

cherry

Content Editor

Related News