ਪਹਿਲਾ ਟੈਸਟ ਡਰਾਅ ਹੋਣ 'ਤੇ WTC ਅੰਕ ਸੂਚੀ 'ਚ ਇਸ ਸਥਾਨ 'ਤੇ ਪਹੁੰਚਿਆ ਭਾਰਤ
Tuesday, Nov 30, 2021 - 09:29 PM (IST)
ਦੁਬਈ- ਨਿਊਜ਼ੀਲੈਂਡ ਦੇ ਵਿਰੁੱਧ ਕਾਨਪੁਰ ਵਿਚ ਪਹਿਲਾ ਟੈਸਟ ਮੈਚ ਡਰਾਅ ਹੋਣ ਤੋਂ ਬਾਅਦ ਭਾਰਤ ਆਈ. ਸੀ. ਸੀ. ਵਿਸ਼ਵ ਕੱਪ ਟੈਸਟ ਚੈਂਪੀਅਨਸ਼ਿਪ 2021-2023 ਚੱਕਰ ਦੀ ਅੰਕ ਸੂਚੀ ਵਿਚ ਤੀਜੇ ਨੰਬਰ 'ਤੇ ਖਿਸਕ ਗਿਆ ਹੈ। ਆਈ. ਸੀ. ਸੀ. ਵਲੋਂ ਮੰਗਲਵਾਰ ਨੂੰ ਜਾਰੀ ਅੰਕ ਸੂਚੀ ਵਿਚ ਭਾਰਤ ਨੂੰ ਨੁਕਸਾਨ, ਜਦਕਿ ਪਾਕਿਸਤਾਨ ਨੂੰ ਫਾਇਦਾ ਹੋਇਆ ਹੈ। ਇਕ ਪਾਸੇ ਭਾਰਤ ਜਿੱਥੇ ਨਿਊਜ਼ੀਲੈਂਡ ਦੇ ਵਿਰੁੱਧ ਪਹਿਲਾ ਮੈਚ ਡਰਾਅ ਹੋਣ ਨਾਲ ਅੰਕ ਨਹੀਂ ਹਾਸਲ ਕਰ ਸਕਿਆ, ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਮੇਜ਼ਬਾਨ ਬੰਗਲਾਦੇਸ਼ ਨੂੰ ਉਸਦੇ ਘਰ ਪਹਿਲੇ ਟੈਸਟ ਮੈਚ ਵਿਚ ਹਰਾ ਕੇ 12 ਅੰਕ ਹਾਸਲ ਕਰਕੇ 24 ਅੰਕਾਂ ਤੇ 66.66 ਦੀ ਜਿੱਤ ਫੀਸਦੀ ਦੇ ਨਾਲ ਹੁਣ ਭਾਰਤ ਤੋਂ ਅੱਗੇ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ।
ਇਹ ਖ਼ਬਰ ਪੜ੍ਹੋ- ਭਾਰਤ ਤੇ ਨਿਊਜ਼ੀਲੈਂਡ ਦੀ ਟੀਮ ਦੂਜੇ ਟੈਸਟ ਲਈ ਮੁੰਬਈ ਪਹੁੰਚੀ
ਇਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ
ਭਾਰਤ 30 ਅੰਕਾਂ ਤੇ 50 ਦੀ ਜਿੱਤ ਫੀਸਦੀ ਦੇ ਨਾਲ ਤੀਜੇ ਨੰਬਰ 'ਤੇ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਮੌਜੂਦਾ ਡਬਲਯੂ. ਟੀ. ਸੀ. ਚੱਕਰ ਵਿਚ ਆਪਣੀ ਦੂਜੀ ਸੀਰੀਜ਼ ਖੇਡ ਰਹੇ ਹਨ। ਭਾਰਤ ਨੇ ਇਸ ਤੋਂ ਪਹਿਲਾਂ ਅਗਸਤ-ਸਤੰਬਰ ਵਿਚ ਇੰਗਲੈਂਡ ਦੇ ਵਿਰੁੱਧ ਇੰਗਲੈਂਡ 'ਚ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਸੀ, ਜਿਸ 'ਚ ਉਸ ਨੇ 2 ਮੈਚ ਜਿੱਤੇ ਸਨ, ਜਦਕਿ ਇਕ ਮੈਚ ਡਰਾਅ ਤੇ ਇਕ ਇੰਗਲੈਂਡ ਨੇ ਜਿੱਤਿਆ ਸੀ। ਇਕ ਮੈਚ ਕੋਰੋਨਾ ਦੇ ਕਾਰਨ ਰੱਦ ਕਰ ਦਿੱਤਾ ਗਿਆ ਸੀ ਜੋ ਹੁਣ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਆਪਸੀ ਸਹਿਮਤੀ ਦੇ ਬਾਅਦ ਭਾਰਤ ਦੇ ਅਗਲੇ ਸਾਲ ਜੁਲਾਈ ਵਿਚ ਇੰਗਲੈਂਡ ਦੌਰੇ 'ਤੇ ਖੇਡਿਆ ਜਾਣਾ ਹੈ। ਇਸ ਮੈਚ ਤੋਂ ਬਾਅਦ ਹੀ ਦੋਵੇਂ ਟੀਮਾਂ ਵਿਚ ਪਿਛਲੀ ਟੈਸਟ ਸੀਰੀਜ਼ ਦਾ ਆਖਰੀ ਨਤੀਜਾ ਸਾਹਮਣੇ ਆਵੇਗਾ।
ਪਾਕਿਸਤਾਨ ਨੇ ਇਸ ਤੋਂ ਪਹਿਲਾਂ ਅਗਸਤ ਵਿਚ ਵੈਸਟਇੰਡੀਜ਼ ਦੇ ਵਿਰੁੱਧ 2 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਸੀ। ਜਿਸ ਵਿਚ ਉਸ ਨੇ ਇਕ ਮੈਚ ਜਿੱਤਿਆ ਤੇ ਇਕ ਹਾਰਿਆ ਸੀ। ਡਬਲਯੂ. ਟੀ. ਸੀ. ਅੰਕ ਸੂਚੀ ਵਿਚ ਇਸ ਸਮੇਂ ਸ਼੍ਰੀਲੰਤਾ ਇਕ ਮੈਚ ਜਿੱਤ ਕੇ 100 ਦੀ ਜਿੱਤ ਫੀਸਦੀ ਦੇ ਨਾਲ ਪਹਿਲੇ ਨੰਬਰ 'ਤੇ ਹੈ। ਜ਼ਿਕਰਯੋਗ ਹੈ ਕਿ ਡਬਲਯੂ. ਟੀ. ਸੀ. ਵਿਚ ਹਰ ਟੀਮ ਨੂੰ ਹਰੇਕ ਟੈਸਟ ਮੈਚ ਜਿੱਤਣ 'ਤੇ 12 ਅੰਕ ਮਿਲਦੇ ਹਨ, ਜਦਕਿ ਮੈਚ ਡਰਾਅ ਹੋਣ 'ਤੇ ਚਾਰ ਤੇ ਟਾਈ ਹੋਣ 'ਤੇ 6 ਅੰਕ ਮਿਲਦੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।