ਦੋਸਤਾਨਾ ਫੁੱਟਬਾਲ ਮੈਚ ਵਿਚ ਮਲੇਸ਼ੀਆ ਨਾਲ ਭਿੜੇਗਾ ਭਾਰਤ, ਨਜ਼ਰਾਂ ਸਾਲ ਦੀ ਪਹਿਲੀ ਜਿੱਤ ’ਤੇ
Monday, Nov 18, 2024 - 01:51 PM (IST)
ਹੈਦਰਾਬਾਦ– ਮੁੱਖ ਕੋਚ ਮਨੋਲੋ ਮਾਰਕੇਜ ਦੀ ਅਗਵਾਈ ਵਿਚ ਪਹਿਲੀ ਤੇ ਸਾਲ ਦੀ ਵੀ ਪਹਿਲੀ ਜਿੱਤ ਦੀ ਭਾਲ ਵਿਚ ਰੁੱਝੀ ਭਾਰਤੀ ਫੁੱਟਬਾਲ ਟੀਮ ਸੋਮਵਾਰ ਨੂੰ ਇੱਥੇ ਕੌਮਾਂਤਰੀ ਦੋਸਤਾਨਾ ਮੈਚ ਵਿਚ ਪੁਰਾਣੇ ਵਿਰੋਧੀ ਮਲੇਸ਼ੀਆ ਨਾਲ ਭਿੜੇਗੀ। ਸੀਨੀਅਰ ਖਿਡਾਰੀ ਤੇ ਸੈਂਟ੍ਰਲ ਡਿਫੈਂਡਰ ਸੰਦੇਸ਼ ਝਿੰਗਨ ਦੀ ਵਾਪਸੀ ਨਾਲ ਭਾਰਤ ਨੂੰ ਮਜ਼ਬੂਤੀ ਮਿਲੇਗੀ।
ਉਹ ਪਿਛਲੀ ਵਾਰ ਜਨਵਰੀ ਵਿਚ ਏ. ਐੱਫ. ਸੀ. ਏਸ਼ੀਆਈ ਕੱਪ ਵਿਚ ਰਾਸ਼ਟਰੀ ਟੀਮ ਵੱਲੋਂ ਖੇਡਿਆ ਸੀ। ਉਹ ਗੋਡੇ ਦੀ ਸੱਟ ਤੋਂ ਉੱਭਰ ਚੁੱਕਾ ਹੈ। ਭਾਰਤੀ ਟੀਮ ਨੇ 2024 ਵਿਚ ਹੁਣ ਤੱਕ 10 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ 6 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਚਾਰ ਡਰਾਅ ਰਹੇ ਹਨ। ਟੀਮ ਨੇ ਹੁਣ ਤੱਕ ਮਨੋਲੋ ਦੀ ਅਗਵਾਈ ਵਿਚ ਤਿੰਨ ਮੈਚ ਖੇਡੇ ਹਨ, ਜਿਨ੍ਹਾਂ ਨੂੰ ਜੁਲਾਈ ਵਿਚ ਇਗੋਰ ਸਿਟਮਕ ਦੀ ਜਗ੍ਹਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਇਸ ਵਿਚ ਇਕ ਮੈਚ ਭਾਰਤ ਨੇ ਗਵਾਇਆ ਜਦਕਿ ਦੋ ਡਰਾਅ ਰਹੇ ਹਨ।