IND vs PAK ICC World Cup 2023: ਅਹਿਮਦਾਬਾਦ 'ਚ 15 ਅਕਤੂਬਰ ਲਈ ਹੋਟਲਾਂ ਦੇ ਕਿਰਾਏ ਅਸਮਾਨੀ ਚੜ੍ਹੇ
Wednesday, Jun 28, 2023 - 03:28 PM (IST)
ਅਹਿਮਦਾਬਾਦ (ਭਾਸ਼ਾ)- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਵੱਲੋਂ ਭਾਰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਉਥੇ ਹੀ 15 ਅਕਤੂਬਰ ਨੂੰ ਅਹਿਮਦਾਬਾਦ ਵਿਚ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਵਾਲੇ ਦਿਨ ਇੱਥੇ ਹੋਟਲਾਂ ਦੇ ਕਿਰਾਏ ਪਹਿਲਾਂ ਹੀ ਅਸਮਾਨ ਛੂਹਣ ਲੱਗੇ ਹਨ ਅਤੇ ਕੁੱਝ ਹੋਟਲਾਂ ਨੇ ਤਾਂ 10 ਗੁਣਾ ਵਾਧਾ ਕਰ ਦਿੱਤਾ। ਵੱਖ-ਵੱਖ ਹੋਟਲ ਬੁਕਿੰਗ ਵੈੱਬਸਾਈਟਾਂ 'ਤੇ ਜੋ ਕੀਮਤਾਂ ਦਿਖਾਈਆਂ ਜਾ ਰਹੀਆਂ ਹਨ, ਉਸ ਤੋਂ ਪਤਾ ਲੱਗਦਾ ਹੈ ਕਿ 15 ਅਕਤੂਬਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ-ਪਾਕਿਸਤਾਨ ਮੈਚ ਲਈ ਬੇਮਿਸਾਲ ਮੰਗ ਰਹਿਣ ਵਾਲੀ ਹੈ।
ਹੋਟਲਾਂ ਦੇ ਕਮਰਿਆਂ ਦੇ ਰੇਟ ਤਕਰੀਬਨ 10 ਗੁਣਾ ਵੱਧ ਗਏ ਹਨ ਅਤੇ ਕੁਝ ਹੋਟਲ ਉਸ ਦਿਨ ਲਈ ਇੱਕ ਲੱਖ ਰੁਪਏ ਮੰਗ ਰਹੇ ਹਨ। ਕਈ ਹੋਟਲਾਂ ਦੇ ਕਮਰੇ ਪਹਿਲਾਂ ਹੀ ਬੁੱਕ ਕੀਤੇ ਹੋਏ ਹਨ। ਆਮ ਤੌਰ 'ਤੇ ਲਗਜ਼ਰੀ ਹੋਟਲ ਦਾ ਇਕ ਦਿਨ ਦਾ ਕਿਰਾਇਆ 5 ਤੋਂ 8 ਹਜ਼ਾਰ ਹੁੰਦਾ ਹੈ, ਜੋ 15 ਅਕਤੂਬਰ ਲਈ ਵਧ ਕੇ 40 ਹਜ਼ਾਰ ਤੋਂ 1 ਲੱਖ ਰੁਪਏ ਤੱਕ ਹੋ ਗਿਆ ਹੈ। 'booking.com' ਮੁਤਾਬਕ 2 ਜੁਲਾਈ ਨੂੰ ਆਈ.ਟੀ.ਸੀ. ਵੈਲਕਮ ਹੋਟਲ ਦਾ ਕਿਰਾਇਆ 5699 ਰੁਪਏ ਪ੍ਰਤੀ ਦਿਨ ਹੈ ਪਰ 15 ਅਕਤੂਬਰ ਨੂੰ ਇਹ 71999 ਰੁਪਏ ਹੈ।
ਰੇਨੇਸੈਂਸ ਅਹਿਮਦਾਬਾਦ ਹੋਟਲ ਦਾ ਮੌਜੂਦਾ ਕਿਰਾਇਆ 8000 ਰੁਪਏ ਪ੍ਰਤੀ ਦਿਨ ਹੈ, ਜੋ ਕਿ 15 ਅਕਤੂਬਰ ਨੂੰ 90679 ਰੁਪਏ ਦਿਖਾਈ ਦੇ ਰਿਹਾ ਹੈ। ਇਸੇ ਤਰ੍ਹਾਂ ਐੱਸ.ਜੀ. ਹਾਈਵੇਅ ’ਤੇ ਸਥਿਤ ਪ੍ਰਾਈਡ ਪਲਾਜ਼ਾ ਹੋਟਲ ਦਾ ਉਸ ਦਿਨ ਦਾ ਕਿਰਾਇਆ 36,180 ਰੁਪਏ ਹੈ। ਸਾਬਰਮਤੀ ਰਿਵਰਫਰੰਟ 'ਤੇ ਕਾਮਾ ਹੋਟਲ ਦਾ ਕਿਰਾਇਆ ਆਉਣ ਵਾਲੇ ਐਤਵਾਰ ਲਈ 3000 ਰੁਪਏ ਹੈ ਪਰ 15 ਅਕਤੂਬਰ ਨੂੰ ਇਹ 27233 ਰੁਪਏ ਹੋਵੇਗਾ। ਆਈ.ਟੀ.ਸੀ. ਨਰਮਦਾ, ਕੋਰਟਯਾਰਡ ਬਾਏ ਮੈਰੀਅਟ, ਹਯਾਤ ਅਤੇ ਤਾਜ ਸਕਾਈਲਾਈਨ ਵਰਗੇ 5 ਤਾਰਾ ਹੋਟਲਾਂ ਵਿੱਚ ਉਸ ਦਿਨ ਲਈ ਕਮਰੇ ਵੀ ਉਪਲਬਧ ਨਹੀਂ ਹਨ। ਗੁਜਰਾਤ ਦੇ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਬੁਲਾਰੇ ਅਭਿਜੀਤ ਦੇਸ਼ਮੁਖ ਨੇ ਕਿਹਾ, “ਜੇਕਰ ਹੋਟਲ ਮਾਲਕਾਂ ਨੂੰ ਲੱਗਦਾ ਹੈ ਕਿ ਇੱਕ ਨਿਸ਼ਚਿਤ ਸਮੇਂ ਵਿੱਚ ਮੰਗ ਬਹੁਤ ਜ਼ਿਆਦਾ ਹੋਣ ਵਾਲੀ ਹੈ, ਤਾਂ ਉਹ ਕਮਾਈ ਕਰਨ ਬਾਰੇ ਸੋਚਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਬੁਕਿੰਗ ਫੁੱਲ ਰਹਿਣ ਵਾਲੀ ਹੈ। ਮੰਗ ਘੱਟ ਹੁੰਦੇ ਹੀ ਕੀਮਤਾਂ ਵੀ ਘੱਟ ਜਾਣਗੀਆਂ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।