IND vs ENG 2nd ODI: ਇੰਗਲੈਂਡ ਨੇ ਭਾਰਤ ਨੂੰ ਦਿੱਤਾ 305 ਦੌੜਾਂ ਦਾ ਟੀਚਾ, ਜਡੇਜਾ ਨੇ ਝਟਕਾਈਆਂ 3 ਵਿਕਟਾਂ

Sunday, Feb 09, 2025 - 05:40 PM (IST)

IND vs ENG 2nd ODI: ਇੰਗਲੈਂਡ ਨੇ ਭਾਰਤ ਨੂੰ ਦਿੱਤਾ 305 ਦੌੜਾਂ ਦਾ ਟੀਚਾ, ਜਡੇਜਾ ਨੇ ਝਟਕਾਈਆਂ 3 ਵਿਕਟਾਂ

ਸਪੋਰਟਸ ਡੈਸਕ-  ਭਾਰਤ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ (9 ਫਰਵਰੀ) ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ ਜਿੱਤਣ ਲਈ 305 ਦੌੜਾਂ ਦਾ ਟੀਚਾ ਦਿੱਤਾ ਹੈ। ਇੰਗਲੈਂਡ ਲਈ ਬੇਨ ਡਕੇਟ ਅਤੇ ਜੋ ਰੂਟ ਨੇ ਅਰਧ ਸੈਂਕੜੇ ਲਗਾਏ। ਮੈਚ ਵਿੱਚ ਇੰਗਲੈਂਡ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 49.5 ਓਵਰਾਂ 'ਚ 304 ਦੌੜਾਂ ਬਣਾਈਆਂ। ਭਾਰਤੀ ਟੀਮ ਇਸ ਵਨਡੇ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਹੁਣ ਉਸਦਾ ਟੀਚਾ ਇਸ ਮੈਚ ਨੂੰ ਜਿੱਤਣਾ ਅਤੇ ਲੜੀ 'ਤੇ ਕਬਜ਼ਾ ਕਰਨਾ ਹੈ।

ਰੂਟ ਨੇ ਬਣਾਈਆਂ ਸਭ ਤੋਂ ਵੱਧ ਦੌੜਾਂ

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ ਨੇ 49.5 ਓਵਰਾਂ 'ਚ 304 ਦੌੜਾਂ ਬਣਾਈਆਂ। ਇੰਗਲਿਸ਼ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਫਿਲ ਸਾਲਟ ਅਤੇ ਬੇਨ ਡਕੇਟ ਨੇ ਮਿਲ ਕੇ 10.5 ਓਵਰਾਂ ਵਿੱਚ 81 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਮੇਂ ਦੌਰਾਨ, ਡਕੇਟ ਨੇ ਸਿਰਫ਼ 36 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਓਪਨਿੰਗ ਸਾਂਝੇਦਾਰੀ ਦਾ ਅੰਤ ਵਰੁਣ ਚੱਕਰਵਰਤੀ ਨੇ ਕੀਤਾ, ਜਿਸਨੇ ਸਾਲਟ ਨੂੰ ਰਵਿੰਦਰ ਜਡੇਜਾ ਹੱਥੋਂ ਕੈਚ ਕਰਵਾਇਆ। ਸਾਲਟ ਨੇ 29 ਗੇਂਦਾਂ 'ਤੇ 26 ਦੌੜਾਂ ਬਣਾਈਆਂ, ਜਿਸ ਵਿੱਚ ਦੋ ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ।

ਇਸ ਤੋਂ ਬਾਅਦ, ਰਵਿੰਦਰ ਜਡੇਜਾ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਹੀ ਡਕੇਟ ਪਾਰੀ ਖਤਮ ਕਰ ਦਿੱਤੀ। ਡਕੇਟ ਨੇ 56 ਗੇਂਦਾਂ ਵਿੱਚ 10 ਚੌਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ। ਇੱਥੋਂ ਜੋਅ ਰੂਟ ਅਤੇ ਹੈਰੀ ਬਰੂਕ ਨੇ ਮਿਲ ਕੇ ਤੀਜੀ ਵਿਕਟ ਲਈ 66 ਦੌੜਾਂ ਦੀ ਸਾਂਝੇਦਾਰੀ ਕੀਤੀ। ਬਰੂਕ ਨੂੰ ਸ਼ੁਭਮਨ ਗਿੱਲ ਨੇ ਹਰਸ਼ਿਤ ਰਾਣਾ ਦੀ ਗੇਂਦ 'ਤੇ 31 ਦੌੜਾਂ ਬਣਾ ਕੇ ਕੈਚ ਆਊਟ ਕੀਤਾ।

