AUS vs IND : ਆਸਟਰੇਲੀਆ ਵਿਰੁੱਧ 3 ਮੈਚਾਂ ਦੀ ਸੀਰੀਜ਼ ਦਾ ਆਖਰੀ ਵਨ ਡੇ ਅੱਜ

12/02/2020 3:32:04 AM

ਕੈਨਬਰਾ– ਪਹਿਲੇ ਦੋ ਮੈਚਾਂ ਵਿਚ ਇਕਪਾਸੜ ਹਾਰ ਤੋਂ ਬਾਅਦ ਭਾਰਤੀ ਟੀਮ ਦਾ ਬੁੱਧਵਾਰ ਨੂੰ ਇੱਥੇ ਆਸਟਰੇਲੀਆ ਵਿਰੁੱਧ ਤੀਜੇ ਤੇ ਆਖਰੀ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਗੇਂਦਬਾਜ਼ੀ ਹਮਲੇ ਵਿਚ ਬਦਲਾਅ ਕਰਨਾ ਲਗਭਗ ਤੈਅ ਹੈ, ਜਿਸ ਨਾਲ ਕਿ ਲਗਾਤਾਰ ਦੂਜੀ ਲੜੀ ਵਿਚ ਕਲੀਨ ਸਵੀਪ ਤੋਂ ਬਚਿਆ ਜਾ ਸਕੇ। ਆਸਟਰੇਲੀਆ ਜੇਕਰ 3-0 ਨਾਲ ਜਿੱਤ ਦਰਜ ਕਰਨ ਵਿਚ ਸਫਲ ਰਹਿੰਦਾ ਹੈ ਤਾਂ ਲਗਾਤਾਰ ਦੂਜੀ ਲੜੀ ਵਿਚ ਭਾਰਤ ਦਾ ਸੁਪੜਾ ਸਾਫ ਹੋਵੇਗਾ ਕਿਉਂਕਿ ਇਸ ਸਾਲ ਦੀ ਸ਼ੁਰੂਆਤ ਵਿਚ ਨਿਊਜ਼ੀਲੈਂਡ ਨੇ ਵੀ ਉਸ ਨੂੰ ਇਸੇ ਫਰਕ ਨਾਲ ਹਰਾਇਆ ਸੀ।

