T20 CWC ; 'ਕਰੋ ਜਾਂ ਮਰੋ' ਮੁਕਾਬਲੇ 'ਚ ਭਾਰਤ ਦਾ ਸਾਹਮਣਾ ਅੱਜ Giant Killer ਜ਼ਿੰਬਾਬਵੇ ਨਾਲ

Thursday, Feb 26, 2026 - 01:45 PM (IST)

T20 CWC ; 'ਕਰੋ ਜਾਂ ਮਰੋ' ਮੁਕਾਬਲੇ 'ਚ ਭਾਰਤ ਦਾ ਸਾਹਮਣਾ ਅੱਜ Giant Killer ਜ਼ਿੰਬਾਬਵੇ ਨਾਲ

ਸਪੋਰਟਸ ਡੈਸਕ– ਚੋਟੀਕ੍ਰਮ ਦੀ ਅਸਫਲਤਾ ਅਤੇ ਪਿਛਲੀ ਹਾਰ ਤੋਂ ਬਾਅਦ ਭਾਰੀ ਦਬਾਅ ਨਾਲ ਜੂਝ ਰਹੀ ਸਾਬਕਾ ਚੈਂਪੀਅਨ ਭਾਰਤੀ ਟੀਮ ਨੂੰ ‘ਜਾਈਂਟ ਕਿੱਲਰ’ ਜ਼ਿੰਬਾਬਵੇ ਵਿਰੁੱਧ ਟੀ-20 ਵਿਸ਼ਵ ਕੱਪ ਸੁਪਰ-8 ਦੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ। ਦੱਖਣੀ ਅਫਰੀਕਾ ਤੋਂ ਐਤਵਾਰ ਨੂੰ 76 ਦੌੜਾਂ ਨਾਲ ਹਾਰ ਤੋਂ ਬਾਅਦ ਭਾਰਤ ਦੀ ਨੈੱਟ ਰਨ ਰੇਟ (-3.80) ਖਰਾਬ ਹੋ ਗਈ ਹੈ, ਜਿਸ ਨਾਲ ਸੈਮੀਫਾਈਨਲ ਦੀ ਉਮੀਦ ਬਣਾਈ ਰੱਖਣ ਲਈ ਇਹ ਮੁਕਾਬਲਾ ਹਰ ਹਾਲ ’ਚ ਵੱਡੇ ਫਰਕ ਨਾਲ ਜਿੱਤਣਾ ਪਵੇਗਾ। ਇਸ ਦੇ ਲਈ ਪਾਰੀ ਦੀ ਸ਼ੁਰੂਆਤ ਅਤੇ ਤੀਜੇ ਨੰਬਰ ਦੀ ਸਮੱਸਿਆ ਤੋਂ ਪਾਰ ਪਾਉਣਾ ਪਵੇਗਾ।

ਵਿਸ਼ਵ ਕੱਪ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਈਸ਼ਾਨ ਕਿਸ਼ਨ ਸ਼ਾਨਦਾਰ ਫਾਰਮ ’ਚ ਸਨ, ਜਿਨ੍ਹਾਂ ਨੇ ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਪੇਟ ਦੀ ਇਨਫੈਕਸ਼ਨ ਤੋਂ ਬਾਅਦ ਅਭਿਸ਼ੇਕ ਦੀ ਲੈਅ ਟੁੱਟ ਗਈ ਹੈ। ਸਪਾਟ ਪਿੱਚਾਂ ’ਤੇ ਆਫ ਸਪਿੰਨਰਾਂ ਸਾਹਮਣੇ ਉਹ ਆਪਣੀਆਂ ਪਸੰਦੀਦਾ ਸ਼ਾਟਾਂ ਨਹੀਂ ਖੇਡ ਪਾ ਰਿਹਾ, ਜਿਸ ਦਾ ਭਾਰਤ ਨੂੰ ਨੁਕਸਾਨ ਹੋ ਰਿਹਾ ਹੈ। ਇਸ ਟੂਰਨਾਮੈਂਟ ’ਚ 4 ਮੈਚਾਂ ’ਚ ਉਹ 15 ਦੌੜਾਂ ਹੀ ਬਣਾ ਸਕਿਆ ਹੈ, ਜਦਕਿ ਉਸ ਦੀ ਸਟ੍ਰਾਈਕ ਰੇਟ 75 ਅਤੇ ਔਸਤ 3.75 ਰਹੀ। ਸਵਾਲ ਇਹ ਹੈ ਕਿ ਹਮਲਾਵਰਤਾ ਵਾਲੀ ਬੱਲੇਬਾਜ਼ੀ ਦੀ ਸੁਭਾਵਿਕ ਸ਼ੈਲੀ ਨੂੰ ਤਿਆਗ ਕੇ ਕੀ ਉਹ ਕੁਝ ਦੌੜਾਂ ਬਣਾ ਸਕਣਗੇ।

ਅਭਿਸ਼ੇਕ ਦੀ ਸ਼ੈਲੀ ’ਚ ਹੀ ਖੇਡਣ ਵਾਲੇ ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨੇ ਆਪਣੀ ਖੇਡ ’ਚ ਬਦਲਾਅ ਕੀਤਾ ਅਤੇ ਪੱਲੇਕੇਲੇ ’ਚ ਪਾਕਿਸਤਾਨ ਵਿਰੁੱਧ ਸੈਂਕੜਾ ਲਾਇਆ। ਉਸ ਦੀ ਪਾਰੀ ਦੇਖ ਕੇ ਹੀ ਸ਼ਾਇਦ ਅਭਿਸ਼ੇਕ ਨੂੰ ਅਜਿਹਾ ਕੁਝ ਕਰਨ ਦੀ ਪ੍ਰੇਰਣਾ ਮਿਲੇ। ਬਰੂਕ ਕਦੇ ਵੀ ਸਪਿੰਨਰਾਂ ਸਾਹਮਣੇ ਸਹਿਜ ਨਹੀਂ ਰਿਹਾ ਪਰ ਉਸ ਨੇ ਪਾਕਿਸਤਾਨੀ ਸਪਿੰਨ ਹਮਲੇ ਦਾ ਬਖੀਆ ਉਧੇੜ ਦਿੱਤਾ। ਉਸ ਨੇ ਰੱਖਿਆਤਮਕ ਅਤੇ ਹਮਲਾਵਰਤਾ ਵਾਲੀ ਬੱਲੇਬਾਜ਼ੀ ਦਾ ਚੰਗਾ ਤਾਲਮੇਲ ਪੇਸ਼ ਕੀਤਾ।

ਤਿਲਕ ਵਰਮਾ ਨੂੰ ਵੀ ਆਪਣੇ ਪ੍ਰਦਰਸ਼ਨ ’ਚ ਸੁਧਾਰ ਕਰਨਾ ਪਵੇਗਾ। ਅਭਿਸ਼ੇਕ ਦੀ ਖਰਾਬ ਫਾਰਮ ਕਾਰਨ ਤਿਲਕ ਨੂੰ ਈਸ਼ਾਨ ਦਾ ਬਖੂਬੀ ਸਾਥ ਦੇਣਾ ਚਾਹੀਦਾ ਸੀ ਪਰ ਅਜਿਹਾ ਹੋਇਆ ਨਹੀਂ। ਈਸ਼ਾਨ 193 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਰਿਹਾ ਹੈ ਪਰ ਦੂਜੇ ਪਾਸੇ ਤੋਂ ਉਸ ਨੂੰ ਸਾਥ ਨਹੀਂ ਮਿਲ ਰਿਹਾ। ਸੂਰਯਕੁਮਾਰ ਯਾਦਵ ਨੇ 180 ਦੌੜਾਂ ਬਣਾਈਆਂ ਹਨ ਪਰ ਉਸ ਦੀ ਸਟ੍ਰਾਈਕ ਰੇਟ 127 ਰਹੀ ਹੈ, ਜਿਹੜੀ ਉਸ ਦੇ ਟੀ-20 ਕਰੀਅਰ ਦੀ 161 ਦੀ ਸਟ੍ਰਾਈਕ ਰੇਟ ਤੋਂ ਕਾਫੀ ਘੱਟ ਹੈ, ਜਿਸ ਨਾਲ ਈਸ਼ਾਨ ’ਤੇ ਕਾਫੀ ਦਬਾਅ ਬਣ ਗਿਆ ਹੈ। ਸ਼ਿਵਮ ਦੂਬੇ ਅਤੇ ਹਾਰਦਿਕ ਪੰਡਯਾ ਹੇਠਲੇ ਕ੍ਰਮ ’ਤੇ ਹਮਲਾਵਰ ਪਾਰੀਆਂ ਨਹੀਂ ਖੇਡਦੇ ਤਾਂ ਕੁਝ ਮੈਚਾਂ ’ਚ ਤਾਂ ਭਾਰਤ ਦਾ ਸਕੋਰ ਸਨਮਾਨਜਨਕ ਵੀ ਨਾ ਰਹਿੰਦਾ।

