ਭਾਰਤੀ ਟੀਮ ਨੇ ਸਿਰਜਿਆ ਇਤਿਹਾਸ, ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਜੂਨੀਅਰ ਏਸ਼ੀਆ ਕੱਪ ਖ਼ਿਤਾਬ
Thursday, Jun 01, 2023 - 11:50 PM (IST)
ਓਮਾਨ (ਭਾਸ਼ਾ): ਭਾਰਤੀ ਜੂਨੀਅਰ ਹਾਕੀ ਟੀਮ ਨੇ ਵੀਰਵਾਰ ਨੂੰ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਚੋਥੀ ਵਾਰ ਜੂਨੀਅਰ ਏਸ਼ੀਆ ਕੱਪ ਖ਼ਿਤਾਬ ਜਿੱਤ ਲਿਆ। 8 ਸਾਲ ਬਾਅਦ ਹੋ ਰਹੇ ਇਸ ਟੂਰਨਾਮੈਂਟ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਭਾਰਤ ਤੇ ਪਾਕਿਸਤਾਨ ਦੇ ਪ੍ਰਸ਼ੰਸਕ ਪਹੁੰਚੇ ਸਨ। ਆਖਰੀ ਪਲਾਂ ਵਿਚ ਪਾਕਿਸਤਾਨ ਨੇ ਕਾਫ਼ੀ ਹਮਲਾਵਰ ਰੁਖ ਦਿਖਾਇਆ ਪਰ ਭਾਰਤੀ ਗੋਲਕੀਪਰ ਮੋਹਿਤ ਐੱਚ.ਐੱਸ. ਦੀ ਅਗਵਾਈ ਵਿਚ ਰੱਖਿਆ ਕਰਨ ਵਾਲੇ ਖਿਡਾਰੀਆਂ ਨੇ ਉਨ੍ਹਾਂ ਦੇ ਹਰ ਵਾਰ ਨੂੰ ਫੇਲ੍ਹ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - CM ਮਾਨ ਤੇ ਕੇਜਰੀਵਾਲ ਪਹੁੰਚੇ ਰਾਂਚੀ, ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਕਰਨਗੇ ਮੁਲਾਕਾਤ
ਭਾਰਤ ਲਈ ਅੰਗਦ ਬੀਰ ਸਿੰਘ ਨੇ 12ਵੇਂ ਮਿਨਟ ਵਿਚ, ਅਰਾਏਜੀਤ ਸਿੰਘ ਹੁੰਜਲ ਨੇ 19ਵੇਂ ਮਿਨਟ ਵਿਚ ਗੋਲ ਦਾਗੇ ਜਦਕਿ ਭਾਰਤ ਦੇ ਸਾਬਕਾ ਮੁੱਖ ਕੋਚ ਲੋਰੈਂਟ ਓਲਟਮੈਂਸ ਦੀ ਕੋਚਿੰਗ ਵਾਲੀ ਪਾਕਿਸਤਾਨੀ ਟੀਮ ਲਈ ਇਕਮਾਤਰ ਗੋਲ 37ਵੇਂ ਮਿਨਟ ਵਿਚ ਬਸ਼ਾਰਤ ਅਲੀ ਨੇ ਕੀਤਾ। ਭਾਰਤ ਨੇ 20024, 2005 ਤੇ 2015 ਤੋਂ ਬਾਅਦ ਇਹ ਖ਼ਿਤਾਬ ਚੌਥੀ ਵਾਰ ਜਿੱਤਿਆ ਜਦਕਿ ਪਾਕਿਸਤਾਨ 1987, 1992 ਤੇ 1996 ਵਿਚ ਚੈਂਪੀਅਨ ਰਹਿ ਚੁੱਕਿਆ ਹੈ। ਦੋਵੇਂ ਟੀਮਾਂ ਇਸ ਤੋਂ ਪਹਿਲਾਂ ਤਿੰਨ ਵਾਰ ਜੂਨੀਅਰ ਪੁਰਸ਼ ਹਾਕੀ ਏਸ਼ੀਆ ਕੱਪ ਦੇ ਫ਼ਾਈਨਲ ਵਿਚ ਭਿੜ ਚੁੱਕੀਆਂ ਹਨ। ਪਾਕਿਸਤਾਨ ਨੇ 1996 ਵਿਚ ਜਿੱਤ ਦਰਜ ਕੀਤੀ ਜਦਕਿ 2004 ਵਿਚ ਭਾਰਤ ਜੇਤੂ ਰਿਹਾ। ਭਾਰਤ ਨੇ ਪਹਿਲੀ ਵਾਰ ਮਲੇਸ਼ੀਆ ਵਿਚ ਖੇਡੇ ਗਏ ਟੂਰਨਾਮੈਂਟ ਵਿਚ ਪਾਕਿਸਤਾਨ ਨੂੰ 6-2 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। ਇਸ ਵਾਰ ਟੂਰਨਾਮੈਂਟ 8 ਸਾਲ ਬਾਅਦ ਹੋ ਰਿਹਾ ਹੈ। ਕੋਰੋਨਾ ਮਹਾਮਾਰੀ ਕਾਰਨ 2021 ਵਿਚ ਇਹ ਨਹੀਂ ਹੋਇਆ ਸੀ।
ਫ਼ਾਈਨਲ ਮੁਕਾਬਲੇ ਵਿਚ ਭਾਰਤ ਨੇ ਹਮਲਾਵਰ ਸ਼ੁਰੂਆਤ ਕਰ ਕੇ ਪਾਕਿਸਤਾਨੀ ਗੋਲ 'ਤੇ ਪਹਿਲੇ ਹੀ ਕੁਆਰਟਰ ਵਿਚ ਕਈ ਹਮਲੇ ਬੋਲੇ। ਭਾਰਤ ਨੂੰ 12ਵੇਂ ਮਿਨਟ ਵਿਚ ਪਹਿਲੀ ਕਾਮਯਾਬੀ ਅੰਗਦ ਬੀਰ ਨੇ ਦੁਆਈ। ਦੂਜੇ ਕੁਆਰਟਰ ਵਿਚ ਵੀ ਗੇਂਦ 'ਤੇ ਕਾਬੂ ਰੱਖਣ ਦੇ ਮਾਮਲੇ ਵਿਚ ਭਾਰਤ ਦਾ ਹੀ ਦਬਦਬਾ ਰਿਹਾ। ਭਾਰਤੀ ਫਾਰਵਰਡ ਲਾਈਨ ਦੀ ਸ਼ਾਨਦਾਰ ਮੂਵ ਨੰ ਅਰਾਏਜੀਤ ਨੇ ਫਿਨਿਸ਼ਿੰਗ ਦਿੰਦਿਆਂ 19ਵੇਂ ਮਿਨਟ ਵਿਚ ਦੂਜਾ ਫੀਲਡ ਗੋਲ ਦਾਗਿਆ। ਟੂਰਨਾਮੈਂਟ ਵਿਚ ਇਹ ਉਨ੍ਹਾਂ ਦਾ 8ਵਾਂ ਗੋਲ਼ ਸੀ।
ਇਹ ਖ਼ਬਰ ਵੀ ਪੜ੍ਹੋ - ਬ੍ਰਿਜਭੂਸ਼ਣ ਦੀ ਸ਼ਿਕਾਇਤ ਕਰਨ ਵਾਲੀ ਨਾਬਾਲਗਾ ਦੇ ਚਾਚੇ 'ਤੇ ਭੜਕੀ DCW ਮੁਖੀ, ਜਾਣੋ ਕੀ ਹੈ ਪੂਰਾ ਮਾਮਲਾ
ਹਾਫਟਾਈਮ ਤੋਂ ਪਹਿਲਾਂ ਪਾਕਿਸਤਾਨ ਦੇ ਸ਼ਾਹਿਦ ਅਬਦੁਲ ਨੇ ਸੁਨਹਿਰਾ ਮੌਕਾ ਬਣਾਇਆ ਪਰ ਗੋਲ ਦੇ ਸਾਹਮਣੇ ਉਸ ਦੇ ਸ਼ਾਟ ਨੂੰ ਭਾਰਤੀ ਗੋਲਕੀਪਰ ਮੋਹਿਤ ਐੱਚ.