ਰੋਮਾਂਚਕ ਮੁਕਾਬਲੇ ''ਚ ਭਾਰਤ ਨੇ ਪਾਕਿਸਤਾਨ ਨੂੰ 7 ਦੌੜਾਂ ਨਾਲ ਹਰਾਇਆ, ਇਹ 3 ਖਿਡਾਰੀ ਚਮਕੇ
Sunday, Oct 20, 2024 - 04:37 PM (IST)
ਸਪੋਰਟਸ ਡੈਸਕ : ਅਲ ਅਮੀਰਾਤ ਕ੍ਰਿਕਟ ਮੈਦਾਨ 'ਤੇ ਏਸੀਸੀ ਪੁਰਸ਼ ਟੀ-20 ਐਮਰਜਿੰਗ ਟੀਮ ਏਸ਼ੀਆ ਕੱਪ 2024 ਤਹਿਤ ਖੇਡੇ ਗਏ ਇਕ ਮਹੱਤਵਪੂਰਨ ਮੈਚ 'ਚ ਭਾਰਤ-ਏ ਨੇ ਰੋਮਾਂਚਕ ਮੈਚ 'ਚ ਪਾਕਿਸਤਾਨ-ਏ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਖੇਡਦਿਆਂ ਭਾਰਤ ਨੇ ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਅਤੇ ਤਿਲਕ ਵਰਮਾ ਦੀ ਪਾਰੀ ਦੀ ਬਦੌਲਤ 183 ਦੌੜਾਂ ਬਣਾਈਆਂ ਸਨ। ਜਵਾਬ 'ਚ ਪਾਕਿਸਤਾਨ ਦੀ ਟੀਮ ਇਕ ਸਮੇਂ 78 ਦੌੜਾਂ 'ਤੇ 4 ਵਿਕਟਾਂ ਗੁਆ ਚੁੱਕੀ ਸੀ ਪਰ ਇਸ ਤੋਂ ਬਾਅਦ ਅਰਾਫਾਤ ਮਿਨਹਾਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਅਜਿਹੇ ਸਮੇਂ 'ਚ ਰਸਿਖ ਸਲਾਮ ਨੇ 2 ਵਿਕਟਾਂ ਲੈ ਕੇ ਮੈਚ ਦਾ ਰੁਖ ਭਾਰਤ ਵੱਲ ਮੋੜ ਦਿੱਤਾ। ਅੱਬਾਸ ਅਫਰੀਦੀ ਨੇ ਵੀ ਅੰਤ 'ਚ ਕਾਫੀ ਕੋਸ਼ਿਸ਼ ਕੀਤੀ ਪਰ ਭਾਰਤ ਜਿੱਤ ਗਿਆ।
ਇੰਡੀਆ-ਏ ਪਾਰੀ : 183-8 (20 ਓਵਰ)
ਅਭਿਸ਼ੇਕ ਸ਼ਰਮਾ ਅਤੇ ਪ੍ਰਭਸਿਮਰਨ ਸਿੰਘ ਨੇ ਭਾਰਤ-ਏ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ ਸਿਰਫ਼ 6 ਓਵਰਾਂ ਵਿਚ 68 ਦੌੜਾਂ ਬਣਾਈਆਂ। ਅਭਿਸ਼ੇਕ ਨੇ 22 ਗੇਂਦਾਂ 'ਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 35 ਦੌੜਾਂ ਬਣਾਈਆਂ ਜਦਕਿ ਪ੍ਰਭਸਿਮਰਨ ਨੇ 19 ਗੇਂਦਾਂ 'ਚ 3 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ। ਕੈਪਟਨ ਤਿਲਕ ਵਰਮਾ ਦੇ ਬੱਲੇ ਨੇ ਵੀ ਕੰਮ ਕੀਤਾ। ਉਸ ਨੇ 35 ਗੇਂਦਾਂ 'ਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਬਾਅਦ 'ਚ ਨੇਹਲ ਵਡੇਹਰਾ ਨੇ 22 ਗੇਂਦਾਂ 'ਤੇ 25 ਦੌੜਾਂ ਅਤੇ ਰਮਨਦੀਪ ਸਿੰਘ ਨੇ 11 ਗੇਂਦਾਂ 'ਤੇ 17 ਦੌੜਾਂ ਬਣਾ ਕੇ 8 ਵਿਕਟਾਂ ਦੇ ਨੁਕਸਾਨ 'ਤੇ ਸਕੋਰ 183 ਤੱਕ ਪਹੁੰਚਾਇਆ। ਪਾਕਿਸਤਾਨ ਲਈ ਸੂਫੀਆਨ ਮੁਕੀਮ ਨੇ 28 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਪਾਕਿਸਤਾਨ-ਏ ਪਾਰੀ : 176-7 (20 ਓਵਰ)
