ਬ੍ਰਿਟੇਨ ਹੱਥੋਂ ਹਾਰ ਦੇ ਬਾਵਜੂਦ ਭਾਰਤ ਫਾਈਨਲ ''ਚ

10/12/2018 7:46:12 PM

ਜੌਹਰ ਬਾਹਰੂ— ਭਾਰਤੀ ਜੂਨੀਅਰ ਹਾਕੀ ਟੀਮ ਬ੍ਰਿਟੇਨ ਦੇ ਹੱਥੋਂ ਸ਼ੁੱਕਰਵਾਰ ਨੂੰ ਸੰਘਰਸ਼ਪੂਰਨ ਮੁਕਾਬਲੇ ਵਿਚ 2-3 ਨਾਲ ਹਾਰ ਜਾਣ ਦੇ ਬਾਵਜੂਦ ਅੱਠਵੇਂ ਸੁਲਤਾਨ ਜੌਹਰ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚ ਗਈ। 
ਭਾਰਤ ਨੂੰ ਲਗਾਤਾਰ ਚਾਰ ਮੈਚ ਜਿੱਤਣ ਤੋਂ ਬਾਅਦ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ । ਭਾਰਤ ਦੇ 5 ਮੈਚਾਂ ਵਿਚੋਂ 12 ਅੰਕ ਰਹੇ ਤੇ ਉਸ਼ ਨੇ 6 ਟੀਮਾਂ ਦੇ ਟੂਰਨਾਮੈਂਟ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ। ਬ੍ਰਿਟੇਨ ਦੀ ਪੰਜ ਮੈਚਾਂ ਵਿਚ ਇਹ ਤੀਜੀ ਜਿੱਤ ਰਹੀ ਤੇ ਉਸ਼ ਨੇ 10 ਅੰਕਾਂ ਨਾਲ ਫਾਈਨਲ ਵਿਚ ਜਗ੍ਹਾ ਬਣਾਈ। ਭਾਰਤ ਤੇ ਬ੍ਰਿਟੇਨ ਦਾ 13 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਵਿਚ ਮੁਕਾਬਲਾ ਹੋਵੇਗਾ।
ਮਨਦੀਪ ਮੋਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਮੁਕਾਬਲੇ ਵਿਚ ਤੇਜ਼ ਸ਼ੁਰੂਆਤ ਕੀਤੀ ਤੇ ਪੰਜਵੇਂ ਹੀ ਮਿੰਟ ਵਿਚ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ। ਵਿਸ਼ਣੂਕਾਂਤ ਸਿੰਘ ਨੇ ਦੂਜੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਭਾਰਤ ਨੂੰ ਅੱਗੇ ਕੀਤਾ ਪਰ ਸਾਬਕਾ ਉਪ ਜੇਤੂ ਬ੍ਰਿਟੇਨ ਨੇ ਅਗਲੇ ਹੀ ਮਿੰਟ ਵਿਚ ਕੈਮਰੂਨ ਗੋਲਡਨ ਨੇ ਸ਼ਾਨਦਾਰ ਮੈਦਾਨੀ ਗੋਲ ਨਾਲ ਬਰਾਬਰੀ ਹਾਸਲ ਕਰ ਲਈ।
ਦੂਜੇ ਕੁਆਰਟਰ ਵਿਚ ਭਾਰਤ ਨੇ ਦਬਾਅ ਬਣਾਈ ਰੱਖਿਆ। ਇਕ ਪੈਨਲਟੀ ਕਾਰਨ ਖੁੰਝਣ ਤੋਂ ਬਾਅਦ ਸ਼ਿਵਾਨੰਦ ਲਾਕੜਾ ਨੇ 20ਵੇਂ ਮਿੰਟ ਵਿਚ ਹੀ ਦੂਜੇ ਪੈਨਲਟੀ ਕਾਰਨਰ 'ਤੇ ਸ਼ਾਨਦਾਰ ਡਿਫਲੈਕਸ਼ਨ ਨਾਲ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਤੀਜਾ ਕੁਆਰਟਰ ਪੂਰੀ ਤਰ੍ਹਾਂ ਬ੍ਰਿਟੇਨ ਦੇ ਨਾਂ ਰਿਹਾ ਤੇ ਉਸ ਨੇ ਭਾਰਤੀ ਰੱਖਿਆ ਲਾਈਨ ਨੂੰ ਲਗਾਤਾਰ ਦਬਾਅ ਵਿਚ ਰੱਖਿਆ।
ਭਾਰਤੀ ਡਿਫੈਂਡਰਾਂ ਨੇ ਗਲਤੀਆਂ ਕੀਤੀਆਂ ਤੇ ਬ੍ਰਿਟੇਨ ਨੂੰ ਲਗਾਤਾਰ ਪੈਨਲਟੀ ਕਾਰਨਰ ਹਾਸਲ ਹੋਏ। ਬ੍ਰਿਟੇਨ ਨੇ 39ਵੇਂ ਮਿੰਟ ਵਿਟ ਸਟੂਅਰਟ ਰਸ਼ਮੇਰੇ ਦੇ ਗੋਲ ਨਾਲ ਬਰਾਬਰੀ ਹਾਸਲ ਕਰ ਲਈ। ਮੈਚ ਦੇ 51ਵੇਂ ਮਿੰਟ ਵਿਚ ਕਪਾਤਨ ਐਡਵਰਡ ਵੇ ਨੇ ਪੈਨਲਟੀ ਕਾਨਰਰ 'ਤੇ ਗੋਲ ਕੀਤਾ ਤੇ ਟੀਮ ਨੂੰ 3-2 ਨਾਲ ਅੱਗੇ ਕਰ ਦਿੱਤਾ। ਬ੍ਰਿਟੇਨ ਨੇ ਇਸੇ ਸਕੋਰ 'ਤੇ ਮੈਚ ਆਪਣੇ ਨਾਂ ਕੀਤਾ।

 


Related News