18 ਸਾਲ ਦਾ ਖਿਤਾਬੀ ਸੋਕਾ ਖਤਮ ਕਰਨ ਦੇ ਟੀਚੇ ਨਾਲ ਉਤਰੇਗਾ ਭਾਰਤ
Tuesday, Mar 05, 2019 - 04:11 PM (IST)

ਬਰਮਿੰਘਮ : ਭਾਰਤ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਵੱਕਾਰੀ ਆਲ ਇੰਗਲੈਂਡ ਬੈਡਮਿੰਡਨ ਚੈਂਪੀਅਨਸ਼ਿਪ ਵਿਚ 18 ਸਾਲ ਦਾ ਖਿਤਾਬੀ ਸੋਕਾ ਖਤਮ ਕਰਨ ਦੇ ਇਰਾਦੇ ਨਾਲ ਉਤਰੇਗਾ। ਭਾਰਤ ਨੂੰ ਆਪਣੇ 3 ਸਟਾਰ ਖਿਡਾਰੀਆਂ ਪੀ. ਵੀ. ਸਿੰਧੂ, ਸਾਇਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਤੋਂ ਕਾਫੀ ਉਮੀਦਾਂ ਹਨ। ਭਾਰਤ ਨੇ ਇਸ ਵੱਕਾਰੀ ਚੈਂਪੀਅਨਸ਼ਿਪ ਵਿਚ ਹੁਣ ਤੱਕ ਸਿਰਫ 2 ਵਾਰ ਪੁਰਸ਼ ਸਿੰਗਲਜ਼ ਵਰਗ ਵਿਚ ਖਿਤਾਬ ਜਿੱਤੇ ਹਨ। ਭਾਰਤ ਦੇ ਬੈਡਮਿੰਟਨ ਲੀਜੈਂਟ ਪ੍ਰਕਾਸ਼ ਪਾਦੁਕੋਣ ਨੇ 1980 ਵਿਚ ਇਹ ਖਿਤਾਬ ਜਿੱਤਿਆ ਸੀ ਜਦਕਿ ਮੌਜੂਦਾ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ ਨੇ 2001 ਵਿਚ ਇਹ ਖਿਤਾਬ ਜਿੱਤਿਆ ਸੀ। ਇਸ ਨੂੰ ਛੱਡ ਕੇ ਭਾਰਤ ਨੂੰ ਪ੍ਰਤੀਯੋਗਿਤਾ ਵਿਚ ਹੋਰ ਕੋਈ ਕਮਯਾਬੀ ਨਹੀਂ ਮਿਲ ਸਕੀ।
ਟੂਰਨਾਮੈਂਟ ਵਿਚ ਪਿਛਲੇ ਸਾਲ ਪੁਰਸ਼ ਵਰਗ ਵਿਚ ਬੀ. ਐੱਸ. ਪ੍ਰਣੀਤ ਪਹਿਲੇ ਰਾਊਂਡ ਵਿਚ ਅਤੇ ਤੀਜਾ ਦਰਜਾ ਪ੍ਰਾਪਤ ਸ਼੍ਰੀਕਾਂਤ ਦੂਜੇ ਰਾਊਂਡ ਵਿਚ ਬਾਹਰ ਹੋ ਗਏ ਸੀ ਜਦਕਿ ਐੱਚ. ਐੱਸ. ਪ੍ਰਣਯ ਕੁਆਰਟਰ ਫਾਈਨਲ ਵਿਚ ਪਹੁੰਚ ਕੇ ਹਾਰ ਗਏ ਸਨ। ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਸੈਮੀਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ ਜਿੱਥੇ ਉਸ ਨੂੰ ਜਾਪਾਨ ਦੀ ਅਕਾਨੇ ਯਾਮਾਗੁੱਚੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਇਨਾ ਦਾ ਪਹਿਲੇ ਹੀ ਰਾਊਂਡ ਵਿਚ ਟਾਪ ਸੀਡ ਤੇਈ ਜੂ ਯਿੰਗ ਨਾਲ ਸਾਹਮਣਾ ਹੋਇਆ ਅਤੇ ਭਾਰਤੀ ਖਿਡਾਰੀ ਲਗਾਤਾਰ ਸੈੱਟਾਂ ਵਿਚ ਹਾਰ ਕੇ ਬਾਹਰ ਹੋ ਗਏ।