ਭਾਰਤ ਦੀ ਨਿਊਜ਼ੀਲੈਂਡ 'ਤੇ ਸ਼ਾਨਦਾਰ ਜਿੱਤ, 168 ਦੌੜਾਂ ਦੇ ਫਰਕ ਨਾਲ ਕੀਤਾ ਚਿੱਤ

Wednesday, Feb 01, 2023 - 10:19 PM (IST)

ਭਾਰਤ ਦੀ ਨਿਊਜ਼ੀਲੈਂਡ 'ਤੇ ਸ਼ਾਨਦਾਰ ਜਿੱਤ, 168 ਦੌੜਾਂ ਦੇ ਫਰਕ ਨਾਲ ਕੀਤਾ ਚਿੱਤ

ਸਪੋਰਟਸ ਡੈਸਕ: ਭਾਰਤ ਨੇ ਨਿਊਜ਼ੀਲੈਂਡ ਨੂੰ ਇਕਪਾਸੜ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ ਬੁਰੇ ਤਰੀਕੇ ਨਾਲ ਹਰਾਇਆ ਹੈ। ਸੀਰੀਜ਼ ਦੇ ਤੀਜੇ ਟੀ-20 ਮੁਕਾਬਲੇ ਵਿਚ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ 235 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ। ਇਸ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 66 ਦੌੜਾਂ 'ਤੇ ਹੀ ਸਿਮਟ ਕੇ ਰਹਿ ਗਈ। ਭਾਰਤੀ ਟੀਮ ਵੱਲੋਂ ਹਾਸਲ ਕੀਤੀ ਗਈ ਇਹ ਜਿੱਤ ਟੀ-20 ਕ੍ਰਿਕਟ ਇਤਿਹਾਸ ਦੀ ਸੱਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਭਾਰਤ ਦੇ ਨਾਂ ਸੀ ਜਿਸ ਨੇ 2018 ਵਿਚ ਆਇਰਲੈਂਡ ਨੂੰ 143 ਦੌੜਾਂ ਦਾ ਫ਼ਰਕ ਨਾਲ ਹਰਾਇਆ ਸੀ। ਅੱਜ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਆਪਣਾ ਹੀ ਰਿਕਾਰਟ ਤੋੜਿਆ ਅਤੇ ਨਿਊਜ਼ੀਲੈਂਡ ਨੂੰ 168 ਦੌੜਾਂ ਦੇ ਫ਼ਰਕ ਨਾਲ ਚਿੱਤ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -  ਪਟਿਆਲਾ ਵਿਚ ਪੁਲਸ ਅਤੇ ਗੈਂਗਸਟਰ ਵਿਚਾਲੇ ਹੋਇਆ ਐਨਕਾਊਂਟਰ, ਮੱਧ ਪ੍ਰਦੇਸ਼ ਤੋਂ ਲਿਆਇਆ ਸੀ ਅਸਲਾ

ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੀ-20 ਮੁਕਾਬਲੇ ਵਿਚ ਭਾਰਤੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਨਿਰਧਾਰਿਤ 20 ਓਵਰਾਂ ਵਿਚ 234 ਦੌੜਾਂ ਬਣਾਈਆਂ। ਭਾਰਤ ਵੱਲੋਂ ਬੱਲੇਬਾਜ਼ੀ ਕਰਦਿਆਂ ਸ਼ੁਭਮਨ ਗਿੱਲ ਨੇ 63 ਗੇਂਦਾਂ ਵਿਚ 7 ਛੱਕੇ ਅਤੇ 12 ਚੌਕਿਆਂ ਨਾਲ 126 ਦੌੜਾਂ ਦੀ ਅਜੇਤੂ ਅਤੇ ਤੂਫ਼ਾਨੀ ਪਾਰੀ ਖੇਡੀ। ਇਸ ਤੋਂ ਇਲਾਵਾ ਰਾਹੁਲ ਤ੍ਰਿਪਾਠੀ ਨੇ 22 ਗੇਂਦਾਂ ਵਿਚ 44, ਸੂਰਿਯਾਕੁਮਾਰ ਯਾਦਵ ਨੇ 13 ਗੇਂਦਾਂ ਵਿਚ 24 ਅਤੇ ਹਾਰਦਿਕ ਪੰਡਯਾ ਨੇ 17 ਗੇਂਦਾਂ ਵਿਚ 30 ਦੌੜਾਂ ਬਣਾ ਕੇ ਵਿਰੋਧੀ ਟੀਮ ਮੂਹਰੇ ਵੱਡਾ ਟੀਚਾ ਖੜ੍ਹਾ ਕਰਨ ਵਿਚ ਆਪਣਾ ਯੋਗਦਾਨ ਪਾਇਆ।

PunjabKesari

ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਬਜਟ ਨੂੰ ਬੀਬੀ ਜਗੀਰ ਕੌਰ ਨੇ ਦੱਸਿਆ ਕਿਸਾਨ, ਮਜ਼ਦੂਰ ਤੇ ਪੰਜਾਬ ਵਿਰੋਧੀ

ਵੱਡੇ ਸਕੋਰ ਦਾ ਬਚਾਅ ਕਰਨ ਉਤਰੇ ਭਾਰਤੀ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਸ਼ੁਰੂਆਤ ਕੀਤੀ। ਪਾਵਰਪਲੇ ਵਿਚ ਹੀ ਨਿਊਜ਼ੀਲੈਂਡ ਦੀ ਅੱਧੀ ਟੀਮ ਆਊਟ ਹੋ ਕੇ ਪਵੇਲੀਅਨ ਪਹੁੰਚ ਗਈ। ਨਿਊਜ਼ੀਲੈਂਡ ਨੇ ਪਹਿਲੇ 6 ਓਵਰਾਂ ਵਿਚ 30 ਦੌੜਾਂ 'ਤੇ ਹੀ 5 ਵਿਕਟਾਂ ਗੁਆ ਦਿੱਤੀਆਂ ਸਨ। ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ 4, ਅਰਸ਼ਦੀਪ ਸਿੰਘ,  ਉਮਰਾਨ ਮਲਿਕ ਤੇ ਸ਼ਿਵਮ ਮਾਵੀ ਨੇ 2-2 ਵਿਕਟਾਂ ਲਈਆਂ। ਕਪਤਾਨ ਹਾਰਦਿਕ ਪੰਡਯਾ ਨੇ ਨਿਰਧਾਰਿਤ 4 ਓਵਰਾਂ ਵਿਚ ਮਹਿਜ਼ 16 ਦੌੜਾਂ ਹੀ ਦਿੱਤੀਆਂ ਅਤੇ ਵਿਰੋਧੀ ਟੀਮ ਨੂੰ 4 ਝਟਕੇ ਵੀ ਦਿੱਤੇ।

PunjabKesari

ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਆਪਣੀ 126 ਦੌੜਾਂ ਦੀ ਅਜੇਤੂ ਪਾਰੀ ਸਦਕਾ ਮੈਨ ਆਫ਼ ਦ ਮੈਚ ਐਲਾਨਿਆ ਗਿਆ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਕਪਤਾਨ ਹਾਰਦਿਕ ਪੰਡਯਾ ਨੂੰ ਪਲੇਅਰ ਆਫ਼ ਦ ਸੀਰੀਜ਼ ਦਾ ਖ਼ਿਤਾਬ ਦਿੱਤਾ ਗਿਆ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ 3 ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News