T20 WC : ਦੱਖਣੀ ਅਫਰੀਕਾ ਨੇ ਭਾਰਤ ਨੂੰ ਦਿੱਤਾ 188 ਦੌੜਾਂ ਦਾ ਟੀਚਾ
Sunday, Feb 22, 2026 - 09:00 PM (IST)
ਸਪੋਰਟਸ ਡੈਸਕ- ਆਈਸੀਸੀ ਮੇਨਜ਼ ਟੀ-20 ਵਿਸ਼ਵ ਕੱਪ 2026 ਦੇ ਸੁਪਰ-8 ਮੁਕਾਬਲੇ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਦੱਖਣੀ ਅਫ਼ਰੀਕਾ ਨੇ ਭਾਰਤ ਸਾਹਮਣੇ ਜਿੱਤ ਲਈ 188 ਦੌੜਾਂ ਦਾ ਟੀਚਾ ਰੱਖਿਆ ਹੈ। ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਤ 20 ਓਵਰਾਂ ਵਿੱਚ 187 ਦੌੜਾਂ ਬਣਾਈਆਂ।
ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਪਾਰੀ ਦੀ ਸ਼ੁਰੂਆਤ ਵਿੱਚ ਹੀ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ਾਂ ਨੂੰ ਭਾਜੜਾਂ ਪਾ ਦਿੱਤੀਆਂ। ਬੁਮਰਾਹ ਨੇ ਆਪਣੇ ਦੂਜੇ ਹੀ ਓਵਰ ਵਿੱਚ ਕੁਇੰਟਨ ਡੀ ਕਾਕ (6) ਨੂੰ ਬੋਲਡ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ ਅਰਸ਼ਦੀਪ ਸਿੰਘ ਨੇ ਕਪਤਾਨ ਐਡਨ ਮਾਰਕਰਮ (12) ਦਾ ਵਿਕਟ ਝਟਕਾਇਆ। ਬੁਮਰਾਹ ਨੇ ਆਪਣੇ ਅਗਲੇ ਓਵਰ ਵਿੱਚ ਰਿਆਨ ਰਿਕੇਲਟਨ (7) ਨੂੰ ਵੀ ਪੈਵਲੀਅਨ ਭੇਜ ਦਿੱਤਾ, ਜਿਸ ਕਾਰਨ 6 ਓਵਰਾਂ ਵਿੱਚ ਦੱਖਣੀ ਅਫ਼ਰੀਕਾ ਦਾ ਸਕੋਰ 41/3 ਹੋ ਗਿਆ ਸੀ।
ਤਿੰਨ ਵਿਕਟਾਂ ਜਲਦੀ ਡਿੱਗਣ ਤੋਂ ਬਾਅਦ ਡੇਵਿਡ ਮਿਲਰ ਅਤੇ ਡੇਵਾਲਡ ਬ੍ਰੇਵਿਸ ਨੇ ਮੋਰਚਾ ਸੰਭਾਲਿਆ। ਦੋਵਾਂ ਵਿਚਾਲੇ 97 ਦੌੜਾਂ ਦੀ ਅਹਿਮ ਸਾਂਝੇਦਾਰੀ ਹੋਈ। ਬ੍ਰੇਵਿਸ ਨੇ 29 ਗੇਂਦਾਂ ਵਿੱਚ 45 ਦੌੜਾਂ ਦੀ ਤੇਜ਼ ਪਾਰੀ ਖੇਡੀ, ਜਦਕਿ ਮਿਲਰ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 35 ਗੇਂਦਾਂ ਵਿੱਚ 63 ਦੌੜਾਂ ਬਣਾਈਆਂ। ਅਖੀਰ ਵਿੱਚ ਟ੍ਰਿਸਟਨ ਸਟੱਬਸ ਦੀਆਂ ਕੀਮਤੀ ਦੌੜਾਂ ਦੀ ਬਦੌਲਤ ਟੀਮ 187 ਦੇ ਸਕੋਰ ਤੱਕ ਪਹੁੰਚ ਸਕੀ।
ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 4 ਓਵਰਾਂ ਵਿੱਚ ਸਿਰਫ਼ 15 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਅਰਸ਼ਦੀਪ ਸਿੰਘ ਨੇ 2 ਵਿਕਟਾਂ ਝਟਕਾਈਆਂ, ਜਦਕਿ ਵਰੁਣ ਚੱਕਰਵਰਤੀ ਅਤੇ ਸ਼ਿਵਮ ਦੂਬੇ ਨੂੰ 1-1 ਸਫਲਤਾ ਮਿਲੀ।