PunjabKesari
ਪਹਿਲੇ ਦੋ ਮੈਚਾਂ ਵਿਚ ਢੇਰ ਸਾਰੀਆਂ ਦੌੜਾਂ ਬਣੀਆਂ, ਜਿਸ ਵਿਚ ਆਸਟਰੇਲੀਆ ਨੇ ਦਬਦਬਾ ਬਣਾਉਂਦੇ ਹੋਏ ਵਿਰਾਟ ਕੋਹਲੀ ਦੀ ਟੀਮ ਵਿਰੁੱਧ ਆਸਾਨ ਜਿੱਤਾਂ ਦਰਜ ਕੀਤੀਆਂ। ਟੀਮ ਇੰਡੀਆ ਜੇਕਰ ਮਨੁਕਾ ਓਵਲ ਵਿਚ ਜਿੱਤ ਦਰਜ ਕਰਦੀ ਹੈ ਤਾਂ ਟੀ-20 ਲੜੀ ਤੋਂ ਪਹਿਲਾਂ ਉਸਦਾ ਆਤਮਵਿਸ਼ਵਾਸ ਵਧੇਗਾ। ਕਪਤਾਨ ਕੋਹਲੀ ਪਹਿਲਾਂ ਹੀ ਮੰਨ ਚੁੱਕਾ ਹੈ ਕਿ ਆਸਟਰੇਲੀਆ ਨੇ ਪਹਿਲੇ ਦੋ ਮੈਚਾਂ ਵਿਚ ਉਸ ਨੂੰ 'ਪੂਰੀ ਤਰ੍ਹਾਂ ਨਾਲ ਪਛਾੜ' ਦਿੱਤਾ ਤੇ ਉਮੀਦ ਹੈ ਕਿ ਜਿੱਤ ਦੀ ਭਾਲ ਵਿਚ ਭਾਰਤ ਕੁਝ ਬਦਲਾਅ ਕਰੇਗਾ।
ਪਹਿਲੀ ਵਾਰ ਆਸਟਰੇਲੀਆ ਦੌਰੇ 'ਤੇ ਗਿਆ ਭਾਰਤ ਦਾ ਸਭ ਤੋਂ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਹੁਣ ਤਕ ਸਟੀਕ ਲਾਈਨ ਤੇ ਲੈਂਥ ਨਾਲ ਗੇਂਦਬਾਜ਼ੀ ਕਰਨ ਵਿਚ ਅਸਫਲ ਰਿਹਾ ਹੈ ਤੇ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ਨੇ ਉਸ ਦੇ ਖਿਲਾਫ ਆਸਾਨੀ ਨਾਲ ਦੌੜਾਂ ਬਣਾਈਆਂ ਹਨ। ਸੈਣੀ ਦੇ 7 ਓਵਰਾਂ ਵਿਚ 70 ਦੌੜਾਂ ਦੇਣ ਤੋਂ ਬਾਅਦ ਕੋਹਲੀ ਨੂੰ ਹਾਰਦਿਕ ਪੰਡਯਾ ਤੇ ਮਯੰਕ ਅਗਰਵਾਲ ਵਰਗੇ ਗੇਂਦਬਾਜ਼ਾਂ ਤੋਂ ਉਸਦਾ ਸਪੈੱਲ ਪੂਰਾ ਕਰਵਾਉਣਾ ਪਿਆ ਸੀ। ਪੰਡਯਾ ਗੇਂਦਬਾਜ਼ੀ ਕਰਨ ਲਈ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹੈ ਜਦਕਿ ਅਗਰਵਾਲ ਆਮ ਤੌਰ 'ਤੇ ਗੇਂਦਬਾਜ਼ੀ ਨਹੀਂ ਕਰਦਾ। ਤੀਜੇ ਤੇ ਆਖਰੀ ਵਨ ਡੇ ਵਿਚ ਜੇਕਰ ਸ਼ਾਰਦੁਲ ਠਾਕੁਰ ਜਾਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟੀ. ਨਟਰਾਜਨ ਨੂੰ ਮੌਕਾ ਮਿਲਦਾ ਹੈ ਤਾਂ ਹੈਰਾਨੀ ਨਹੀਂ ਹੋਵੇਗੀ। ਸ਼ਾਰਦੁਲ ਨੂੰ 27 ਕੌਮਾਂਤਰੀ ਮੈਚਾਂ ਦਾ ਤਜਰਬਾ ਹੈ ਜਦਕਿ ਨਟਰਾਜਨ ਨੂੰ ਯਾਰਕਰ ਸੁੱਟਣ ਵਿਚ ਮਹਾਰਤ ਹਾਸਲ ਹੈ।

PunjabKesari
ਕੋਹਲੀ ਜੇਕਰ ਟੈਸਟ ਲੜੀ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਦੋਵਾਂ ਨੂੰ ਆਰਾਮ ਦੇਣ ਦਾ ਫੈਸਲਾ ਕਰਦਾ ਹੈ ਤਾਂ ਸ਼ਾਰਦੁਲ ਤੇ ਨਟਾਰਜਨ ਦੋਵਾਂ ਨੂੰ ਖੇਡਣ ਦਾ ਮੌਕਾ ਮਿਲ ਸਕਦਾ ਹੈ। ਮੌਜੂਦਾ ਲੜੀ ਵਿਚ ਭਾਰਤੀ ਗੇਂਦਬਾਜ਼ ਬਿਲਕੁਲ ਵੀ ਲੈਅ ਵਿਚ ਨਜ਼ਰ ਨਹੀਂ ਆ ਰਹੇ ਹਨ ਤੇ ਉਨ੍ਹਾਂ ਵਿਰੁੱਧ ਪਹਿਲੇ ਦੋ ਮੈਚਾਂ ਵਿਚ 69 ਚੌਕੇ ਤੇ 19 ਛੱਕੇ ਲੱਗੇ ਹਨ। ਕੋਹਲੀ ਨੇ ਕਿਹਾ ਕਿ ਟੀ-20 ਸਵਰੂਪ ਤੋਂ ਵਨ ਡੇ ਕੌਮਾਂਤਰੀ ਮੈਚਾਂ ਵਿਚ ਢਲਣ ਨੂੰ ਬਹਾਨਾ ਨਹੀਂ ਬਣਾਇਆ ਜਾ ਸਕਦਾ।

