T20 WC : ਪਾਕਿਸਤਾਨ ਨੇ ਇੰਗਲੈਂਡ ਨੂੰ ਦਿੱਤਾ 165 ਦੌੜਾਂ ਦਾ ਟੀਚਾ
Tuesday, Feb 24, 2026 - 08:50 PM (IST)
ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ 2026 ਦੇ ਸੁਪਰ-8 ਪੜਾਅ ਦੇ ਇੱਕ ਅਹਿਮ ਮੁਕਾਬਲੇ ਵਿੱਚ ਅੱਜ ਪਾਕਿਸਤਾਨ ਨੇ ਇੰਗਲੈਂਡ ਸਾਹਮਣੇ ਜਿੱਤ ਲਈ 165 ਦੌੜਾਂ ਦਾ ਟੀਚਾ ਰੱਖਿਆ ਹੈ। ਪੱਲੇਕੇਲ ਵਿਖੇ ਖੇਡੇ ਜਾ ਰਹੇ ਇਸ ਮੈਚ ਵਿੱਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 164 ਦੌੜਾਂ ਬਣਾਈਆਂ।
ਪਾਕਿਸਤਾਨ ਵੱਲੋਂ ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਉਨ੍ਹਾਂ ਨੇ 45 ਗੇਂਦਾਂ ਵਿੱਚ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਫਰਹਾਨ ਦੀ ਇਸ ਬੱਲੇਬਾਜ਼ੀ ਦੀ ਬਦੌਲਤ ਪਾਕਿਸਤਾਨੀ ਟੀਮ ਇੱਕ ਸਨਮਾਨਜਨਕ ਸਕੋਰ ਤੱਕ ਪਹੁੰਚਣ ਵਿੱਚ ਸਫਲ ਰਹੀ। ਦੂਜੇ ਪਾਸੇ, ਕਪਤਾਨ ਸਲਮਾਨ ਆਗਾ (5) ਅਤੇ ਸਈਮ ਅਯੂਬ (7) ਜਲਦੀ ਹੀ ਪੈਵਲੀਅਨ ਪਰਤ ਗਏ ਸਨ।
ਸ਼ੁਰੂਆਤੀ ਝਟਕਿਆਂ ਤੋਂ ਬਾਅਦ ਬਾਬਰ ਆਜ਼ਮ ਅਤੇ ਸਾਹਿਬਜ਼ਾਦਾ ਫਰਹਾਨ ਵਿਚਾਲੇ ਤੀਜੇ ਵਿਕਟ ਲਈ ਅਹਿਮ ਸਾਂਝੇਦਾਰੀ ਹੋਈ। ਬਾਬਰ ਆਜ਼ਮ ਨੇ 24 ਗੇਂਦਾਂ ਵਿੱਚ 25 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਫਖ਼ਰ ਜ਼ਮਾਨ ਨੇ ਵੀ 16 ਗੇਂਦਾਂ ਵਿੱਚ 25 ਦੌੜਾਂ (2 ਚੌਕੇ, 2 ਛੱਕੇ) ਦਾ ਯੋਗਦਾਨ ਦਿੱਤਾ। ਪਾਰੀ ਦੇ ਅਖੀਰ ਵਿੱਚ ਸ਼ਾਦਾਬ ਖਾਨ ਨੇ 11 ਗੇਂਦਾਂ ਵਿੱਚ ਤੇਜ਼ 23 ਦੌੜਾਂ ਬਣਾ ਕੇ ਸਕੋਰ 160 ਤੋਂ ਪਾਰ ਪਹੁੰਚਾਇਆ।
ਇੰਗਲੈਂਡ ਦੇ ਗੇਂਦਬਾਜ਼ਾਂ ਨੇ ਮੱਧ ਓਵਰਾਂ ਵਿੱਚ ਸ਼ਾਨਦਾਰ ਵਾਪਸੀ ਕੀਤੀ। ਲਿਆਮ ਡਾਸਨ ਨੇ ਪਾਕਿਸਤਾਨ ਨੂੰ ਲਗਾਤਾਰ ਦੋ ਗੇਂਦਾਂ 'ਤੇ ਦੋ ਝਟਕੇ ਦਿੱਤੇ, ਹਾਲਾਂਕਿ ਉਹ ਆਪਣੀ ਹੈਟ੍ਰਿਕ ਪੂਰੀ ਕਰਨ ਤੋਂ ਖੁੰਝ ਗਏ। ਡਾਸਨ ਨੇ ਕੁੱਲ 3 ਵਿਕਟਾਂ ਹਾਸਲ ਕੀਤੀਆਂ। ਜੈਮੀ ਓਵਰਟਨ ਨੇ ਦੋ ਅਹਿਮ ਵਿਕਟਾਂ (ਬਾਬਰ ਆਜ਼ਮ ਅਤੇ ਸਾਹਿਬਜ਼ਾਦਾ ਫਰਹਾਨ) ਝਟਕਾਈਆਂ। ਜੋਫਰਾ ਆਰਚਰ ਅਤੇ ਆਦਿਲ ਰਾਸ਼ਿਦ ਨੂੰ 1-1 ਸਫਲਤਾ ਮਿਲੀ।
