ਟੀਮ ਇੰਡੀਆ ਨੇ T-20 WC 'ਚ ਪਾਕਿਸਤਾਨ ਨੂੰ ਹਮੇਸ਼ਾ ਦਿੱਤੀ ਹੈ ਮਾਤ, ਜਾਣੋ ਭਾਰਤ ਦੇ ਰੌਚਕ ਮੈਚ ਜੇਤੂ ਅੰਕੜੇ
Saturday, Oct 23, 2021 - 06:26 PM (IST)
ਨਵੀਂ ਦਿੱਲੀ- ਭਾਰਤ ਤੇ ਪਾਕਿਸਤਾਨ ਦਰਮਿਆਨ 24 ਅਕਤੂਬਰ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਟੀ-20 ਵਰਲਡ ਕੱਪ 2021 ਦਾ ਮੁਕਾਬਲਾ ਖੇਡਿਆ ਜਾਵੇਗਾ। ਇਸ ਮੈਚ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਬਹੁਤ ਹੀ ਜੋਸ਼ ਤੇ ਜਨੂੰਨ ਹੈ। ਭਾਰਤ ਤੇ ਪਾਕਿਸਤਾਨ ਦੋਵੇਂ ਹੀ ਟੀਮਾਂ ਇਸ ਮੈਚ ਦੇ ਜ਼ਰੀਏ ਟੀ-20 ਵਰਲਡ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੀਆਂ। ਭਾਰਤ ਨੇ ਇੰਗਲੈਂਡ ਤੇ ਆਸਟਰੇਲੀਆ ਦੋਵਾਂ ਨੂੰ ਇਕਪਾਸੜ ਅੰਦਾਜ਼ 'ਚ ਮਾਤ ਦਿੱਤੀ। ਜਦਕਿ ਪਾਕਿਸਤਾਨ ਨੇ ਜਿੱਥੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ ਤਾਂ ਉੱਥੇ ਹੀ ਦੱਖਣੀ ਅਫਰੀਕਾ ਦੇ ਹੱਥੋਂ 6 ਵਿਕਟਾਂ ਨਾਲ ਹਾਰ ਝੱਲਣੀ ਪਈ।
ਭਾਰਤੀ ਟੀਮ ਇਸ ਸਮੇਂ ਸ਼ਾਨਦਾਰ ਫਾਰਮ 'ਚ ਤੇ ਪਾਕਿਸਤਾਨ ਖ਼ਿਲਾਫ਼ ਉਸ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ। ਹਾਲਾਂਕਿ ਪਾਕਿਸਤਾਨ ਦਾ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਰਿਕਾਰਡ ਸ਼ਾਨਦਾਰ ਰਿਹਾ ਹੈ ਤੇ ਉਸ ਦੀ ਕੋਸ਼ਿਸ਼ ਪਹਿਲੀ ਵਾਰ ਟੀ-20 ਵਰਲਡ ਕੱਪ 'ਚ ਭਾਰਤ ਨੂੰ ਮਾਤ ਦੇਣ ਦੀ ਹੋਵੇਗੀ। ਅੰਕੜਿਆਂ 'ਤੇ ਗ਼ੌਰ ਕਰੀਏ ਤਾਂ ਭਾਰਤ ਦਾ ਪਲੜਾ ਭਾਰੀ ਹੈ। ਦੋਵੇਂ ਦੇਸ਼ਾਂ ਦਰਮਿਆਨ ਟੀ-20 ਵਰਲਡ ਕੱਪ 'ਚ ਅਜੇ ਤਕ ਕੁਲ 5 ਮੈਚ ਖੇਡੇ ਗਏ ਹਨ। ਭਾਰਤ ਨੇ ਸਾਰਿਆਂ 'ਚ ਜਿੱਤ ਦਰਜ ਕੀਤੀ ਹੈ। ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਦੀ ਕੋਸ਼ਿਸ਼ ਪਾਕਿਸਤਾਨ ਦੇ ਖ਼ਿਲਾਫ ਜਿੱਤ ਦਾ 'ਛੱਕਾ' ਲਾਉਣ ਦੀ ਹੋਵੇਗੀ।
ਅੱਜ ਅਸੀਂ ਤੁਹਾਨੂੰ ਦਸਣ ਜਾ ਰਹੇ ਹਾਂ ਕਿ ਭਾਰਤ ਤੇ ਪਾਕਿਸਤਾਨ ਜਦੋਂ-ਜਦੋਂ ਟੀ-20 ਵਰਲਡ ਕੱਪ 'ਚ ਭਿੜੇ ਤਾਂ ਮੁਕਾਬਲੇ ਦਾ ਨਤੀਜਾ ਕੀ ਰਿਹਾ.
