ਭਾਰਤ-ਦੱਖਣੀ ਅਫਰੀਕਾ ''ਚ ਹੋਵੇਗੀ ਫੈਸਲਾਕੁੰਨ ''ਜੰਗ''

06/11/2017 12:37:23 AM

ਲੰਡਨ— ਭਾਰਤ ਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਆਪਣੀਆਂ ਪਿਛਲੀਆਂ ਹਾਰਾਂ ਤੋਂ ਉੱਭਰ ਕੇ ਨਵੇਂ ਹੌਸਲੇ ਨਾਲ ਐਤਵਾਰ ਨੂੰ ਗਰੁੱਪ-ਬੀ ਦੇ ਆਪਣੇ ਆਖਰੀ ਮੁਕਾਬਲੇ 'ਚ ਆਈ.ਸੀ.ਸੀ. ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ ਦੀ ਟਿਕਟ ਕਟਾਉਣ ਲਈ ਪੂਰੀ ਜ਼ੋਰ-ਅਜ਼ਮਾਇਸ਼ ਕਰਨਗੀਆਂ।
ਭਾਰਤ ਤੇ ਦੱਖਣੀ ਅਫਰੀਕਾ ਦੋਵਾਂ ਨੂੰ ਹੀ ਗਰੁੱਪ-ਬੀ 'ਚੋਂ ਸੈਮੀਫਾਈਨਲ 'ਚ ਪਹੁੰਚਣ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਹੁਣ ਇਨ੍ਹਾਂ 'ਚੋਂ ਇਕ ਹੀ ਟੀਮ ਸੈਮੀਫਾਈਨਲ 'ਚ ਪਹੁੰਚ ਸਕੇਗੀ। ਇਸ ਲਈ ਇਹ ਮੈਚ ਦੋਵਾਂ ਟੀਮਾਂ ਵਿਚਾਲੇ ਫੈਸਲਾਕੁੰਨ 'ਜੰਗ' ਦੀ ਤਰ੍ਹਾਂ ਹੋਵੇਗਾ। ਵਿਸ਼ਵ ਦੀ ਨੰਬਰ ਇਕ ਟੀਮ ਦੱਖਣੀ ਅਫਰੀਕਾ ਨੂੰ 5ਵੀਂ ਰੈਂਕਿੰਗ ਦੀ ਟੀਮ ਪਾਕਿਸਤਾਨ ਨੇ ਹੈਰਾਨ ਕੀਤਾ ਅਤੇ ਫਿਰ ਉਸ ਦੇ ਅਗਲੇ ਦਿਨ 7ਵੀਂ ਰੈਂਕਿੰਗ ਦੀ ਟੀਮ ਸ਼੍ਰੀਲੰਕਾ ਨੇ ਨੰਬਰ 2 ਟੀਮ ਭਾਰਤ ਨੂੰ ਹਿਲਾ ਦਿੱਤਾ।
ਭਾਰਤ ਤੇ ਦੱਖਣੀ ਅਫਰੀਕਾ ਦੀ ਹਾਰ ਨੇ ਇਸ ਗਰੁੱਪ ਦੇ ਸਮੀਕਰਨ ਦਿਲਚਸਪ ਬਣਾ ਦਿੱਤੇ ਹਨ। ਹੁਣ ਚਾਰੋਂ ਟੀਮਾਂ ਦੇ 2-2 ਅੰਕ ਹਨ ਅਤੇ ਸੈਮੀਫਾਈਨਲ 'ਚ ਪਹੁੰਚਣ ਦਾ ਫੈਸਲਾ ਭਾਰਤ ਤੇ ਦੱਖਣੀ ਅਫਰੀਕਾ ਤੇ ਪਾਕਿਸਤਾਨ ਤੇ ਸ਼੍ਰੀਲੰਕਾ ਵਿਚਕਾਰ ਫੈਸਲਾਕੁੰਨ ਜੰਗਾਂ ਨਾਲ ਹੋਵੇਗਾ। ਭਾਰਤ ਨੇ ਆਪਣੇ ਪਹਿਲੇ ਮੁਕਾਬਲੇ 'ਚ ਪਾਕਿਸਤਾਨ ਨੂੰ 124 ਦੌੜਾਂ ਨਾਲ ਹਰਾਇਆ ਸੀ, ਜਦਕਿ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ ਇਕਤਰਫਾ ਅੰਦਾਜ਼ ਨਾਲ ਕੁੱਟਿਆ ਸੀ।
ਦੋਵਾਂ ਟੀਮਾਂ ਨੂੰ ਵੱਖਰੇ ਮੁਕਾਬਲਿਆਂ 'ਚ ਹਾਰ ਝੱਲਣੀ ਪੈ ਗਈ। ਭਾਰਤ ਨੇ ਸ਼੍ਰੀਲੰਕਾ ਖਿਲਾਫ 321 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਦੇ ਬਾਵਜੂਦ ਗੇਂਦਬਾਜ਼ਾਂ ਦੇ ਲੱਚਰ ਪ੍ਰਦਰਸ਼ਨ ਨਾਲ ਇਸ ਨੂੰ ਗੁਆ ਦਿੱਤਾ। ਭਾਰਤ ਦੀ ਫੀਲਡਿੰਗ ਸਭ ਤੋਂ ਬਿਹਤਰ ਮੰਨੀ ਜਾ ਰਹੀ ਸੀ ਪਰ ਦੋਵਾਂ ਹੀ ਮੈਚਾਂ 'ਚ ਖਿਡਾਰੀਆਂ ਨੇ ਕੁਝ ਨਜ਼ਦੀਕੀ ਮੌਕੇ ਗੁਆਏ, ਜਿਸ ਦਾ ਖਮਿਆਜ਼ਾ ਉਸ ਨੂੰ ਸ਼੍ਰੀਲੰਕਾ ਤੋਂ ਹਾਰ ਦੇ ਰੂਪ 'ਚ ਭੁਗਤਣਾ ਪਿਆ।


Related News