IND vs WI 2nd T20: ਵੈਸਟਇੰਡੀਜ਼ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

12/08/2019 10:25:47 PM

ਤਿਰੂਆਨੰਤਪੁਰਮ- ਸਲਾਮੀ ਬੱਲੇਬਾਜ਼ ਲੇਂਡਲ ਸਿਮਨਸ ਨੇ ਸ਼ੁਰੂ ਵਿਚ ਮਿਲੇ ਜੀਵਨਦਾਨ ਦਾ ਪੂਰਾ ਫਾਇਦਾ ਚੁੱਕਦੇ ਹੋਏ ਐਤਵਾਰ ਨੂੰ ਇੱਥੇ 45 ਗੇਂਦਾਂ 'ਤੇ ਅਜੇਤੂ 67 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਵੈਸਟਇੰਡੀਜ਼ ਨੇ ਭਾਰਤ ਨੂੰ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ 9 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਹੁਣ ਸੀਰੀਜ਼ ਦਾ ਫੈਸਲਾ 11 ਦਸੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ ਨੇ ਹੈਦਰਾਬਾਦ ਵਿਚ ਪਹਿਲਾ ਟੀ-20 ਮੈਚ 6 ਵਿਕਟਾਂ ਨਾਲ ਜਿੱਤਿਆ ਸੀ। ਸਿਮਨਸ ਜਦੋਂ 6 ਦੌੜਾਂ 'ਤੇ ਸੀ, ਉਦੋਂ ਵਾਸ਼ਿੰਗਟਨ ਸੁੰਦਰ ਨੇ ਉਸਦਾ ਹਵਾ ਵਿਚ ਲਹਿਰਾਉਂਦਾ ਹੋਇਆ ਆਸਾਨ ਕੈਚ ਛੱਡ ਦਿੱਤਾ ਸੀ, ਜਿਸ ਦਾ ਭਾਰਤ ਨੇ ਖਮਿਆਜ਼ਾ ਭੁਗਤਿਆ। ਸਿਮਨਸ ਨੇ 4 ਚੌਕੇ ਤੇ 4 ਸ਼ਾਨਦਾਰ ਛੱਕੇ ਲਾਏ। ਉਸ ਨੇ ਐਵਿਨ ਲੂਈਸ (35 ਗੇਂਦਾਂ 'ਤੇ 40 ਦੌੜਾਂ) ਨਾਲ ਪਹਿਲੀ ਵਿਕਟ ਲਈ 73 ਦੌੜਾਂ ਜੋੜੀਆਂ ਤੇ ਚਾਰ ਮੈਚਾਂ ਦੀ ਪਾਬੰਦੀ ਝੱਲਣ ਤੋਂ ਬਾਅਦ ਵਾਪਸੀ ਕਰਨ ਵਾਲੇ ਨਿਕੋਲਸ ਪੂਰਨ (18 ਗੇਂਦਾਂ 'ਤੇ ਅਜੇਤੂ 38 ਦੌੜਾਂ) ਨਾਲ ਤੀਜੀ ਵਿਕਟ ਲਈ 29 ਗੇਂਦਾਂ 'ਤੇ 61 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ, ਜਿਸ ਨਾਲ ਵੈਸਟਇੰਡੀਜ਼ ਨੇ 18.3 ਓਵਰਾਂ ਵਿਚ 2 ਵਿਕਟਾਂ 'ਤੇ 173 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