168 ਦੌੜਾਂ 'ਤੇ ਤੀਜੀ ਵਿਕਟ ਡਿੱਗਣ ਤੋਂ ਬਾਅਦ, ਕਪਤਾਨ ਜੋਸ ਬਟਲਰ ਅਤੇ ਜੋ ਰੂਟ ਵਿਚਕਾਰ ਚੌਥੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਦੌਰਾਨ ਰੂਟ ਨੇ ਹਾਰਦਿਕ ਪੰਡਯਾ ਦੀ ਗੇਂਦ 'ਤੇ ਇੱਕ ਸਿੰਗਲ ਲੈ ਕੇ 60 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਹਾਰਦਿਕ ਪੰਡਯਾ ਨੇ ਬਟਲਰ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਖਤਮ ਕੀਤਾ। ਬਟਲਰ ਨੇ ਦੋ ਚੌਕਿਆਂ ਦੀ ਮਦਦ ਨਾਲ 34 ਦੌੜਾਂ ਬਣਾਈਆਂ।

ਇਸਤੋਂ ਬਾਅਦ ਰਵਿੰਦਰ ਜਡੇਜਾ ਨੇ ਇੰਗਲੈਂਡ ਨੂੰ ਦੋ ਤਗੜੇ ਝਟਕੇ ਦਿੱਤੇ। ਜਡੇਜਾ ਨੇ ਸਭ ਤੋਂ ਪਹਿਲਾਂ ਜੋ ਰੂਟ ਨੂੰ ਆਊਟ ਕੀਤਾ, ਜਿਸਦਾ ਕੈਚ ਵਿਰਾਟ ਕੋਹਲੀ ਨੇ ਫੜਿਆ। ਫਿਰ ਜਡੇਜਾ ਨੇ ਜੈਮੀ ਓਵਰਟਨ ਨੂੰ ਸ਼ੁੱਭਮਨ ਗਿੱਲ ਦੇ ਹੱਥੋਂ ਕੈਚ ਆਊਟ ਕਰਵਾਇਆ। 

ਜੋ ਰੂਟ ਨੇ 6 ਚੌਕਿਆਂ ਦੀ ਮਦਦ ਨਾਲ 72 ਗੇਂਦਾਂ 'ਚ ਸਭ ਤੋਂ ਵੱਧ 69 ਦੌੜਾਂ ਬਣਾਈਆਂ। ਜਦੋਂਕਿ ਜੈਮੀ ਓਵਰਟਨ ਦੇ ਬੱਲੇ 'ਚੋਂ 6 ਦੌੜਾਂ ਨਿਕਲੀਆਂ। ਇੰਗਲੈਂਡ ਨੇ ਇਸ ਤੋਂ ਬਾਅਦ ਗਸ ਐਟਕਿੰਸਨ (3), ਆਦਿਲ ਰਸ਼ੀਦ (14), ਲਿਆਮ ਲਿਵਿੰਗਸਟੋਨ (41) ਅਤੇ ਮਾਰਕ ਵੁੱਡ (0) ਦੀ ਵਿਕਟ ਗੁਆਈ। 

ਦੇਖਿਆ ਜਾਵੇ ਤਾਂ ਭਾਰਤੀ ਟੀਮ ਨੇ ਆਖਰੀ 47 ਗੇਂਦਾਂ 'ਚ 57 ਦੌੜਾਂ ਦਿੱਤੀਆਂ ਪਰ 6 ਵਿਕਟਾਂ ਵੀ ਹਾਸਲ ਕੀਤੀਆਂ। ਭਾਰਤ ਵੱਲੋਂ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 3 ਵਿਕਟਾਂ ਝਟਕਾਈਆਂ। ਜਦੋਂਕਿ ਮੁਹੰਮਦ ਸ਼ੰਮੀ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ ਅਤੇ ਹਾਰਦਿਕ ਪੰਡਯਾ ਨੂੰ ਇਕ-ਇਕ ਵਿਕਟ ਮਿਲੀ। ਇੰਗਲੈਂਡ ਦੇ ਤਿੰਨ ਬੱਲੇਬਾਜ਼ ਰਨ ਆਊਟ ਹੋਏ। 

 


author

Rakesh

Content Editor

Related News