ਖੱਬੇ ਹੱਥ ਦੇ ਤਿੰਨ ਬੱਲੇਬਾਜ਼ਾਂ ਈਸ਼ਾਨ, ਅਭਿਸ਼ੇਕ ਅਤੇ ਤਿਲਕ ਦੇ ਸਾਹਮਣੇ ਵਿਰੋਧੀ ਟੀਮਾਂ ਨੇ ਪਾਵਰਪਲੇਅ ’ਚ ਆਫ ਸਪਿੰਨਰਾਂ ਦੀ ਵਰਤੋਂ ਕੀਤੀ ਹੈ। ਚੋਟੀ ਦੇ ਤਿੰਨ ’ਚ ਸੱਜੇ ਹੱਥ ਦੇ ਬੱਲੇਬਾਜ਼ ਸੰਜੂ ਸੈਮਸਨ ਨੂੰ ਸ਼ਾਮਲ ਕਰਨ ਦੀ ਸੰਭਾਵਨਾ ਹੈ, ਹਾਲਾਂਕਿ ਉਹ ਖੁਦ ਜ਼ਿਆਦਾ ਚੰਗੀ ਫਾਰਮ ’ਚ ਨਹੀਂ ਹੈ। ਅਜਿਹੇ ’ਚ ਟੀਮ ਮੈਨੇਜਮੈਂਟ ਸੂਰਯਕੁਮਾਰ ਨੂੰ ਤੀਜੇ ਅਤੇ ਤਿਲਕ ਨੂੰ ਚੌਥੇ ਨੰਬਰ ’ਤੇ ਉਤਾਰ ਸਕਦੀ ਹੈ। ਵੈਸੇ ਚੇਪਾਕ ਦੀ ਪਿੱਚ ਤੋਂ ਉਨ੍ਹਾਂ ਨੂੰ ਕਾਫੀ ਮਦਦ ਮਿਲ ਸਕਦੀ ਹੈ। ਜ਼ਿੰਬਾਬਵੇ ਕੋਲ ਓਨਾ ਖਤਰਨਾਕ ਸਪਿੰਨ ਹਮਲਾ ਵੀ ਨਹੀਂ ਹੈ, ਜਿਸ ਦਾ ਹੁਣ ਤੱਕ ਭਾਰਤ ਨੇ ਸਾਹਮਣਾ ਕੀਤਾ ਹੈ। ਤੇਜ਼ ਗੇਂਦਬਾਜ਼ ਬਲੇਸਿੰਗ ਮੁਜ਼ਾਰਬਾਨੀ, ਰਿਚਰਡ ਐਨਗਾਰਵਾ ਅਤੇ ਬ੍ਰਾਡ ਈਵਾਂਸ ਤੋਂ ਸਖਤ ਚੁਣੌਤੀ ਮਿਲ ਸਕਦੀ ਹੈ।

ਗੇਂਦਬਾਜ਼ੀ ’ਚ ਭਾਰਤ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਪਰ ਪਿਛਲੇ ਮੈਚ ’ਚ ਦੱਖਣੀ ਅਫਰੀਕਾ ਦੀਆਂ 3 ਵਿਕਟ 20 ਦੌੜਾਂ ’ਤੇ ਡਿੱਗ ਜਾਣ ਤੋਂ ਬਾਅਦ ਉਸ ਨੂੰ 7 ਵਿਕਟਾਂ ’ਤੇ 187 ਦੌੜਾਂ ਬਣਾਉਣ ਦਾ ਮੌਕਾ ਦੇ ਦਿੱਤਾ, ਜਿਸ ’ਤੇ ਵਿਚਾਰ ਕਰਨਾ ਪਵੇਗਾ।

ਟੀਮਾਂ- ਭਾਰਤ : ਸੂਰਯਕੁਮਾਰ ਯਾਦਵ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਿੰਕੂ ਸਿੰਘ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਸੰਜੂ ਸੈਮਸਨ (ਵਿਕਟਕੀਪਰ), ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ।

ਜ਼ਿੰਬਾਬਵੇ : ਸਿਕੰਦਰ ਰਜ਼ਾ (ਕਪਤਾਨ), ਬ੍ਰਾਇਨ ਬੈਨੇਟ, ਰਿਆਨ ਬਰਲ, ਗ੍ਰੀਮ ਕ੍ਰੇਮਰ, ਬੇਨ ਕੁਰੇਨ, ਬ੍ਰੈਡ ਈਵਾਂਸ, ਕਲਾਈਵ ਮਦਾਂਡੇ, ਟਿਨੋਟੈਂਡਾ ਮਾਪੋਸਾ, ਤਦਿਵਾਨਾਸ਼ੇ ਮਾਰੂਮਨੀ, ਵੈਲਿੰਗਟਨ ਮਸਾਕਾਦਜ਼ਾ, ਟੋਨੀ ਮੁਨਯੋਂਗਾ, ਤਾਸ਼ਿੰਗਾ ਮੁਸੇਕੀਵਾ, ਬਲੇਸਿੰਗ ਮੁਜ਼ਾਰਬਾਨੀ, ਡਾਇਓਨ ਮਾਇਰਸ, ਰਿਚਰਡ ਐਨਗਾਰਵਾ।


author

Harpreet SIngh

Content Editor

Related News