PunjabKesari
ਇਸ ਤੋਂ ਪਹਿਲਾਂ ਤੀਜੇ ਨੰਬਰ 'ਤੇ ਬੱਲੇਬਾਜ਼ੀ ਲਈ ਸ਼ਿਵਮ ਦੂਬੇ ਨੇ ਮੌਕੇ ਦਾ ਪੂਰਾ ਫਾਇਦਾ ਚੁੱਕਿਆ ਤੇ 30 ਗੇਂਦਾਂ 'ਤੇ 54 ਦੌੜਾਂ ਬਣਾਈਆਂ, ਜਿਸ ਵਿਚ 3 ਚੌਕੇ ਤੇ 4 ਛੱਕੇ ਸ਼ਾਮਲ ਹਨ। ਉਸ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸਕੋਰ ਰਿਸ਼ਭ ਪੰਤ (22 ਗੇਂਦਾਂ 'ਤੇ ਅਜੇਤੂ 33) ਦਾ ਰਿਹਾ। ਵੈਸਟਇੰਡੀਜ਼ ਵਲੋਂ ਹੇਡਨ ਵਾਲਸ਼ (28 ਦੌੜਾਂ 'ਤੇ 2 ਵਿਕਟਾਂ) ਤੇ ਕੇਸਰਿਕ ਵਿਲੀਅਮਸ (30 ਦੌੜਾਂ 'ਤੇ 2 ਵਿਕਟਾਂ) ਸਭ ਤੋਂ ਸਫਲ ਗੇਂਦਬਾਜ਼ ਰਹੇ। ਵੈਸਟਇੰਡੀਜ਼ ਨੇ ਪਾਵਰਪਲੇਅ ਵਿਚ 41 ਦੌੜਾਂ ਬਣਾਈਆਂ ਪਰ ਇਸ ਵਿਚਾਲੇ ਭਾਰਤ ਦੀ ਫੀਲਡਿੰਗ ਬੇਹੱਦ ਖਰਾਬ ਰਹੀ। ਭੁਵਨੇਸ਼ਵਰ ਕੁਮਾਰ ਦੇ ਪਾਰੀ ਦੇ ਪੰਜਵੇਂ ਓਵਰ ਵਿਚ ਪਹਿਲਾਂ ਵਾਸ਼ਿੰਗਟਨ ਸੁੰਦਰ ਨੇ ਲੇਂਡਿਲ ਸਿਮਨਸ ਦਾ ਆਸਾਨ ਕੈਚ ਛੱਡਿਆ ਤੇ ਬਾਅਦ ਵਿਚ ਇਕ ਗੇਂਦ ਬਾਅਦ ਹੀ ਪੰਤ ਨੇ ਲੂਈਸ ਨੂੰ ਜੀਵਨਦਾਨ ਦਿੱਤਾ।
ਲੂਈਸ ਨੇ ਇਸ ਦਾ ਫਾਇਦਾ ਚੁੱਕ ਕੇ ਸੁੰਦਰ ਦੇ ਅਗਲੇ ਓਵਰ ਵਿਚ ਦੋ ਸ਼ਾਦਨਾਰ ਛੱਕੇ ਲਾਏ ਤੇ ਫਿਰ ਯੁਜਵੇਂਦਰ ਚਾਹਲ ਦਾ ਸਵਾਗਤ ਵੀ ਛੱਕੇ ਨਾਲ ਕੀਤਾ। ਸਿਮਨਸ ਨੇ ਵੀ ਸੁੰਦਰ ਤੇ ਚਾਹਲ 'ਤੇ ਛੱਕੇ ਲਾਏ। ਇਸ ਵਿਚਾਲੇ ਸੁੰਦਰ ਦੀ ਸਲਾਹ 'ਤੇ ਕਪਤਾਨ ਵਿਰਾਟ ਕੋਹਲੀ ਨੇ 'ਰੀਵਿਊ' ਗੁਆਇਆ ਪਰ ਆਖਿਰ ਵਿਚ ਉਸ ਨੇ ਹੀ ਲੂਈਸ ਨੂੰ ਸਟੰਪ ਆਊਟ ਕਰ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਲੂਈਸ ਨੇ ਤਿੰਨ ਚੌਕੇ ਤੇ ਇੰਨੇ ਹੀ ਛੱਕੇ ਲਾਏ। ਨਵੇਂ ਬੱਲੇਬਾਜ਼ ਸ਼ਿਮਰੋਨ ਹੈੱਟਮਾਇਰ (14 ਗੇਂਦਾਂ 'ਤੇ 23 ਦੌੜਾਂ) ਨੇ ਰਵਿੰਦਰ ਜਡੇਜਾ 'ਤੇ ਲਗਾਤਾਰ ਦੋ ਛੱਕੇ ਲਾਉਣ ਤੋਂ ਬਾਅਦ ਤੀਜੀ ਗੇਂਦ ਵੀ ਛੇ ਦੌੜਾਂ ਲਈ ਭੇਜ ਦਿੱਤੀ ਸੀ ਪਰ ਕੋਹਲੀ ਨੇ ਇਸ ਨੂੰ ਬੇਹੱਦ ਖੂਬਸੂਰਤੀ ਨਾਲ ਕੈਚ ਵਿਚ ਬਦਲਿਆ। ਚਾਹਲ ਦੇ ਅਗਲੇ ਓਵਰ ਵਿਚ ਹਾਲਾਂਕਿ ਪੂਰਨ ਤੇ ਸਿਮਨਸ ਨੇ ਛੱਕੇ ਲਾ ਕੇ ਫਿਰ ਤੋਂ ਵਿੰਡੀਜ਼ ਦਾ ਪੱਲੜਾ ਭਾਰੀ ਕਰ ਦਿੱਤਾ। ਸਿਮਨਸ ਨੇ ਇਸ ਛੱਕੇ ਨਾਲ 38 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਪੂਰਨ ਨੇ ਚਾਹਰ 'ਤੇ ਜੇਤੂ ਛੱਕਾ ਲਾਇਆ। ਉਸਦੀ ਪਾਰੀ ਵਿਚ ਚਾਰ ਚੌਕੇ ਤੇ ਦੋ ਛੱਕੇ ਸ਼ਾਮਲ ਸਨ।
ਭਾਰਤ ਨੇ ਪਹਿਲਾਂ ਟਾਸ ਗੁਆਈ ਤੇ ਫਿਰ 8 ਓਵਰਾਂ ਦੇ ਅੰਦਰ ਦੋਵੇਂ ਸਲਾਮੀ ਬੱਲੇਬਾਜ਼ ਗੁਆ ਦਿੱਤੇ। ਹੈਦਰਾਬਾਦ ਵਿਚ ਪਹਿਲੇ ਮੈਚ ਵਿਚ ਭਾਰਤ ਦੀ 6 ਵਿਕਟਾਂ ਦੀ ਜਿੱਤ ਵਿਚ ਅਰਧ ਸੈਂਕੜਾ ਲਾਉਣ ਵਾਲਾ ਕੇ. ਐੱਲ. ਰਾਹੁਲ (11 ਗੇਂਦਾਂ 'ਤੇ 11 ਦੌੜਾਂ) ਫਿਰ ਤੋਂ ਨਿਰੰਤਰਤਾ ਬਣਾਈ ਰੱਖਣ ਵਿਚ ਅਸਫਲ ਰਿਹਾ ਤੇ ਆਸਾਨ ਕੈਚ ਦੇ ਕੇ ਪੈਵੇਲੀਅਨ ਪਰਤ ਗਿਆ, ਜਦਕਿ ਰੋਹਿਤ ਸ਼ਰਮਾ (18 ਗੇਂਦਾਂ 'ਤੇ 15 ਦੌੜਾਂ) ਲਗਾਤਾਰ ਦੂਜੇ ਮੈਚ ਵਿਚ ਨਹੀਂ ਚੱਲ ਸਕਿਆ। ਵਿਕਟ ਹੌਲੀ ਸੀ, ਜਿਸ 'ਤੇ ਉਹ ਸਹਿਜ ਹੋ ਕੇ ਨਹੀਂ ਖੇਡ ਸਕਿਆ ਤੇ ਜੈਸਨ ਹੋਲਡਰ ਦੀ ਗੇਂਦ 'ਤੇ ਬੋਲਡ ਹੋ ਗਿਆ। ਦੂਬੇ ਨੇ 'ਪਿੰਚ ਹਿਟਰ' ਦੀ ਆਪਣੀ ਭੂਮਿਕਾ ਨਾਲ ਪੂਰਾ ਇਨਸਾਫ ਕੀਤਾ। ਉਸ ਨੇ ਹੋਲਡਰ 'ਤੇ ਛੱਕਾ ਤੇ ਚੌਕਾ ਲਾਇਆ ਤੇ ਫਿਰ ਕੀਰੋਨ ਪੋਲਾਰਡ ਦੇ ਇਕ ਓਵਰ ਵਿਚ 3 ਛੱਕੇ ਲਾਏ। ਮੁੰਬਈ ਦੇ ਇਸ ਆਲਰਾਊਂਡਰ ਨੇ ਸਿਰਫ 27 ਗੇਂਦਾਂ 'ਤੇ ਆਪਣਾ ਪਹਿਲਾ ਟੀ-20 ਕੌਮਾਂਤਰੀ ਅਰਧ ਸੈਂਕੜਾ ਪੂਰਾ ਕੀਤਾ ਪਰ ਇਸ ਤੋਂ ਤੁਰੰਤ ਬਾਅਦ ਹੀ ਉਹ ਕਵਰ 'ਤੇ ਕੈਚ ਦੇ ਬੈਠਾ।
