ਭਾਰਤ ਦੇ ਵਿਦਿਤ ਤੇ ਵੈਸ਼ਾਲੀ ਨੇ ਰਚਿਆ ਇਤਿਹਾਸ, ਬਣੇ ਸ਼ਤਰੰਜ 'ਚ ਫਿਡੇ ਗ੍ਰੈਂਡ ਸਵਿਸ ਚੈਂਪੀਅਨ
Tuesday, Nov 07, 2023 - 04:55 PM (IST)
ਡਗਲਸ ਆਇਲ ਆਫ ਮੈਨ, (ਨਿਕਲੇਸ਼ ਜੈਨ)–ਫਿਡੇ ਗ੍ਰੈਂਡ ਸਵਿਸ ਦੇ ਆਖਰੀ ਤੇ ਫਾਈਨਲ 11ਵੇਂ ਰਾਊਂਡ ਵਿਚ ਸਭ ਕੁਝ ਉਸੇ ਤਰ੍ਹਾਂ ਹੋਇਆ ਜਿਵੇਂ ਭਾਰਤ ਚਾਹੁੰਦਾ ਸੀ। ਪੁਰਸ਼ ਵਰਗ ਵਿਚ ਵਿਦਿਤ ਗੁਜਰਾਤੀ ਤੇ ਮਹਿਲਾ ਵਰਗ ਵਿਚ ਆਰ. ਵੈਸ਼ਾਲੀ ਨੇ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਇਸ ਜਿੱਤ ਨਾਲ ਇਨ੍ਹਾਂ ਦੋਵੇਂ ਸ਼ਤਰੰਜ ਖਿਡਾਰੀਆਂ ਨੇ ਫਿਡੇ ਕੈਂਡੀਡੇਟਸ ਵਿਚ ਜਗ੍ਹਾ ਬਣਾ ਲਈ। ਅਜਿਹਾ ਕਰਨ ਵਾਲਾ ਵਿਦਿਤ ਆਨੰਦ ਤੇ ਆਰ. ਪ੍ਰਗਿਆਨੰਦਾ ਤੋਂ ਬਾਅਦ ਤੀਜਾ ਖਿਡਾਰੀ ਬਣ ਗਿਆ ਜਦਕਿ ਵੈਸ਼ਾਲੀ ਕੋਨੇਰੂ ਹੰਪੀ ਤੋਂ ਬਾਅਦ ਦੂਜੀ ਭਾਰਤੀ ਖਿਡਾਰਨ ਬਣ ਗਈ। ਅਗਲੇ ਸਾਲ ਅਪ੍ਰੈਲ ਵਿਚ ਕੈਨੇਡਾ ਵਿਚ ਹੋਣ ਵਾਲੇ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਤੋਂ ਇਲਾਵਾ ਵੈਸ਼ਾਲੀ ਨੂੰ 25,000 ਅਮਰੀਕੀ ਡਾਲਰ (20 ਲੱਖ ਰੁਪਏ ਤੋਂ ਵੱਧ) ਜਦਕਿ ਵਿਦਿਤ ਨੂੰ 80,000 ਅਮਰੀਕੀ ਡਾਲਰ (66 ਲੱਖ ਰੁਪਏ ਤੋਂ ਵੱਧ) ਦਾ ਇਨਾਮ ਮਿਲਿਆ।
ਪੁਰਸ਼ ਵਰਗ ਵਿਚ ਆਖਰੀ ਦਿਨ ਜਦੋਂ ਮੈਚ ਸ਼ੁਰੂ ਹੋਇਆ ਤਾਂ ਵਿਦਿਤ 7.5 ਅੰਕਾਂ ਨਾਲ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਤੇ ਰੂਸ ਦੇ ਆਂਦ੍ਰੇ ਐਸੀਪੇਂਕੋ ਦੇ ਨਾਲ ਸਾਂਝੀ ਬੜ੍ਹਤ ’ਤੇ ਸੀ। ਵਿਦਿਤ ਨੇ ਇਕ ਸ਼ਾਨਦਾਰ ਐਂਡਗੇਮ ਖੇਡਦੇ ਹੋਏ ਸਰਬੀਆ ਦੇ ਅਲੈਗਜ਼ੈਂਡਰ ਨੂੰ ਹਰਾ ਕੇ 8.5 ਅੰਕ ਬਣਾਏ। ਪਹਿਲੇ ਬੋਰਡ ’ਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਤੇ ਭਾਰਤ ਦੇ ਅਰਜੁਨ ਐਰੀਗਾਸੀ ਨੇ ਬਾਜ਼ੀ ਡਰਾਅ ਖੇਡੀ ਜਦਕਿ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਐਸੀਪੇਂਕੋ ਨੂੰ ਹਰਾ ਦਿੱਤਾ। ਅਜਿਹੇ ਵਿਚ ਵਿਦਿਤ ਸਭ ਤੋਂ ਅੱਗੇ ਨਿਕਲ ਗਿਆ। 8 ਅੰਕ ਬਣਾ ਕੇ ਨਾਕਾਮੁਰਾ ਦੂਜੇ ਅਤੇ ਐਸੀਪੇਂਕੋ 7.5 ਅੰਕਾਂ ਨਾਲ ਟਾਈਬ੍ਰੇਕ ਦੇ ਆਧਾਰ ’ਤੇ ਤੀਜੇ ਸਥਾਨ ’ਤੇ ਰਿਹਾ।
ਇਹ ਵੀ ਪੜ੍ਹੋ : ਪੰਜਾਬ ਨੇ ਪਹਿਲੀ ਵਾਰ ਜਿੱਤੀ ਸਈਅਦ ਮੁਸ਼ਤਾਕ ਅਲੀ ਟਰਾਫੀ, ਅਨਮੋਲ ਤੇ ਅਰਸ਼ਦੀਪ ਰਹੇ ਜਿੱਤ ਦੇ ਹੀਰੋ
ਮਹਿਲਾ ਵਰਗ ’ਚ ਆਰ. ਵੈਸ਼ਾਲੀ ਨੇ ਆਖਰੀ ਰਾਊਂਡ ’ਚ ਮੰਗੋਲੀਆ ਦੀ ਮੁੰਗੁੰਟੂਲ ਬਤਖਿਯਗ ਨਾਲ ਕਾਲੇ ਮੋਹਰਿਆਂ ਨਾਲ ਡਰਾਅ ਖੇਡਦੇ ਹੋਏ 8.5 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ। ਯੂਕ੍ਰੇਨ ਦੀ ਏਨਾ ਮਿਜੂਯਚੂਕ 8 ਅੰਕ ਬਣਾ ਕੇ ਤੇ ਚੀਨ ਦੀ ਤਾਨ ਜਹੋਗਾਈ 7.5 ਅੰਕ ਬਣਾ ਕੇ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