ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਦਾ ਆਖ਼ਰੀ ਮੁਕਾਬਲਾ ਅੱਜ, ਗੇਂਦਬਾਜ਼ੀ ’ਚ ਸੁਧਾਰ ਦੀ ਕੋਸ਼ਿਸ਼ ਕਰੇਗਾ ਭਾਰਤ

Tuesday, Oct 04, 2022 - 10:38 AM (IST)

ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਦਾ ਆਖ਼ਰੀ ਮੁਕਾਬਲਾ ਅੱਜ, ਗੇਂਦਬਾਜ਼ੀ ’ਚ ਸੁਧਾਰ ਦੀ ਕੋਸ਼ਿਸ਼ ਕਰੇਗਾ ਭਾਰਤ

ਇੰਦੌਰ (ਭਾਸ਼ਾ)– ਕਾਗਜ਼ਾਂ ’ਤੇ ਭਾਵੇਂ ਹੀ ਇਹ ਸਿਰਫ਼ ਰਸਮੀ ਮੁਕਾਬਲਾ ਰਹਿ ਗਿਆ ਹੋਵੇ ਪਰ ਭਾਰਤੀ ਗੇਂਦਬਾਜ਼ਾਂ ਨੂੰ ਮੰਗਲਵਾਰ ਨੂੰ ਇੱਥੇ ਦੱਖਣੀ ਅਫਰੀਕਾ ਵਿਰੁੱਧ 3 ਮੈਚਾਂ ਦੀ ਲੜੀ ਦੇ ਆਖਰੀ ਮੈਚ ਵਿਚ ਇਕ ਵਾਰ ਫਿਰ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਦੱਖਣੀ ਅਫਰੀਕਾ ਵਿਰੁੱਧ ਘਰੇਲੂ ਧਰਤੀ ’ਤੇ ਪਹਿਲੀ ਟੀ-20 ਲੜੀ ਜਿੱਤਣ ਤੋਂ ਬਾਅਦ ਭਾਰਤੀ ਟੀਮ ਮੈਨੇਜਮੈਂਟ ਨੇ ਆਖਰੀ ਮੈਚ ਲਈ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਤੇ ਉਪ ਕਪਤਾਨ ਲੋਕੇਸ਼ ਰਾਹੁਲ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ. ਆਈ.) ਦੇ ਇਕ ਅਧਿਕਾਰੀ ਨੇ ਕਿਹਾ, ਹਾਂ, ਵਿਰਾਟ ਤੇ ਰਾਹੁਲ ਦੋਵਾਂ ਨੂੰ ਆਖਰੀ ਟੀ-20 ਕੌਮਾਂਤਰੀ ਤੋਂ ਆਰਾਮ ਦਿੱਤਾ ਗਿਆ ਹੈ।’’ ਦੱਖਣੀ ਅਫਰੀਕਾ ਵਿਰੁੱਧ ਆਖਰੀ ਟੀ-20 ਤੋਂ ਬਾਅਦ ਕੋਹਲੀ ਤੇ ਰਾਹੁਲ ਮੁੰਬਈ ਵਿਚ ਟੀਮ ਨਾਲ ਜੁੜਣਗੇ, ਜਿੱਥੋਂ ਟੀਮ ਨੂੰ 6 ਅਕਤੂਬਰ ਨੂੰ ਟੀ-20 ਵਿਸ਼ਵ ਕੱਪ ਲਈ ਆਸਟਰੇਲੀਆ ਰਵਾਨਾ ਹੋਣਾ ਹੈ। ਉਮੀਦ ਹੈ ਕਿ ਸਟੈਂਡਬਾਏ ਬੱਲੇਬਾਜ਼ ਸ਼੍ਰੇਅਸ ਅਈਅਰ ਆਖਰੀ ਟੀ-20 ਵਿਚ ਕੋਹਲੀ ਦੀ ਜਗ੍ਹਾ ਲਵੇਗਾ। ਰਾਹੁਲ ਨੂੰ ਵੀ ਆਰਾਮ ਦਿੱਤੇ ਜਾਣ ਤੋਂ ਬਾਅਦ ਸੂਰਯਕੁਮਾਰ ਯਾਦਵ ਜਾਂ ਫਿਰ ਰਿਸ਼ਭ ਪੰਤ ਨੂੰ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਪਾਰੀ ਦਾ ਆਗਾਜ਼ ਕਰਨ ਦਾ ਮੌਕਾ ਮਿਲ ਸਕਦਾ ਹੈ। ਟੀਮ ਵਿਚ ਕੋਈ ਦੂਜਾ ਰਿਜ਼ਰਵ ਬੱਲੇਬਾਜ਼ ਨਹੀਂ ਹੈ ਤੇ ਅਜਿਹੇ ਵਿਚ ਸ਼ਾਹਬਾਜ਼ ਅਹਿਮਦ ਜਾਂ ਦੋ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਜਾਂ ਉਮੇਸ਼ ਯਾਦਵ ਵਿਚੋਂ ਕਿਸੇ ਇਕ ਨੂੰ ਆਖਰੀ-11 ਵਿਚ ਜਗ੍ਹਾ ਮਿਲ ਸਕਦੀ ਹੈ। 