ਪੰਤ ਨੇ ਲੈੱਗ ਸਪਿਨਰ ਹੇਡਨ ਵਾਲਸ਼ 'ਤੇ ਛੱਕੇ ਨਾਲ ਖਾਤਾ ਖੋਲ੍ਹਿਆ ਪਰ ਪਿਛਲੇ ਮੈਚ ਵਿਚ ਅਜੇਤੂ 94 ਦੌੜਾਂ ਬਣਾਉਣ ਵਾਲਾ ਕਪਤਾਨ ਵਿਰਾਟ ਕੋਹਲੀ 17 ਗੇਂਦਾਂ 'ਤੇ 19 ਦੌੜਾਂ ਬਣਾ ਸਕਿਆ। ਵਿਲੀਅਮਸ ਨੇ ਉਸ ਨੂੰ ਥਰਡ ਮੈਨ 'ਤੇ ਲੇਂਡਲ ਸਿਮਨਸ ਹੱਥੋਂ ਕੈਚ ਕਰਵਾਇਆ, ਜਿਸ ਨਾਲ ਕੈਰੇਬੀਆਈ ਖਿਡਾਰੀ ਜਸ਼ਨ ਵਿਚ ਡੁੱਬ ਗਏ। ਸ਼੍ਰੇਅਸ ਅਈਅਰ (10) ਵੀ ਨਹੀਂ ਚੱਲ ਸਕਿਆ। ਵਾਲਸ਼ ਨੇ ਉਸ ਨੂੰ ਪੁਆਇੰਟ 'ਤੇ ਕੈਚ ਕਰਵਾ ਕੇ ਆਪਣੀ ਦੂਜੀ ਵਿਕਟ ਲਈ। ਰਵਿੰਦਰ ਜਡੇਜਾ (11 ਗੇਂਦਾਂ 'ਤੇ 9 ਦੌੜਾਂ) ਵੀ ਡੈੱਥ ਓਵਰਾਂ ਵਿਚ ਅਨੁਕੂਲ ਬੱਲੇਬਾਜ਼ੀ ਨਹੀਂ ਕਰ ਸਕਿਆ। ਵਿਲੀਅਮਸ ਨੇ ਉਸ ਦੀ ਆਫ ਸਟੰਪ ਉਖਾੜੀ, ਜਦਕਿ ਸ਼ੈਲਡਨ ਕੋਟਰੈੱਲ ਨੇ ਵਾਸ਼ਿੰਗਟਨ ਸੁੰਦਰ (0) ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ।   

ਭਾਰਤ ਪਲੇਇੰਗ ਇਲੈਵਨ
ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਵਿਰਾਟ ਕੋਹਲੀ (ਕ), ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਯੁਜਵੇਂਦਰ ਚਾਹਲ

ਵੈਸਟਇੰਡੀਜ਼ ਪਲੇਇੰਗ ਇਲੈਵਨ
ਲੈਂਡਲ ਸਿਮਨਸ, ਐਵਿਨ ਲੂਈਸ, ਬ੍ਰੈਂਡਨ ਕਿੰਗ, ਨਿਕੋਲਸ ਪੂਰਨ (ਵ), ਸ਼ਿਮਰੋਨ ਹੈੱਟਮਾਇਰ, ਕੀਰੋਨ ਪੋਲਾਰਡ (ਕ), ਜੇਸਨ ਹੋਲਡਰ, ਖਾਰੀ ਪਿਯਰੇ, ਹੇਡਨ ਵਾਲਸ਼, ਸ਼ੈਲਡਨ ਕੋਟਲਰ, ਕੇਸਰਿਕ ਵਿਲੀਅਮਜ਼।


Related News