ਐੱਸ. ਨੇ ਪੂਰੀ ਮੁਸਤੈਦੀ ਨਾਲ ਬਚਾਇਆ। ਦੂਜੇ ਹਾਫ ਵਿਚ ਪਾਕਿਸਤਾਨੀ ਟੀਮ ਨੇ ਹਮਲਾਵਰ ਵਾਪਸੀ ਕੀਤੀ ਤੇ ਇਸ ਦਾ ਫ਼ਾਇਦਾ ਉਸ ਨੂੰ ਤੀਜੇ ਕੁਆਰਟਰ ਦੇ 7ਵੇਂ ਮਿਨਟ ਵਿਚ ਮਿਲਿਆ ਜਦੋਂ ਸ਼ਾਹਿਦ ਅਬਦੁਲ ਨੇ ਸਰਕਲ ਅਦਰੋਂ ਚਲਾਕੀ ਨਾਲ ਭਾਰਤੀ ਡਿਫੈਂਡਰਾਂ ਭੁਲੇਖਾ ਪਾਉਂਦਿਆਂ ਗੇਂਦ ਬਸ਼ਾਰਤ ਨੂੰ ਸੌਂਪ ਦਿੱਤੀ ਜਿਸ ਨੇ ਭਾਰਤੀ ਗੋਲਕੀਪਰ ਨੂੰ ਝਕਾਨੀ ਦੇ ਕੇ ਗੋਲ਼ ਕਰ ਦਿੱਤਾ। ਪਾਕਿਸਤਾਨ ਨੂੰ 50ਵੇਂ ਮਿਨਟ ਵਿਚ ਪੈਨਲਟੀ ਕਾਰਨਰ ਮਿਲਿਆ ਪਰ ਟੀਮ ਬਰਾਬਰੀ ਦਾ ਗੋਲ਼ ਨਹੀਂ ਕਰ ਸਕੀ। ਉੱਥੇ ਹੀ ਚਾਰ ਮਿਨਟ ਬਾਅਦ ਲਗਾਤਾਰ 2 ਪੈਨਲਟੀ ਕੋਰਨਰ ਮਿਲੇ ਪਰ ਸਫ਼ਲਤਾ ਨਹੀਂ ਮਿਲ ਸਕੀ।
ਟੂਰਨਾਮੈਂਟ 'ਚ ਅਜੇਤੂ ਰਹੇ ਭਾਰਤ-ਪਾਕਿਸਤਾਨ
ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਟੂਰਨਾਮੈਂਟ ਵਿਚ ਇਕ ਵੀ ਮੈਚ ਨਹੀਂ ਹਾਰੇ ਸਨ। ਦੋਵਾਂ ਦਾ ਸਾਹਮਣਾ ਲੀਗ ਸਟੇਜ 'ਤੇ ਵੀ ਹੋਇਆ ਸੀ ਪਰ ਉਹ ਮੈਚ 1-1 ਨਾਲ ਡਰਾਅ ਰਿਹਾ ਸੀ। ਭਾਰਤ ਬਿਹਤਰ ਗੋਲ਼ ਔਸਤ ਦੇ ਅਧਾਰ 'ਤੇ ਲੀਗ ਸਟੇਜ ਵਿਚ ਸਿਖਰ 'ਤੇ ਰਿਹਾ। ਮੌਜੂਦਾ ਚੈਂਪੀਅਨ ਭਾਰਤ ਨੇ ਪਹਿਲੇ ਮੈਚ ਵਿਚ ਚੀਨੀ ਤਾਈਪੈ ਨੂੰ 18-0 ਨਾਲ ਹਰਾਇਆ ਜਦਕਿ ਜਾਪਾਨ ਨੂੰ 3-1 ਤੇ ਥਾਈਲੈਂਡ ਨੂੰ 17-0 ਨਾਲ ਹਰਾਇਆ। ਸੈਮੀਫ਼ਾਈਨਲ ਵਿਚ ਭਾਰਤ ਨੇ ਕੋਰੀਆ ਨੂੰ 9-1 ਨਾਲ ਹਰਾਇਆ। ਉੱਥੇ ਹੀ ਪਾਕਿਸਤਾਨ ਨੇ ਲੀਗ ਸਟੇਜ ਵਿਚ ਚੀਨੀ ਤਾਈਪੈ ਨੂੰ 15-1, ਥਾਈਲੈਂਡ ਨੂੰ 9-0, ਜਪਾਨ ਨੂੰ 3-2 ਨਾਲ ਤੇ ਸੈਮੀਫ਼ਾਈਨਲ ਵਿਚ ਮਲੇਸ਼ੀਆ ਨੂੰ 6-2 ਨਾਲ ਹਰਾਇਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।