12 ਮਹੀਨੇ ਪਹਿਲਾਂ ਟੀ-20 ਵਿਸ਼ਵ ਕੱਪ ਦੇ ਗਰੁੱਪ ਗੇੜ ਵਿਚੋਂ ਬਾਹਰ ਹੋਣ ਤੋਂ ਬਾਅਦ ਭਾਰਤੀ ਬੱਲੇਬਾਜ਼ੀ ਕ੍ਰਮ ਨੇ ਲੰਬਾ ਸਫਰ ਤੈਅ ਕੀਤਾ ਹੈ ਤੇ ਅਗਲੇ ਮਹੀਨੇ ਆਸਟਰੇਲੀਆ ਵਿਚ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਬੱਲੇਬਾਜ਼ੀ ਕ੍ਰਮ ਕਾਫੀ ਮਜ਼ਬੂਤ ਲੱਗ ਰਿਹਾ ਹੈ। ਟੀਮ ਵਿਚ ਜ਼ਿਆਦਾਤਰ ਬੱਲੇਬਾਜ਼ ਉਹ ਹੀ ਹਨ, ਜਿਹੜੇ ਯੂ. ਏ. ਈ. ਵਿਚ ਪਿਛਲੇ ਟੂਰਨਾਮੈਂਟ ਵਿਚ ਖੇਡੇ ਸਨ ਪਰ ਜਿਸ ਚੀਜ਼ ਨੇ ਫਰਕ ਪੈਦਾ ਕੀਤਾ ਹੈ, ਉਹ ਰਵੱਈਏ ਵਿਚ ਬਦਲਾਅ ਹੈ। ਆਈ. ਸੀ. ਸੀ. ਪ੍ਰਤੀਯੋਗਿਤਾ ਤੋਂ ਪਹਿਲਾਂ ਭਾਰਤ ਦੇ ਟਾਪ-3 ਬੱਲੇਬਾਜ਼ ਕਾਫੀ ਚੰਗੀ ਫਾਰਮ ਵਿਚ ਹਨ। ਲੋਕੇਸ਼ ਰਾਹੁਲ ਨੇ ਐਤਵਾਰ ਨੂੰ ਹਮਲਾਵਰ ਅਰਧ ਸੈਂਕੜਾ ਲਾ ਕੇ ਆਪਣੀ ਸਟ੍ਰਾਈਕ ਰੇਟ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕੀਤਾ। ਏਸ਼ੀਆ ਕੱਪ ਤੋਂ  ਬਾਅਦ ਵਿਰਾਟ ਕੋਹਲੀ ਨੇ 140 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ ਤੇ ਇਸ ਦੌਰਾਨ ਤਿੰਨ ਅਰਧ ਸੈਂਕੜਿਆਂ ਤੋਂ ਇਲਾਵਾ ਬਹੁਚਰਚਿਤ ਸੈਂਕੜਾ ਵੀ ਲਾਇਆ ਹੈ। ਕਪਤਾਨ ਰੋਹਿਤ ਸ਼ਰਮਾ ਨੇ ਵੀ ਆਸਟਰੇਲੀਆ ਤੇ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਲੜੀ ਦੌਰਾਨ ਕੁਝ ਪ੍ਰਭਾਵਸ਼ਾਲੀ ਪਾਰੀਆਂ ਖੇਡੀਆਂ।

