ਭਾਰਤ ਨੂੰ ਅਜੇ ਵੀ ਬਹੁਤ ਕੁਝ ਸਾਬਤ ਕਰਨਾ ਹੈ : ਫੁੱਟਬਾਲ ਕੋਚ ਸਟਿਮਕ
Monday, Sep 06, 2021 - 06:31 PM (IST)
ਸਪੋਰਟਸ ਡੈਸਕ- ਭਾਰਤੀ ਫ਼ੁੱਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟਿਮਕ ਦਾ ਮੰਨਣਾ ਹੈ ਕਿ ਨੇਪਾਲ ਖ਼ਿਲਾਫ਼ ਦੋ ਕੌਮਾਂਤਰੀ ਮੈਚਾਂ 'ਚ ਅਜੇਤੂ ਰਹਿਣ ਦੇ ਬਾਅਦ ਵੀ ਭਾਰਤੀ ਟੀਮ ਨੂੰ ਅਜੇ ਬਹੁਤ ਕੁਝ ਸਾਬਤ ਕਰਨ ਦੇ ਇਲਾਵਾ ਕਈ ਪਹਿਲੂਆਂ 'ਤੇ ਸੁਧਾਰ ਕਰਨਾ ਹੋਵੇਗਾ। ਦੋਵਾਂ ਦੇਸ਼ਾਂ ਵਿਚਾਲੇ ਪਹਿਲੇ ਦੋਸਤਾਨਾ ਮੈਚ ਦੇ 1-1 ਨਾਲ ਡਰਾਅ ਹੋਣ ਤੇ ਐਤਵਾਰ ਨੂੰ ਦੂਜੇ ਮੈਚ 'ਚ ਫ਼ਾਰੂਖ਼ ਚੌਧਰੀ ਤੇ ਕਪਤਾਨ ਸੁਨੀਲ ਛੇਤਰੀ ਦੇ ਗੋਲ ਦੀ ਮਦਦ ਨਾਲ ਭਾਰਤ ਨੇ 2-1 ਨਾਲ ਜਿੱਤ ਦਰਜ ਕੀਤੀ।
ਸਟਿਮਕ ਨੇ ਮੈਚ ਦੇ ਬਾਅਦ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਸਾਨੂੰ ਖਿਡਾਰੀਆਂ ਨੂੰ ਉਨ੍ਹਾਂ ਦੇ ਰਵਈਏ ਤੇ ਮੈਚ ਜਿੱਤਣ ਦੇ ਜਜ਼ਬੇ ਲਈ ਵਧਾਈ ਦੇਣ ਦੀ ਲੋੜ ਹੈ। ਕੋਚ ਨੇ ਕਿਹਾ ਕਿ ਮੈਨੂੰ ਖ਼ਾਸ ਤੌਰ 'ਤੇ ਆਪਣੇ ਖਿਡਾਰੀਆਂ ਦੀ ਸ਼ਲਾਘਾ ਕਰਨੀ ਹੋਵੇਗੀ ਕਿਉਂਕਿ ਉਹ ਬਹੁਤ ਸੰਜਮ ਭਰਪੂਰ ਖਿਡਾਰੀ ਹਨ। ਪਹਿਲਾਂ ਉਹ ਗੋਲ ਕਰਨ ਦਾ ਇੰਤਜ਼ਾਰ ਕਦਰ ਰਹੇ ਸਨ ਤੇ ਜਿਵੇਂ ਹੀ ਨੇਪਾਲ ਦੀ ਡਿਫੈਂਸ ਲਾਈਨ 'ਚ ਖਿੰਡਾਅ ਆਇਆ ਤਾਂ ਤੁਹਾਨੂੰ ਅੱਗੇ ਪਤਾ ਹੈ ਕਿ ਚੀਜ਼ਾਂ ਆਸਾਨ ਹੋ ਗਈਆਂ। ਉਨ੍ਹਾਂ ਕਿਹਾ ਕਿ ਪਰ ਮੈਨੂੰ ਲਗਦਾ ਹੈ ਕਿ ਭਾਰਤ ਨੂੰ ਅਜੇ ਵੀ ਬਹੁਹ ਕੁਝ ਸਾਬਤ ਕਰਨਾ ਹੈ ਤੇ ਕਈ ਪਹਿਲੂਆਂ 'ਤੇ ਸੁਧਾਰ ਕਰਨਾ ਹੈ। ਸਟਿਮਕ ਦਾ ਮੰਨਣਾ ਹੈ ਕਿ ਦੂਜੇ ਮੈਚ 'ਚ ਦੋਵੇਂ ਟੀਮਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਦੂਜੇ ਮੈਚ 'ਚ ਦੋਵਾਂ ਟੀਮਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਸੀ ਜਿਸ ਦਾ ਸਾਰੇ ਪ੍ਰਸ਼ੰਸਕ ਆਨੰਦ ਮਾਣ ਸਕਦੇ ਸਨ।