FIH ਪ੍ਰੋ ਲੀਗ ਆਸਟ੍ਰੇਲੀਆ ਵਿਰੁੱਧ ਭਾਰਤ ਦੀਆਂ ਨਜ਼ਰਾਂ ਬਦਲਾ ਲੈਣ ’ਤੇ
Saturday, Feb 24, 2024 - 10:39 AM (IST)
ਰਾਓਰਕੇਲਾ–ਪਿਛਲੇ ਮੈਚ ਦੀ ਅਸਫਲਤਾ ਨੂੰ ਭੁੱਲ ਕੇ ਭਾਰਤੀ ਪੁਰਸ਼ ਹਾਕੀ ਟੀਮ ਐੱਫ. ਆਈ. ਐੱਚ. ਪ੍ਰੋ ਲੀਗ ਦੇ ਅਗਲੇ ਮੈਚ ਵਿਚ ਸ਼ਨੀਵਾਰ ਨੂੰ ਆਸਟ੍ਰੇਲੀਆ ਦੀ ਅਜੇਤੂ ਮੁਹਿੰਮ ’ਤੇ ਨਕੇਲ ਕੱਸਣ ਦੀ ਕੋਸ਼ਿਸ਼ ਕਰੇਗੀ। ਭਾਰਤ ਨੇ ਪਿਛਲੇ ਮੈਚ ਵਿਚ ਦੁਨੀਆ ਦੀ ਨੰਬਰ ਇਕ ਟੀਮ ਨੀਦਰਲੈਂਡ ਵਿਰੁੱਧ ਚੰਗੀ ਹਾਕੀ ਖੇਡੀ ਪਰ ਸ਼ੂਟਆਊਟ ਵਿਚ 2-4 ਨਾਲ ਹਾਰ ਗਈ। ਭਾਰਤ ਇਸ ਸਮੇਂ 6 ਮੈਚਾਂ ਵਿਚੋਂ 11 ਅੰਕ ਲੈ ਕੇ ਚੌਥੇ ਸਥਾਨ ’ਤੇ ਹੈ ਜਦਕਿ ਆਸਟ੍ਰੇਲੀਆ ਸਾਰੇ 6 ਮੈਚ ਜਿੱਤ ਕੇ ਅਜੇਤੂ ਹੈ।
ਆਪਣੀ ਘਰੇਲੂ ਮੁਹਿੰਮ ਦਾ ਅੰਤ ਜਿੱਤ ਦੇ ਨਾਲ ਕਰਨ ਤੋਂ ਇਲਾਵਾ ਭਾਰਤ ਦੀਆਂ ਨਜ਼ਰਾਂ ਬਦਲਾ ਲੈਣ ’ਤੇ ਵੀ ਲੱਗੀਆਂ ਹੋਣਗੀਆਂ। ਇਸ ਮਹੀਨੇ ਦੀ ਸ਼ੁਰੂਆਤ ਵਿਚ ਭੁਵਨੇਸ਼ਵਰ ਵਿਚ ਭਾਰਤ ਨੂੰ ਆਸਟ੍ਰੇਲੀਆ ਨੇ 6-4 ਨਾਲ ਹਰਾਇਆ ਸੀ। ਆਸਟ੍ਰੇਲੀਆ ਨੂੰ ਹਰਾਉਣ ਲਈ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਪਿਛਲੇ ਮੈਚ ਵਿਚ ਭਾਰਤ ਦਾ ਪੈਨਲਟੀ ਕਾਰਨਰ ਖਰਾਬ ਰਿਹਾ ਤੇ ਹਰਮਨਪ੍ਰੀਤ, ਜੁਗਰਾਜ ਸਿੰਘ ਤੇ ਅਮਿਤ ਰੋਹਿਦਾਸ ਲਈ ਗੋਲ ਕਰਨਾ ਮੁਸ਼ਕਿਲ ਹੋ ਗਿਆ ਸੀ। ਆਸਟ੍ਰੇਲੀਆ ਵਿਰੁੱਧ ਉਸ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ।
ਭਾਰਤੀ ਡਿਫੈਂਡਰਾਂ ਨੇ ਡੱਚ ਟੀਮ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ ਤੇ ਮੈਨ ਟੂ ਮੈਨ ਮਾਰਕਿੰਗ ਦੇਖਣਯੋਗ ਸੀ। ਮਿਡਫੀਲ ਡ ਤੇ ਫਾਰਵਰਡ ਲਾਈਨ ਦਾ ਤਾਲਮੇਲ ਵੀ ਜ਼ਬਰਦਸਤ ਸੀ। ਆਸਟ੍ਰੇਲੀਆ ਦੇ ਫਾਰਵਰਡ ਖਿਡਾਰੀਆਂ ਨੂੰ ਰੋਕਣ ਲਈ ਵੀ ਭਾਰਤੀ ਡਿਫੈਂਡਰਾਂ ਨੂੰ ਮੁਸਤੈਦ ਰਹਿਣਾ ਹੋਵੇਗਾ। ਉੱਥੇ ਹੀ, ਫਾਰਵਰਡ ਲਾਈਨ ਨੂੰ ਸਰਕਲ ਦੇ ਅੰਦਰ ਮੌਕੇ ਬਣਾਉਣੇ ਪਵੇਗਾ ਤੇ ਉਨ੍ਹਾਂ ਨੂੰ ਗੋਲ ਵਿਚ ਬਦਲਣਾ ਪਵੇਗਾ। ਭਾਰਤੀ ਟੀਮ ਐਤਵਾਰ ਨੂੰ ਆਖਰੀ ਲੀਗ ਮੈਚ ਵਿਚ ਆਇਰਲੈਂਡ ਨਾਲ ਖੇਡੇਗੀ।