ਚੌਥੇ ਨੰਬਰ ’ਤੇ ਬੱਲੇਬਾਜ਼ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਸੂਰਯਕੁਮਾਰ ਯਾਦਵ ਵੀ ਸ਼ਾਨਦਾਰ ਫਾਰਮ ਵਿਚ ਚੱਲ ਰਿਹਾ ਹੈ ਤੇ ਗੇਂਦਬਾਜ਼ਾਂ ਲਈ ਉਸ ਨੂੰ ਰੋਕਣਾ ਕਾਫੀ ਮੁਸ਼ਕਿਲ ਸਾਬਤ ਹੋ ਰਿਹਾ ਹੈ। ਕਪਤਾਨ ਰੋਹਿਤ ਉਸ ਤੋਂ ਇੰਨਾ ਵਧੇਰੇ ਪ੍ਰਭਾਵਿਤ ਹੈ ਕਿ ਉਸ ਨੂੰ ਸਿੱਧੇ ਪਾਕਿਸਤਾਨ ਵਿਰੁੱਧ 23 ਅਕਤੂਬਰ ਨੂੰ ਟੀਮ ਦੇ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਖਿਡਾਉਣ ਦੇ ਬਾਰੇ ਵਿਚ ਸੋਚ ਰਿਹਾ ਹੈ। ਰਿਸ਼ਭ ਪੰਤ ਨੂੰ ਲੜੀ ਵਿਚ ਅਜੇ ਤਕ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਹੈ। ਦਿਨੇਸ਼ ਕਾਰਤਿਕ ਨੂੰ ਦੂਜੇ ਟੀ-20 ਵਿਚ 7 ਗੇਂਦਾਂ ਖੇਡਣ ਨੂੰ ਮਿਲੀਆਂ ਤੇ ਉਹ ਵੀ ਬੱਲੇਬਾਜ਼ੀ ਦਾ ਵਧੇਰੇ ਸਮਾਂ ਮਿਲਣ ਦੀ ਉਮੀਦ ਕਰ ਰਿਹਾ ਹੋਵੇਗਾ। ਜਸਪ੍ਰੀਤ ਬੁਮਰਾਹ ਦੀ ਗੈਰ-ਮੌਜੂਦਗੀ ਨਾਲ ਗੇਂਦਬਾਜ਼ੀ ਵਿਚ ਭਾਰਤ ਦੀ ਸਮੱਸਿਆ ਹੋਰ ਵੱਧ ਗਈ ਹੈ, ਵਿਸ਼ੇਸ਼ ਤੌਰ ’ਤੇ ਡੈੱਥ ਓਵਰਾਂ ਵਿਚ। ਇਹ ਸਟਾਰ ਤੇਜ਼ ਗੇਂਦਬਾਜ਼ ਹਾਲਾਂਕਿ ਜੇਕਰ ਟੀ-20 ਵਿਸ਼ਵ ਕੱਪ ਲਈ ਫਿੱਟ ਨਹੀਂ ਹੁੰਦਾ ਹੈ ਤਾਂ ਭਾਰਤ ਨੂੰ ਉਸਦਾ ਬਦਲ ਲੱਭਣਾ ਪਵੇਗਾ। ਵਿਸ਼ਵ ਕੱਪ ਦੇ ਰਿਜ਼ਰਵ ਖਿਡਾਰੀਆਂ ਵਿਚ ਸ਼ਾਮਲ ਦੀਪਕ ਚਾਹਰ ਨੇ ਨਵੀਂ ਗੇਂਦ ਨਾਲ ਪ੍ਰਭਾਵਿਤ ਕੀਤਾ ਹੈ ਪਰ ਪਾਰੀ ਦੇ ਆਖਰੀ ਓਵਰਾਂ ਵਿਚ ਉਸਦੀ ਗੇਂਦਬਾਜ਼ੀ ਨੂੰ ਲੈ ਕੇ ਸਵਾਲੀਆ ਨਿਸ਼ਾਨ ਹੈ। 

