ਭਾਰਤ ਦੀਆਂ ਨਜ਼ਰਾਂ ਡੇਵਿਸ ਕੱਪ ਵਿਸ਼ਵ ਗਰੁੱਪ ''ਤੇ

09/14/2017 1:24:53 AM

ਐਡਮਿੰਟਨ— ਭਾਰਤ ਦੀਆਂ ਨਜ਼ਰਾਂ ਕੈਨੇਡਾ ਵਿਰੁੱਧ 15 ਤੋਂ 17 ਸਤੰਬਰ ਤਕ ਇਥੇ ਹੋਣ ਵਾਲੇ ਡੇਵਿਸ ਕੱਪ ਵਿਸ਼ਵ ਗਰੁੱਪ ਪਲੇਅ ਆਫ ਮੁਕਾਬਲੇ 'ਚ ਜਿੱਤ ਹਾਸਲ ਕਰ ਕੇ 16 ਟੀਮਾਂ ਦੇ ਏਲੀਟ ਵਿਸ਼ਵ ਗਰੁੱਪ ਵਿਚ ਜਗ੍ਹਾ ਬਣਾਉਣ 'ਤੇ ਲੱਗੀਆਂ ਹੋਈਆਂ ਹਨ। ਭਾਰਤ ਤੇ ਕੈਨੇਡਾ ਵਿਚਾਲੇ ਮੁਕਾਬਲੇ ਦੀ ਜੇਤੂ ਟੀਮ ਨੂੰ 2018 ਦੇ 16 ਟੀਮਾਂ ਦੇ ਏਲੀਟ ਵਿਸ਼ਵ ਗਰੁੱਪ 'ਚ ਜਗ੍ਹਾ ਮਿਲੇਗੀ। ਭਾਰਤ ਤੇ ਕੈਨੇਡਾ ਵਿਚਾਲੇ ਇਹ ਮੁਕਾਬਲਾ ਐਡਮਿੰਟਨ ਦੇ ਨਾਰਥਲੈਂਡਸ ਕੋਲੋਸਿਅਮ 'ਚ ਇਨਡੋਰ ਕੋਰਟ 'ਤੇ ਖੇਡਿਆ ਜਾਵੇਗਾ। ਭਾਰਤ ਨੇ ਇਸ ਮਹੱਤਵਪੂਰਨ ਮੁਕਾਬਲੇ ਲਈ ਫਿੱਟ ਤੇ ਮਜ਼ਬੂਤ ਟੀਮ ਉਤਾਰੀ ਹੈ, ਜਿਸ ਦੇ ਗੈਰ-ਖਿਡਾਰੀ ਕਪਤਾਨ ਤੇ ਸਾਬਕਾ ਧਾਕੜ ਡਬਲਜ਼ ਖਿਡਾਰੀ ਮਹੇਸ਼ ਭੂਪਤੀ ਲਈ ਇਹ ਮੁਕਾਬਲਾ ਸਭ ਤੋਂ ਵੱਡਾ ਇਮਤਿਹਾਨ ਹੋਵੇਗਾ।
ਸਿੰਗਲਜ਼ 'ਚ ਰਹੇਗਾ ਯੂਕੀ ਤੇ ਰਾਮਨਾਥਨ 'ਤੇ ਦਾਰੋਮਦਾਰ
ਮੌਜੂਦਾ ਸਮੇਂ ਵਿਚ ਦੇਸ਼ ਦਾ ਤਜਰਬੇਕਾਰ ਸਿੰਗਲਜ਼ ਖਿਡਾਰੀ ਯੂਕੀ ਭਾਂਬਰੀ ਉਜ਼ਬੇਕਿਸਤਾਨ ਵਿਰੁੱਧ ਅਪ੍ਰੈਲ ਵਿਚ ਭਾਰਤ ਦੀ 4-1 ਦੀ ਜਿੱਤ ਵਿਚ ਫਿੱਟ ਨਾ ਹੋਣ ਕਾਰਨ ਨਹੀਂ ਖੇਡਿਆ ਸੀ ਪਰ ਹਾਲ ਹੀ ਵਿਚ ਜ਼ਬਰਦਸਤ ਪ੍ਰਦਰਸ਼ਨ ਕਰ ਰਿਹਾ ਯੂਕੀ ਹੁਣ ਇਸ ਮੁਕਾਬਲੇ ਵਿਚ ਭਾਰਤੀ ਚੁਣੌਤੀ ਦਾ ਦਾਰੋਮਦਾਰ ਸੰਭਾਲੇਗਾ। ਯੂਕੀ ਦੇ ਨਾਲ ਸਿੰਗਲਜ਼ ਮੁਕਾਬਲਿਆਂ 'ਚ ਰਾਮਕੁਮਾਰ ਰਾਮਨਾਥਨ 'ਤੇ ਦਾਰੋਮਦਾਰ ਰਹੇਗਾ। ਯੂਕੀ ਨੇ ਆਪਣਾ ਆਖਰੀ ਡੇਵਿਸ ਕੱਪ ਮੁਕਾਬਲਾ ਫਰਵਰੀ 'ਚ ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ, ਜਿਸ ਨੂੰ ਭਾਰਤ ਨੇ 4-1 ਨਾਲ ਜਿੱਤਿਆ ਸੀ। ਯੂਕੀ ਫਿੱਟਨੈੱਸ ਸਮੱਸਿਆ ਕਾਰਨ ਉਜ਼ਬੇਕਿਸਤਾਨ ਵਿਰੁੱਧ ਨਹੀਂ ਖੇਡ ਸਕਿਆ ਸੀ ਪਰ ਉਹ ਕੈਨੇਡਾ ਵਿਰੁੱਧ ਪਲੇਅ ਆਫ 'ਚ ਭਾਰਤੀ ਟੀਮ ਦਾ ਹਿੱਸਾ ਬਣ ਗਿਆ ਹੈ। ਕੁਆਲੀਫਾਇਰ ਤੋਂ ਮੁੱਖ ਡਰਾਅ ਵਿਚ ਪਹੁੰਚੇ ਯੂਕੀ ਨੇ ਸਿਟੀ ਓਪਨ ਟੈਨਿਸ ਟੂਰਨਾਮੈਂਟ ਵਿਚ ਫਰਾਂਸ ਦੇ ਗਾਏਲ ਮੋਂਫਿਲਸ  ਤੇ ਅਰਜਨਟੀਨਾ ਦੇ ਗੁਇਡੋ ਪੇਲਾ ਵਰਗੇ ਧਾਕੜ ਖਿਡਾਰੀਆਂ ਨੂੰ ਹਰਾਇਆ ਸੀ।
ਰਾਮਕੁਮਾਰ ਰਾਮਨਾਥਨ ਨੇ ਹਾਲ ਹੀ ਵਿਚ ਵਿਸ਼ਵ ਦੇ ਅੱਠਵੇਂ ਨੰਬਰ ਦੇ ਖਿਡਾਰੀ ਆਸਟਰੀਆ ਦੇ ਡੋਮਿਨਿਕ ਥਿਏਮ ਨੂੰ ਹਰਾ ਕੇ ਤਹਿਲਕਾ ਮਚਾਇਆ ਸੀ। ਸਟਾਰ ਖਿਡਾਰੀ ਯੂਕੀ ਹਾਲ ਹੀ ਵਿਚ ਸਿਟੀ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਤਕ ਪਹੁੰਚਿਆ ਸੀ, ਜਿਥੇ ਉਸ ਨੂੰ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਹੱਥੋਂ ਹਾਰ ਝੱਲਣੀ ਪਈ ਸੀ।


Related News