1) ਗਰੁੱਪ ਮੈਚ, 2007 ਵਰਲਡ ਕੱਪ ਟੀ-20- ਬਾਲ ਆਊਟ 'ਚ ਜਿੱਤਿਆ ਭਾਰਤ
ਇਹ ਹਾਈਵੋਲਟੇਜ ਮੈਚ ਡਰਬਨ 'ਚ ਖੇਡਿਆ ਗਿਆ ਸੀ। ਪਾਕਿਸਤਾਨ ਦੀ ਟੀਮ ਭਾਰਤ ਤੋਂ ਮਿਲੇ 141 ਦੌੜਾਂ ਦੇ ਟੀਚੇ ਨੂੰ ਪਾਰ ਕਰਨ 'ਚ ਕਾਮਯਾਬ ਨਹੀਂ ਹੋਈ। ਜਦਕਿ ਉਸ ਦੇ ਹੱਥ 'ਚ ਤਿੰਨ ਵਿਕਟਾਂ ਸਨ। ਉਦੋਂ ਮੈਚ ਟਾਈ ਹੋਣ ਦੀ ਸਥਿਤੀ 'ਚ ਸੁਪਰ ਓਵਰ ਨਹੀਂ ਸਗੋਂ ਬਾਲ ਆਊਟ ਦਾ ਨਿਯਮ ਸੀ। ਭਾਰਤ ਦੇ ਤਿੰਨ ਖਿਡਾਰੀਆਂ ਨੇ ਸਟੰਪ 'ਤੇ ਗੇਂਦ ਮਾਰੀ ਜਦਕਿ ਪਾਕਿਸਤਾਨ ਦਾ ਇਕ ਵੀ ਗੇਂਦਬਾਜ਼ ਅਜਿਹਾ ਨਹੀਂ ਕਰ ਸਕਿਆ। ਐੱਮ. ਐੱਸ. ਧੋਨੀ ਦੀ ਯੁਵਾ ਟੀਮ ਨੇ ਪਾਕਿਸਤਾਨ ਨੂੰ ਰੋਮਾਂਚਕਾਰੀ ਮੁਕਾਬਲੇ 'ਚ ਪਹਿਲੀ ਵਾਰ ਇਸ ਤਰ੍ਹਾਂ ਹਰਾਉਂਦੇ ਹੋਏ 1-0 ਦੀ ਬੜ੍ਹਤ ਬਣਾਈ।
2) ਫਾਈਨਲ- 2007 ਵਰਲਡ ਟੀ-20- ਭਾਰਤ ਨੇ ਜਿੱਤਿਆ ਖ਼ਿਤਾਬ
ਭਾਰਤ ਤੇ ਪਾਕਿਸਤਾਨ ਦੋਵੇਂ ਫਾਈਨਲ 'ਚ ਫਿਰ ਆਹਮੋ-ਸਾਹਮਣੇ ਹੋਏ ਤੇ ਗਰੁੱਪ ਪੜਾਅ ਦੀ ਤਰ੍ਹਾਂ ਇਸ ਮੁਕਾਬਲੇ 'ਚ ਵੀ ਦਰਸ਼ਕਾਂ ਦੇ ਸਾਹ ਉੱਤੇ-ਥੱਲੇ ਹੋਏ। ਗੌਤਮ ਗੰਭੀਰ (75) ਤੇ ਰੋਹਿਤ ਸ਼ਰਮਾ (30) ਦੀਆਂ ਪਾਰੀਆਂ ਦੀ ਬਦੌਲਤ ਭਾਰਤ ਨੇ 157/5 ਦਾ ਸਕੋਰ ਖੜ੍ਹਾ ਕੀਤਾ। ਪਾਕਿਸਤਾਨ ਨੇ ਮਿਸਬਾਹ ਉਲ ਹੱਕ ਦੀ ਪਾਰੀ ਦੀ ਬਦੌਲਤ ਸ਼ਾਨਦਾਰ ਵਾਪਸੀ ਕੀਤੀ ਤੇ ਇਕ ਸਮੇਂ ਮੈਚ ਜਿੱਤਣ ਦੇ ਬੇਹੱਦ ਕਰੀਬ ਪਹੁੰਚ ਗਈ। ਆਖ਼ਰੀ ਓਵਰ 'ਚ ਜੋਗਿੰਦਰ ਸ਼ਰਮਾ ਦੀ ਗੇਂਦ 'ਤੇ ਮਿਸਬਾਹ ਉਲ ਹੱਕ ਨੇ ਸਕੂਪ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਤੇ ਐੱਸ. ਸ੍ਰੀਸੰਥ ਨੇ ਕੈਚ ਫੜ ਲਿਆ। ਮੈਦਾਨ 'ਤੇ ਮਾਹੌਲ ਦੇਖਣ ਯੋਗ ਸੀ। ਐੱਮ. ਐੱਸ. ਧੋਨੀ ਦੀ ਟੀਮ ਟੀ-20 ਵਰਲਡ ਕੱਪ ਦੀ ਪਹਿਲੀ ਚੈਂਪੀਅਨ ਬਣੀ ਸੀ। ਉਹ ਜਸ਼ਨ ਕੋਈ ਭੁਲ ਨਹੀਂ ਸਕਦਾ। ਭਾਰਤ ਨੇ ਇਸ ਤਰ੍ਹਾਂ ਦੂਜੀ ਵਾਰ ਪਾਕਿਸਤਾਨ ਨੂੰ ਸ਼ਿਕਸਤ ਦਿੱਤੀ।
3) ਸੁਪਰ 8, 2012 ਟੀ-20 ਵਰਲਡ ਕੱਪ- ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ
ਸ਼੍ਰੀਲੰਕਾ 'ਚ 2012 ਟੂਰਨਾਮੈਂਟ ਦਾ ਆਯੋਜਨ ਹੋਇਆ ਸੀ ਜਿੱਥੇ ਭਾਰਤ-ਪਾਕਿਸਤਾਨ ਦਾ ਮੁਕਾਬਲਾ ਸੁਪਰ-8 'ਚ ਹੋਇਆ ਸੀ। ਪਾਕਿਸਤਾਨ ਦੀ ਟੀਮ ਸਿਰਫ਼ 128 ਦੌੜਾਂ 'ਤੇ ਆਊਟ ਹੋ ਗਈ। ਭਾਰਤ ਵਲੋਂ ਲਕਸ਼ਮੀਪਤੀ ਬਾਲਾਜੀ ਨੇ ਤਿੰਨ ਵਿਕਟਾਂ ਝਟਕਾਈਆਂ। ਵਿਰਾਟ ਕੋਹਲੀ ਨੇ 61 ਗੇਂਦਾਂ 'ਚ ਅਜੇਤੂ 78 ਦੌੜਾਂ ਬਣਾ ਕੇ ਭਾਰਤ ਨੂੰ 8 ਵਿਕਟਾਂ ਨਾਲ ਵੱਡੀ ਜਿੱਤ ਦਿਵਾਈ ਸੀ।
4) ਸੁਪਰ 10- 2014 ਟੀ-20 ਵਰਲਡ ਕੱਪ- ਭਾਰਤ ਦੀ ਵੱਡੀ ਜਿੱਤ