ਇਹ ਵੀ ਪੜ੍ਹੋ : ਮੋਰਗਨ ਨੇ ਬਣਾਇਆ ਵੱਡਾ ਰਿਕਾਰਡ, ਕੋਹਲੀ ਨੂੰ ਛੱਡਿਆ ਇਸ ਮਾਮਲੇ 'ਚ ਪਿੱਛੇ


ਗੇਂਦਬਾਜ਼ਾਂ ਲਈ ਵੱਡਾ ਸਿਰਦਰਦ ਆਸਟਰੇਲੀਆ ਦਾ ਸਟਾਰ ਬੱਲੇਬਾਜ਼ ਸਟੀਵ ਸਮਿਥ ਬਣਿਆ ਹੋਇਆ ਹੈ, ਜਿਸ ਨੇ ਲਗਾਤਾਰ ਦੋ ਮੈਚਾਂ ਵਿਚ ਸੈਂਕੜਾ ਲਾਇਆ। ਇੰਡੀਅਨ ਪ੍ਰੀਮੀਅਰ ਲੀਗ ਵਿਚ ਅਸਫਲ ਰਿਹਾ ਗਲੇਨ ਮੈਕਸਵੈੱਲ ਵੀ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਫਰਕ ਪੈਦਾ ਕਰ ਰਿਹਾ ਹੈ, ਜਿਸ ਨਾਲ ਆਸਟਰੇਲੀਆ ਦੀ ਟੀਮ ਆਖਰੀ ਓਵਰਾਂ ਵਿਚ ਤਾਬੜਤੋੜ ਦੌੜਾਂ ਬਣਾਉਣ ਵਿਚ ਸਫਲ ਰਹੀ। ਭਾਰਤ ਦੀ 66 ਤੇ 51 ਦੌੜਾਂ ਦੀ ਹਾਰ ਨੂੰ ਦੇਖਦੇ ਹੋਏ ਉਨ੍ਹਾਂ ਦੀਆਂ ਪਾਰੀਆਂ ਅਹਿਮ ਹੋ ਜਾਂਦੀਆਂ ਹਨ। ਭਾਰਤੀ ਕਪਤਾਨ ਨੂੰ ਮੈਚ ਦੌਰਾਨ ਆਪਣੇ ਗੇਂਦਬਾਜ਼ਾਂ ਦੇ ਰੋਟੇਸ਼ਨ ਦੇ ਕਾਰਣ ਵੀ ਆਲਚੋਨਾ ਦਾ ਸਾਹਮਣਾ ਕਰਨਾ ਪਿਆ ਹੈ। ਗੌਤਮ ਗੰਭੀਰ ਤੇ ਅਸ਼ੀਸ਼ ਨਹਿਰਾ ਵਰਗੇ ਸਾਬਕਾ ਭਾਰਤੀ ਕ੍ਰਿਕਟਰਾਂ ਨੇ ਮੁੱਖ ਗੇਂਦਬਾਜ਼ ਬੁਮਰਾਹ ਨੂੰ ਪਹਿਲੇ ਸਪੈੱਲ ਵਿਚ ਸਿਰਫ 2 ਓਵਰ ਦੇਣ ਲਈ ਉਸਦੀ ਆਲੋਚਨਾ ਕੀਤੀ ਸੀ। ਤੇਜ਼ ਗੇਂਦਬਾਜ਼ ਜੇਕਰ ਅਸਫਲ ਰਹਿੰਦੇ ਹਨ ਤਾਂ ਸਪਿਨਰਾਂ ਦੀ ਅਸਫਲਤਾ ਨੇ ਭਾਰਤ ਦੀ ਮੁਸੀਬਤ ਨੂੰ ਹੋਰ ਵਧਾ ਦਿੱਤਾ। ਯੁਜਵੇਂਦਰ ਚਾਹਲ ਪਹਿਲੇ ਦੋ ਮੈਚਾਂ ਵਿਚ ਸਭ ਤੋਂ ਮਹਿੰਗਾ ਗੇਂਦਬਾਜ਼ ਰਿਹਾ। ਉਸ ਨੇ 19 ਓਵਰਾਂ 'ਚ 160 ਦੌੜਾਂ ਦਿੱਤੀਆਂ ਤੇ ਸਿਰਫ ਇਕ ਵਿਕਟ ਹਾਸਲ ਕਰ ਸਕਿਆ। ਰਵਿੰਦਰ ਜਡੇਜਾ ਨੇ ਰਨ ਰੇਟ 'ਤੇ ਕੁਝ ਰੋਕ ਲਾਈ ਪਰ ਗੇਂਦ ਨੂੰ ਘੁੰਮਾਉਣ ਨੂੰ ਵਧੇਰੇ ਤਰਜੀਹ ਨਾ ਦੇਣ ਦੇ ਕਾਰਣ ਇਕ ਵੀ ਵਿਕਟ ਹਾਸਲ ਨਹੀਂ ਕਰ ਸਕਿਆ।
ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਕੋਹਲੀ ਤੇ ਲੋਕੇਸ਼ ਰਾਹੁਲ ਦੂਜੇ ਮੈਚ ਵਿਚ ਚੰਗੀ ਲੈਅ ਵਿਚ ਦਿਸੇ ਪਰ ਰਾਹੁਲ ਦੂਜੇ ਪਾਵਰਪਲੇਅ ਦੌਰਾਨ ਸਟ੍ਰਾਈਕ ਰੋਟੇਟ ਕਰਨ ਵਿਚ ਅਸਫਲ ਰਿਹਾ, ਜਿਹੜੀ ਗੱਲ ਚਿੰਤਾ ਦੀ ਸਬੱਬ ਹੈ। ਭਾਰਤੀ ਬੱਲੇਬਾਜ਼ੀ ਹਾਲਾਂਕਿ ਦੋਵਾਂ ਮੈਚਾਂ ਵਿਚ ਠੀਕ-ਠਾਕ ਪ੍ਰਦਰਸ਼ਨ ਕਰਨ ਵਿਚ ਸਫਲ ਰਹੀ ਹੈ ਤੇ ਜੇਕਰ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਥੋੜ੍ਹਾ ਬਿਹਤਰ ਹੁੰਦਾ ਹੈ ਤਾਂ ਮਹਿਮਾਨ ਟੀਮ ਦੇ ਕੋਲ ਮੌਕਾ ਹੋ ਸਕਦਾ ਸੀ।