ਅਰਸ਼ਦੀਪ ਨੇ ਨਵੀਂ ਤੇ ਪੁਰਾਣੀ ਗੇਂਦ ਦੋਵਾਂ ਨਾਲ ਪ੍ਰਭਾਵਿਤ ਕੀਤਾ ਹੈ ਪਰ ਐਤਵਾਰ ਨੂੰ ਦੂਜੇ ਟੀ-20 ਵਿਚ ਉਹ ਕਾਫੀ ਮਹਿੰਗਾ ਸਾਬਤ ਹੋਇਆ। ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਇਸ ਦੌਰਾਨ 3 ਨੋ-ਬਾਲਾਂ ਵੀ ਸੁੱਟੀਆਂ। ਸੱਟ ਤੋਂ ਬਾਅਦ ਵਾਪਸੀ ਕਰ ਰਿਹਾ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਓਨਾ ਪ੍ਰਭਾਵਸ਼ਾਲੀ ਨਹੀਂ ਰਿਹਾ ਤੇ ਉਮੀਦਾਂ ਅਨੁਸਾਰ ਨਤੀਜਾ ਹਾਸਲ ਨਹੀਂ ਕਰ ਸਕਿਆ ਹੈ। ਲਾਲ ਗੇਂਦ ਦਾ ਧਾਕੜ ਗੇਂਦਬਾਜ਼ ਆਰ. ਅਸ਼ਵਿਨ ਅਜੇ ਤਕ ਲੜੀ ਵਿਚ ਇਕ ਵੀ ਵਿਕਟ ਹਾਸਲ ਨਹੀਂ ਕਰ ਸਕਿਆ ਹੈ ਤੇ ਟੀਮ ਨੂੰ ਵਿਚਾਲੇ ਦੇ ਓਵਰਾਂ ਵਿਚ ਉਸ ਤੋਂ ਵਿਕਟ ਦੀ ਉਮੀਦ ਹੋਵੇਗੀ। ਬੁਮਰਾਹ ਦੀ ਗੈਰ-ਮੌਜੂਦਗੀ ਵਿਚ ਟੀਮ ਵਿਚ ਸ਼ਾਮਲ ਕੀਤੇ ਗਏ ਮੁਹੰਮਦ ਸਿਰਾਜ ਨੂੰ ਹੋਲਕਰ ਸਟੇਡੀਅਮ ਵਿਚ ਖੇਡਣ ਦਾ ਮੌਕਾ ਮਿਲ ਸਕਦਾ ਹੈ। ਗੁਹਾਟੀ ਵਿਚ ਕਾਫੀ ਵਧੇਰੇ ਆਦਰਸ਼ਤਾ ਵਿਚਾਲੇ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੂੰ ਗੇਂਦ ਨੂੰ ਫੜਨ ਵਿਚ ਦਿੱਕਤ ਹੋਈ ਤੇ ਉਨ੍ਹਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਕਾਫੀ ਵਧੇਰੇ ਫੁਲਟਾਸ ਗੇਂਦਾਂ ਸੁੱਟੀਆਂ, ਜਿਸ ਵਿਚ ਉਹ ਸੁਧਾਰ ਕਰਨਾ ਚਾਹੁਣਗੇ। ਲੜੀ ਵਿਚ ਹਾਰ ਦੇ ਬਾਵਜੂਦ ਦੱਖਣੀ ਅਫਰੀਕਾ ਲਈ ਬੱਲੇਬਾਜ਼ੀ ਵਿਭਾਗ ਕਾਫੀ ਹਾਂ-ਪੱਖੀ ਰਿਹਾ ਹੈ। ਡੇਵਿਡ ਮਿਲਰ ਨੇ ਐਤਵਾਰ ਨੂੰ ਅਜੇਤੂ ਸੈਂਕੜਾ ਲਾਇਆ ਜਦਕਿ ਕਵਿੰਟਨ ਡੀ ਕੌਕ ਨੇ ਵੀ ਵਿਸ਼ਵ ਕੱਪ ਤੋਂ ਪਹਿਲਾਂ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਟੀਮ ਲਈ ਸਭ ਤੋਂ ਵੱਡੀ ਚਿੰਤਾ ਕਪਤਾਨ ਤੇਂਬਾ ਬਾਵੂਮਾ ਦੀ ਫਾਰਮ ਹੈ, ਜਿਹੜਾ ਲੜੀ ਦੇ ਦੋ ਮੈਚਾਂ ਵਿਚ ਖਾਤਾ ਖੋਲ੍ਹਣ ਵਿਚ ਵੀ ਅਸਫਲ ਰਿਹਾ। 

ਟੀਮਾਂ ਇਸ ਤਰ੍ਹਾਂ ਹਨ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਲੋਕੇਸ਼ ਰਾਹੁਲ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਆਰ. ਅਸ਼ਵਿਨ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ, ਦੀਪਕ ਚਾਹਰ, ਉਮੇਸ਼ ਯਾਦਵ, ਸ਼੍ਰੇਅਸ ਅਈਅਰ, ਸ਼ਾਹਬਾਜ਼ ਅਹਿਮਦ ਤੇ ਮੁਹੰਮਦ ਸਿਰਾਜ।

ਦੱਖਣੀ ਅਫਰੀਕਾ : ਤੇਂਬਾ ਬਾਵੂਮਾ (ਕਪਤਾਨ), ਕਵਿੰਟਨ ਡੀ ਕੌਕ, ਬਯੋਰਨ ਫੋਰਚੂਨ, ਰੀਜਾ ਹੈਂਡ੍ਰਿਕਸ, ਹੈਨਰਿਕ ਕਲਾਸੇਨ, ਮਾਰਕੋ ਜਾਨਸੇਨ, ਕੇਸ਼ਵ ਮਹਾਰਾਜ, ਐਡਨ ਮਾਰਕ੍ਰਾਮ, ਡੇਵਿਡ ਮਿਲਰ, ਲੂੰਗੀ ਇਨਗਿਡੀ, ਐਨਰਿਚ ਨੋਰਤਜੇ, ਵੇਨ ਪਰਨੈੱਲ, ਐਂਡਿਲੇ ਫੇਲਕਵਾਓ, ਡਵੇਨ ਪ੍ਰਿਟੋਰੀਅਸ, ਕੈਗਿਸੋ ਰਬਾਡਾ, ਰਿਲੀ ਰੋਸੋਯੂ, ਤਬਰੇਜ ਸ਼ਮਸੀ, ਟ੍ਰਿਸਟਾਨ ਸਟੱਬਸ। 
 


author

cherry

Content Editor

Related News