ਪਾਕਿਸਤਾਨ ਦੇ ਕਪਤਾਨ ਮੁਹੰਮਦ ਹੈਰਿਸ ਨੇ ਪਹਿਲੀ ਹੀ ਗੇਂਦ 'ਤੇ ਛੱਕਾ ਜੜ ਕੇ ਪਾਰੀ ਦੀ ਸ਼ੁਰੂਆਤ ਕੀਤੀ ਪਰ ਉਹ ਅੰਸ਼ੁਲ ਕੰਬੋਜ ਦੀ ਅਗਲੀ ਹੀ ਗੇਂਦ 'ਤੇ ਬੋਲਡ ਹੋ ਗਏ। ਉਮਰ ਯੂਸਫ ਵੀ ਸਿਰਫ 2 ਦੌੜਾਂ ਹੀ ਬਣਾ ਸਕੇ। ਯਾਸਿਰ ਖਾਨ ਨੇ 22 ਗੇਂਦਾਂ 'ਚ ਤਿੰਨ ਛੱਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ ਜਦਕਿ ਕਾਸਿਮ ਅਕਰਮ ਨੇ 21 ਗੇਂਦਾਂ 'ਚ 27 ਦੌੜਾਂ ਬਣਾਈਆਂ। ਮਿਡਲ ਆਰਡਰ ਵਿਚ ਅਰਾਫਾਤ ਮਿਨਹਾਸ ਨੇ 29 ਗੇਂਦਾਂ ਵਿਚ 5 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 41 ਦੌੜਾਂ ਬਣਾਈਆਂ। ਅਬਦੁਲ ਸਮਦ ਨੇ 15 ਗੇਂਦਾਂ 'ਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 25 ਦੌੜਾਂ ਬਣਾਈਆਂ। ਅੱਬਾਸ ਅਫਰੀਦੀ ਨੇ 9 ਗੇਂਦਾਂ 'ਚ 4 ਚੌਕੇ ਲਗਾ ਕੇ 18 ਦੌੜਾਂ ਬਣਾਈਆਂ ਪਰ ਉਨ੍ਹਾਂ ਦੀ ਟੀਮ 176 ਦੌੜਾਂ ਹੀ ਬਣਾ ਸਕੀ ਅਤੇ 7 ਦੌੜਾਂ ਨਾਲ ਮੈਚ ਹਾਰ ਗਈ।
ਦੋਵੇਂ ਟੀਮਾਂ ਦੀ ਪਲੇਇੰਗ-11
ਪਾਕਿਸਤਾਨ ਏ : ਹੈਦਰ ਅਲੀ, ਮੁਹੰਮਦ ਹੈਰਿਸ (ਵਿਕਟਕੀਪਰ/ਕਪਤਾਨ), ਯਾਸਿਰ ਖਾਨ, ਓਮੈਰ ਯੂਸਫ, ਕਾਸਿਮ ਅਕਰਮ, ਅਬਦੁਲ ਸਮਦ, ਅਰਾਫਾਤ ਮਿਨਹਾਸ, ਅੱਬਾਸ ਅਫਰੀਦੀ, ਮੁਹੰਮਦ ਇਮਰਾਨ, ਜ਼ਮਾਨ ਖਾਨ, ਸੂਫੀਆਨ ਮੁਕੀਮ।
ਇੰਡੀਆ ਏ : ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਰਮਨਦੀਪ ਸਿੰਘ, ਅੰਸ਼ੁਲ ਕੰਬੋਜ, ਤਿਲਕ ਵਰਮਾ (ਕਪਤਾਨ), ਆਯੂਸ਼ ਬਡੋਨੀ, ਨੇਹਲ ਵਡੇਰਾ, ਨਿਸ਼ਾਂਤ ਸਿੰਧੂ, ਰਾਹੁਲ ਚਾਹਰ, ਰਸੀਖ ਦਾਰ ਸਲਾਮ, ਵੈਭਵ ਅਰੋੜਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8