PunjabKesari
ਟੀਮਾਂ ਇਸ ਤਰ੍ਹਾਂ ਹਨ -
ਭਾਰਤ-
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਮਯੰਕ ਅਗਰਵਾਲ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਣੀ, ਸ਼ਾਰਦੁਲ ਠਾਕੁਰ ਤੇ ਟੀ. ਨਟਰਾਜਨ।
ਆਸਟਰੇਲੀਆ- ਆਰੋਨ ਫਿੰਚ (ਕਪਤਾਨ), ਡਾਰਸੀ ਸ਼ਾਰਟ, ਸਟੀਵ ਸਮਿਥ, ਮਾਰਨਸ ਲਾਬੂਸ਼ਾਨੇ, ਗਲੇਨ ਮੈਕਸਵੈੱਲ, ਐਲਕਸ ਕੈਰੀ, ਮਿਸ਼ੇਲ ਸਟਾਰਕ, ਐਡਮ ਜ਼ਾਂਪਾ, ਜੋਸ਼ ਹੇਜ਼ਲਵੁਡ, ਸੀਨ ਐਬੋਟ, ਐਸ਼ਟਨ ਐਗਰ, ਕੈਮਰਨ ਗ੍ਰੀਨ, ਮੋਇਜੇਸ ਹੈਨਰਿਕਸ, ਐਂਡ੍ਰਿਊ ਟਾਏ, ਡੇਨੀਅਲ ਸੈਮਸ ਤੇ ਮੈਥਿਊ ਵੇਡ।


Gurdeep Singh

Content Editor

Related News