ਇਸ ਵਾਰ ਦੋਵੇਂ ਦੇਸ਼ਾਂ ਵਿਚਾਲੇ ਮੁਕਾਬਲਾ ਢਾਕਾ 'ਚ ਹੋਇਆ। ਪਾਕਿਸਤਾਨ ਦੀ ਟੀਮ 20 ਓਵਰ 'ਚ 7 ਵਿਕਟਾਂ 'ਤੇ 130 ਦੌੜਾਂ ਹੀ ਬਣਾ ਸਕੀ। ਟੀਮ ਇੰਡੀਆ ਦੀ ਮਜ਼ਬੂਤ ਬੱਲੇਬਾਜ਼ੀ ਇਕਾਈ ਨੂੰ ਟੀਚੇ ਦਾ ਪਿੱਛਾ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੋਈ ਤੇ ਇਕਤਰਫਾ ਮੈਚ 'ਚ ਉਸ ਨੇ ਪਾਕਿਸਤਾਨ ਨੂੰ 9 ਗੇਂਦਾਂ ਬਾਕੀ ਰਹਿੰਦਿਆਂ ਹਰਾ ਦਿੱਤਾ। ਇਹ ਟੀ-20 ਵਰਲਡ ਕੱਪ 'ਚ ਭਾਰਤ ਦੀ ਪਾਕਿਸਤਾਨ 'ਤੇ ਜਿੱਤ ਦਾ ਚੌਕਾ ਸੀ।
5) ਸੁਪਰ 10 - 2016 ਟੀ-20 ਵਰਲਡ ਕੱਪ- ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ
ਕੋਲਕਾਤਾ ਦੇ ਈਡਨ ਗਾਰਡਨਸ 'ਚ ਬਲੌਕਬਸਟਰ ਮੁਕਾਬਲੇ ਦੀ ਉਮੀਦ ਸੀ। ਹਾਲਾਂਕਿ ਮੀਂਹ ਨੇ ਇਸ ਮੈਚ 'ਚ ਅੜਿੱਕਾ ਪਾਇਆ। ਮੁਕਾਬਲਾ ਘੱਟ ਕੇ ਪ੍ਰਤੀ ਪਾਰੀ 18 ਓਵਰ ਦਾ ਹੋ ਗਿਆ। ਪਾਕਿਸਤਾਨ ਦੀ ਟੀਮ 118 ਦੌੜਾਂ ਬਣਾ ਸਕੀ। ਫਿਰ ਵਿਰਾਟ ਕੋਹਲੀ ਨੇ 37 ਗੇਂਦਾਂ 'ਚ ਅਜੇਤੂ 55 ਦੌੜਾਂ ਦੀ ਯਾਦਗਾਰ ਪਾਰੀ ਖੇਡ ਕੇ ਪਾਕਿਸਤਾਨ ਨੂੰ ਇਕ ਹੋਰ ਦਰਦਨਾਕ ਹਾਰ ਦਿੱਤੀ। ਇਸ ਮੈਚ ਦੀ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਜਦੋਂ ਵਿਰਾਟ ਕੋਹਲੀ ਨੇ ਅਰਧ ਸੈਂਕੜਾ ਪੂਰਾ ਕੀਤਾ ਤਾਂ ਉਨ੍ਹਾਂ ਨੇ ਸਟੈਂਡਸ 'ਚ ਸਚਿਨ ਤੇਂਦੁਲਕਰ ਵਲ ਦੇਖਿਆ ਤੇ ਉਨ੍ਹਾਂ ਨੂੰ ਪ੍ਰਣਾਮ ਕੀਤਾ।